5 ਮੈਂਬਰੀ ਕਮੇਟੀ ਦੇ ਇਕਪਾਸੜ ਫੈਸਲੇ ਦੇ ਵਿਰੋਧ ਵਿਚ 6 ਅਗਸਤ ਨੂੰ ਵਿਸ਼ਾਲ ਇਕੱਠ ਦਾ ਸੱਦਾ-
ਕੈਲਗਰੀ (ਦਲਵੀਰ ਜੱਲੋਵਾਲੀਆ) -ਬੀਤੇ ਦਿਨ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਕਮੇਟੀ ਦੀ ਚੋਣ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਗੁਰਦੁਆਰਾ ਪ੍ਰਬੰਧ ਲਈ 5 ਮੈਂਬਰੀ ਕਮੇਟੀ ਵਲੋਂ ਨਵੀਂ ਕਮੇਟੀ ( ਸਲੇਟ) ਦਾ ਐਲਾਨ ਕੀਤੇ ਜਾਣ ਦਾ ਕੈਲਗਰੀ ਦੀਆਂ ਸੰਗਤਾਂ ਵਲੋਂ ਤਿੱਖਾ ਵਿਰੋਧ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਵਾਇਤ ਤਹਿਤ ਨਵੀ ਕਮੇਟੀ ਦੀ ਚੋਣ ਲਈ ਵੋਟਾਂ ਨੂੰ ਟਾਲੇ ਜਾਣ ਲਈ ਪੰਜ ਮੈਂਬਰੀ ਕਮੇਟੀ ਵਲੋਂ ਸਰਬਸੰਮਤੀ ਦੇ ਯਤਨ ਆਰੰਭੇ ਜਾਂਦੇ ਹਨ। ਇਸ ਪੰਜ ਮੈਂਬਰੀ ਕਮੇਟੀ ਕੋਲ ਸਰਬਸੰਮਤੀ ਵਾਲੀ ਨਵੀ ਸਲੇਟ ਜਾਂ ਕਮੇਟੀ ਬਣਾਉਣ ਲਈ 6 ਹਫਤੇ ਦਾ ਸਮਾਂ ਹੁੰਦਾ ਹੈ ਪਰ ਇਹ ਸਮਾਂ ਬੀਤ ਜਾਣ ਤੋਂ ਬਾਦ ਚੇਅਰਮੈਨ ਵਲੋਂ ਨਵੀ ਕਮੇਟੀ ਲਈ ਚੋਣ ਦਾ ਐਲਾਨ ਕਰ ਦਿੱਤਾ ਗਿਆ। ਇਹ ਚੋਣ 14 ਸਤੰਬਰ ਨੂੰ ਕਰਵਾਏ ਜਾਣ ਦਾ ਐਲਾਨ ਕਰਦਿਆਂ ਇਸਦੀ ਬਾਕਾਇਦਾ ਪ੍ਰਕਿਰਿਆ ਵੀ ਆਰੰਭ ਦਿੱਤੀ ਗਈ ਪਰ ਇਸੇ ਦੌਰਾਨ ਹੁਣ ਪੰਜ ਮੈਂਬਰੀ ਕਮੇਟੀ ਵਲੋਂ ਨਵੀ ਕਮੇਟੀ ਜਿਸ ਵਿਚ ਹਰਪਾਲ ਸਿੰਘ ਨੂੰ ਪ੍ਰਧਾਨ ਤੇ ਰਣਬੀਰ ਸਿੰਘ ਪਰਮਾਰ ਨੂੰ ਚੇਅਰਮੈਨ ਸਮੇਤ ਸਮੁੱਚੀ 16 ਮੈਂਬਰੀ ਟੀਮ ਐਲਾਨ ਦਿੱਤੀ ਗਈ ਹੈ। ਕੈਲਗਰੀ ਦੀਆਂ ਸੰਗਤਾਂ ਵਲੋਂ ਚੋਣਾਂ ਦੀ ਮਿਤੀ ਅਤੇ ਪ੍ਰਕਿਰਿਆ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਪੰਜ ਮੈਂਬਰੀ ਕਮੇਟੀ ਵਲੋਂ ਉਕਤ ਕਮੇਟੀ ਐਲਾਨੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਉਭਰਵੇਂ ਰੂਪ ਵਿਚ ਸ਼ਾਮਿਲ ਹਰਵਿੰਦਰ ਸਿੰਘ ਨਿਝਰ, ਜਤਿੰਦਰ ਸਿੰਘ ਸਹੇੜੀ, ਮੇਜਰ ਸਿੰਘ ਬਰਾੜ, ਜਸਕੀਰਤ ਬਰਾੜ, ਰਾਜਦੀਪ ਗਰੇਵਾਲ, ਚਰਨਪ੍ਰੀਤ ਸਿੰਘ ਗਿੱਲ, ਜੱਗਾ ਰਾਓਕੇ, ਜਗਰਾਜ ਸਿੰਘ ਮਾਹਲਾ, ਬੱਬੂ ਮਾਣੂਕੇ, ਗੁਰਲਾਲ ਮਾਣੂਕੇ, ਜਗਤਾਰ ਸਿੱਧੂ, ਬਲਜਿੰਦਰ ਸਿੰਘ ਸੰਧੂ ਤੇ ਮਨਵੀਰ ਬੋਪਾਰਾਏ ਸਮੇਤ 100 ਦੇ ਕਰੀਬ ਲੋਕ ਹਾਜ਼ਰ ਸਨ। ਇਸ ਮੌਕੇ ਉਹਨਾਂ 6 ਅਗਸਤ ਨੂੰ ਸ਼ਾਮੀ 6 ਵਜੇ 4070-108 ਐਵਨਿਊ ਦੇ ਯੂਨਿਟ 130 ਵਿਚ ਇਕ ਵਿਸ਼ਾਲ ਇਕੱਠ ਬੁਲਾਉਣ ਦਾ ਐਲਾਨ ਕੀਤਾ ਹੈ। ਉਹਨਾਂ ਕੈਲਗਰੀ ਦੀਆਂ ਸੰਗਤਾਂ ਨੂੰ ਹੁੰਮਹੁਮਾਕੇ ਇਸ ਇਕੱਠ ਵਿਚ ਪੁੱਜਣ ਦੀ ਅਪੀਲ ਕੀਤੀ ਹੈ।

