Mar 7, 2026

ਵਾਸ਼ਿੰਗਟਨ-ਭਾਰਤ ਵੱਲੋਂ ਰੂਸ ਤੋਂ ਲਗਾਤਾਰ ਕੱਚਾ ਤੇਲ ਖ਼ਰੀਦੇ ਜਾਣ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੁਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਰਿਫ 25 ਫ਼ੀਸਦ ਤੋਂ ਵਧਾ ਕੇ 50 ਫ਼ੀਸਦ ਕਰ ਦਿੱਤਾ ਹੈ। ਅਮਰੀਕਾ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਨਾਲ ਕੱਪੜਾ, ਸਮੁੰਦਰੀ ਉਤਪਾਦ ਅਤੇ ਚਮੜੇ ਨਾਲ ਬਣੀਆਂ ਵਸਤਾਂ ਦੀ ਬਰਾਮਦ ਜਿਹੇ ਖੇਤਰਾਂ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ ’ਤੇ ਬੁੱਧਵਾਰ ਨੂੰ ਦਸਤਖ਼ਤ ਕੀਤੇ ਜਿਸ ’ਚ ਕਿਹਾ ਗਿਆ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖ਼ਤਰਿਆਂ ਦੇ ਹੱਲ ਲਈ ਭਾਰਤ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਜਾਂਦਾ ਹੈ। ਇਸ ਹੁਕਮ ਮਗਰੋਂ ਕੁਝ ਵਸਤਾਂ ਨੂੰ ਛੱਡ ਕੇ ਭਾਰਤੀ ਵਸਤਾਂ ’ਤੇ ਟੈਰਿਫ ਵਧ ਕੇ 50 ਫ਼ੀਸਦ ਹੋ ਜਾਵੇਗਾ। ਪਹਿਲਾਂ ਲਾਇਆ ਗਿਆ 25 ਫ਼ੀਸਦ ਟੈਰਿਫ  7 ਅਗਸਤ ਤੋਂ ਲਾਗੂ ਹੋ ਜਾਵੇਗਾ ਜਦਕਿ 25 ਫ਼ੀਸਦ ਵਾਧੂ ਟੈਰਿਫ 21 ਦਿਨਾਂ ਜਾਂ 27 ਅਗਸਤ ਤੋਂ ਅਮਲ ’ਚ ਆਵੇਗਾ। ਹੁਕਮ ’ਚ ਟਰੰਪ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੂਸੀ ਫੈਡਰੇਸ਼ਨ ਤੋਂ ਤੇਲ ਦਰਾਮਦ ਕਰ ਰਹੀ ਹੈ। ਇਸ ਲਈ ਅਮਰੀਕੀ ਖੇਤਰ ’ਚ ਆਉਣ ਵਾਲੀਆਂ ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ ਲੱਗੇਗਾ।’’ ਭਾਰਤ ਆਪਣੀ ਜ਼ਰੂਰਤ ਦਾ ਕਰੀਬ 88 ਫ਼ੀਸਦ ਕੱਚਾ ਤੇਲ ਵਿਦੇਸ਼ ਤੋਂ ਖ਼ਰੀਦਦਾ ਹੈ। ਭਾਰਤ 2021 ਤੱਕ ਦਰਾਮਦ ਕੁੱਲ ਕੱਚੇ ਤੇਲ ਦਾ ਮੁਸ਼ਕਲ ਨਾਲ 0.2 ਫ਼ੀਸਦ ਹੀ ਰੂਸ ਤੋਂ ਖ਼ਰੀਦਦਾ ਸੀ ਪਰ ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। ਭਾਰਤ ਨੇ ਜੁਲਾਈ ’ਚ ਰੋਜ਼ਾਨਾ ਕਰੀਬ 50 ਲੱਖ ਬੈਰਲ ਤੇਲ ਦੀ ਦਰਾਮਦ ਕੀਤੀ ਸੀ ਜਿਸ ’ਚੋਂ 16 ਲੱਖ ਬੈਰਲ ਤੇਲ ਰੂਸ ਤੋਂ ਆਇਆ ਸੀ। ਨਵੇਂ ਟੈਰਿਫ ਮਗਰੋਂ ਅਮਰੀਕਾ ’ਚ ਭਾਰਤ ਅਤੇ ਬ੍ਰਾਜ਼ੀਲ ਦੀਆਂ ਵਸਤਾਂ ’ਤੇ ਸਭ ਤੋਂ ਵੱਧ 50 ਫ਼ੀਸਦ ਟੈਰਿਫ ਲੱਗੇਗਾ।