ਗੁਰਦੁਆਰਾ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ-
ਸਰੀ – ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਚ ਸਥਿਤ ਸੀਨੀਅਰ ਸੈਂਟਰ ਤੇ ਖਾਲਿਸਤਾਨੀ ਬੈਨਰ ਲਗਾਉਣ ਉਪਰੰਤ ਮੌਡਰੇਟ ਸਿੱਖਾਂ ਨਾਲ ਸਬੰਧਿਤ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਦੀ ਚਾਰਦੀਵਾਰੀ ਉਪਰ ਖਾਲਿਸਤਾਨੀ ਝੰਡੇ ਲਗਾਉਣ ਤੇ ਗੁਰਦੁਆਰਾ ਕਮੇਟੀ ਨੇ ਤਿੱਖਾ ਰੋਸ ਪ੍ਰਗਟ ਕੀਤਾ ਹੈ। ਪ੍ਰਬੰਧਕੀ ਕਮੇਟੀ ਤੋਂ ਪ੍ਰਾਪਤ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਥਾਨਕ ਪ੍ਰਸਾਸ਼ਨ ਦੇ ਉਦਾਸੀਨ ਰਵੱਈਏ ਦਾ ਲਾਭ ਉਠਾਉਂਦਿਆਂ ਖਾਲਿਸਤਾਨੀ ਸਮਰਥਕ ਹੁਣ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਬਦਅਮਨੀ ਦਾ ਮਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਹਨ। ਤਾਜ਼ਾ ਘਟਨਾ ਵਿਚ ਸਰੀ ਦੇ ਮਸ਼ਹੂਰ ਕਾਰੋਬਾਰੀ ਕੰਪਲੈਕਸ ‘ਯੌਰਕ ਬਿਜ਼ਨਸ ਸੈਂਟਰ’ ਦੀ ਹੈ ਜਿਥੇ ਕੰਪਲੈਕਸ ਚ ਸਥਿੱਤ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੀ ਚਾਰਦੀਵਾਰੀ ਤੇ ਖਾਲਿਸਤਾਨ ਦੇ ਝੰਡੇ ਲਗਾਕੇ ਸੰਗਤਾਂ ਅਤੇ ਗੁਰਦੁਅਰਾ ਪ੍ਰਬੰਧਕਾਂ ਵਿਚ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਇਸ ਸਬੰਧ ਵਿਚ ਸਥਾਨਕ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਸ਼ਿਕਾਇਤ ਦੇ ਦਿੱਤੀ ਹੈ। ਸ਼ਹਿਰ ਦੀਆਂ ਅਮਨਪਸੰਦ ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਕਾਇਮੀ ਅਤੇ ਵਿਸ਼ਵਾਸ਼ ਬਹਾਲੀ ਲਈ ਫਿਰਕੂ ਨਫਰਤ ਫੈਲਾਉਣ ਵਾਲੇ ਅਨਸਰਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
