Apr 23, 2026

ਸਰੀ ( ਦੇ ਪ੍ਰ ਬਿ)-ਕੈਨੇਡਾ ਵਿਚ ਭਾਰਤੀ ਮੂਲ ਦੇ ਬੱਚੇ ਜਿਥੇ ਵੱਖ-ਵੱਖ ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਮੱਲਾਂ ਮਾਰ ਰਹੇ ਹਨ, ਉਥੇ ਕੈਨੇਡਾ ਦੀ ਕੌਮੀ ਖੇਡ ਆਈਸ ਹਾਕੀ ਵਿਚ ਆਪਣਾ ਮੁਕਾਮ ਸਥਾਪਿਤ ਕਰਦਿਆਂ ਹੋਰਾਂ ਲਈ ਪ੍ਰੇਰਕ ਬਣ ਰਹੇ ਹਨ। ਪਿਛਲੇ ਦਿਨੀਂ ਸਰੀ-ਡੈਲਟਾ ਦੇ ਜੰਮਪਲ ਨੌਜਵਾਨ ਰਾਹੁਲ ਸ਼ਰਮਾ ਨੇ ਆਸਟ੍ਰੇਲੀਆ ਵਿੱਚ ਆਈਸ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਦੌਰਾਨ ਕੈਨੇਡਾ ਟੀਮ ਦੇ ਗੋਲੀ ਵਜੋਂ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕੀਤਾ ਹੈ। ਉਸਨੇ ਕੌਮਾਂਤਰੀ ਪੱਧਰ ਤੇ ਕੈਨੇਡੀਅਨ ਟੀਮ ਦੀ ਨੁਮਾਇੰਦਗੀ ਕਰਦਿਆਂ ਪਹਿਲਾ ਇੰਡੋ ਕੈਨੇਡੀਅਨ ਗੋਲਕੀਪਰ ਹੋਣ ਦਾ ਇਤਿਹਾਸ ਰਚਿਆ  ਹੈ।

ਸਰੀ ਦੇ ਉਘੇ ਮੌਰਟਗੇਜ਼ ਸਲਾਹਕਾਰ ਤੇ ਕਮਿਊਨਿਟੀ ਆਗੂ ਵਿਨੇ ਸ਼ਰਮਾ ਦੇ ਬੇਟਾ ਰਾਹੁਲ ਸ਼ਰਮਾ ਨੇ ਜੂਨੀਅਰ ਹਾਕੀ ਵਿਚ  ਸਰੀ ਨਾਈਟਸ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਆਈਸ ਹਾਕੀ ਵਿਚ ਪ੍ਰਬੀਨਤਾ ਹਾਸਲ ਕਰਦਿਆਂ ਪ੍ਰੀਮੀਅਰ ਲੀਗ ਵਿਚ ਦੋ ਵਾਰ ਪਲੇਅਰ ਆਫ ਮੰਥ ਤੇ ਤਿੰਨ ਵਾਰ ਪਲੇਅਰ ਆਫ ਦਾ ਵੀਕ ਬਣਨ ਦਾ ਮਾਣ ਹਾਸਲ ਕੀਤਾ ਹੈ। ਆਈਸ ਹਾਕੀ ਵਿਚ ਰਾਹੁਲ ਸ਼ਰਮਾ ਤੋਂ ਭਵਿਖ ਵਿਚ ਭਾਰੀ ਉਮੀਦਾਂ ਹਨ।