Screenshot
ਕੈਨੇਡੀਅਨ ਸੰਸਥਾਵਾਂ, ਮੇਨਸਟਰੀਮ ਮੀਡੀਆ ਤੇ ਸਰਕਾਰ ਦੀ ਚੁੱਪੀ ਤੇ ਸਵਾਲ-
ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਹਦੂਦ ਅੰਦਰ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੀ ਇਮਾਰਤ ਉਪਰ ਖਾਲਿਸਤਾਨੀ ਬੈਨਰ ਲਗਾਉਣ ਅਤੇ ਇਸਦੇ ਬਜੁਰਗ ਮੈਂਬਰਾਂ ਨੂੰ ਇਮਾਰਤ ਖਾਲੀ ਕਰਨ ਦੀਆਂ ਧਮਕੀਆਂ ਦੇਣ ਉਪਰੰਤ ਸਰਕਾਰ , ਪੁਲਿਸ ਅਤੇ ਬਾਈਲਾਅਜ਼ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਨਿੰਦਾ ਕਰਦਿਆਂ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਇਕ ਲਿਖਤੀ ਬਿਆਨ ਰਾਹੀਂ ਇਸ ਮਾਮਲੇ ਤੇ ਕੈਨੇਡੀਅਨ ਸੰਸਥਾਵਾਂ ਤੇ ਮੇਨਸਟਰੀਮ ਮੀਡੀਆ ਦੀ ਚੁੱਪੀ ਨੂੰ ਸਮਾਜ ਲਈ ਖਤਰਨਾਕ ਦੱਸਦਿਆਂ ਇਸਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਕੈਨੇਡਾ 1971 ਤੋਂ ਸਰਕਾਰੀ ਤੌਰ ’ਤੇ ਇੱਕ ਬਹੁ-ਸੱਭਿਆਚਾਰਕ ਦੇਸ਼ ਹੈ। ਵੱਖ-ਵੱਖ ਨਸਲੀ ਪਿਛੋਕੜ ਵਾਲੇ ਲੋਕਾਂ ਨੇ ਕੈਨੇਡੀਅਨ ਸਮਾਜ ਦੀ ਤਰੱਕੀ ਲਈ ਯੋਗਦਾਨ ਪਾਇਆ ਹੈ। ਇਸ ਗੱਲ ਦਾ ਕਰੈਡਿਟ ਕੈਨੇਡਾ ਨੂੰ ਜਾਂਦਾ ਹੈ ਕਿ ਇਸਨੇ ਮਨੁੱਖੀ ਹੱਕਾਂ ਦੇ ਚਾਰਟਰ ਰਾਹੀਂ ਹਰੇਕ ਨਾਗਰਿਕ ਨੂੰ ਬਰਾਬਰੀ ਅਤੇ ਸੁਰੱਖਿਆ ਪ੍ਰਦਾਨ ਕੀਤੀ ਹੈ ਤਾਂ ਜੋ ਹਰ ਕੋਈ ਇਸ ਸਮਾਜ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕੇ।
ਬਦਕਿਸਮਤੀ ਨਾਲ ਕੈਨੇਡੀਅਨ ਸੰਸਥਾਵਾਂ, ਜਿਸ ਵਿੱਚ ਮੇਨਸਟ੍ਰੀਮ ਮੀਡੀਆ ਵੀ ਸ਼ਾਮਲ ਹੈ, ਸਮਾਜ ਦੇ ਹਰ ਵਰਗ ਨੂੰ ਆਪਣੀ ਕਹਾਣੀ ਰੱਖਣ ਦਾ ਬਰਾਬਰ ਮੌਕਾ ਦੇਣ ਵਿੱਚ ਨਾਕਾਮ ਰਹੀਆਂ ਹਨ। ਉਹਨਾਂ ਇਸ ਮਾਮਲੇ ਵਿਚ ਕੈਨੇਡੀਅਨ ਮੇਨਸਟ੍ਰੀਮ ਮੀਡੀਆ ਵੱਲੋਂ ਕੁਝ ਵੱਖਵਾਦੀ ਤਾਕਤਾਂ ਦੁਆਰਾ ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ ’ਤੇ ਹਮਲੇ ’ਤੇ ਚੁੱਪੀ ਨੂੰ ਨਿੰਦਣਯੋਗ ਕਿਹਾ ਹੈ। ਇੰਡੋ-ਕੈਨੇਡੀਅਨ ਸੀਨੀਅਰਜ਼ ਸੋਸਾਇਟੀ 500 ਸੀਨੀਅਰਜ਼ ਬਜੁਰਗਾਂ ਦਾ ਗਰੁੱਪ ਹੈ ਜਿਸ ਨੇ ਸੂਬਾਈ ਸਰਕਾਰ ਦੀ ਮਦਦ ਨਾਲ ਇੱਕ ਸੀਨੀਅਰ ਸੈਂਟਰ ਬਣਾਇਆ ਹੈ। ਸਰਕਾਰ ਨੇ ਇਸ ਇਮਾਰਤ ਲਈ ਲਗਭਗ 20 ਲੱਖ ਡਾਲਰ ਦਾ ਯੋਗਦਾਨ ਦਿੱਤਾ ਹੈ। ਇਹ ਸੈਂਟਰ ਸਰੀ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਦੀ ਜ਼ਮੀਨ ’ਤੇ ਸਥਿਤ ਹੈ ਪਰ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਸੀਨੀਅਰ ਬਜੁਰਗਾਂ ਨੂੰ ਕਥਿਤ ਤੌਰ ਤੇ ਧਮਕਾ ਰਹੀ ਹੈ ਅਤੇ ਪਰੇਸ਼ਾਨ ਕਰ ਰਹੀ ਹੈ ਕਿ ਉਹ ਇਸ ਇਮਾਰਤ ਨੂੰ ਖਾਲੀ ਕਰ ਦੇਣ, ਕਿਉਂਕਿ ਉਹ ਇਸ ਇਮਾਰਤ ਨੂੰ ਆਪਣੇ ਕਿਸੇ ਏਜੰਡੇ ਤਹਿਤ ਵਰਤਣਾ ਚਾਹੁੰਦੇ ਹਨ।
ਇਹ ਘਟਨਾ ਖ਼ਾਸ ਤੌਰ ’ਤੇ ਉਹਨਾਂ ਸੀਨੀਅਰਜ਼ ਲਈ ਦਰਦਨਾਕ ਹੈ ਜਿਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਇੱਥੇ ਇੱਕ ਸ਼ਾਨਦਾਰ ਭਾਈਚਾਰਾ ਸਥਾਪਿਤ ਕੀਤਾ ਹੈ।
ਸਰੀ ਪੁਲਿਸ ਅਤੇ ਬਾਇਲਾਅਜ਼ ਨੇ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਮਿਊਂਸਪਲ ਸੰਸਥਾ ਨੂੰ ਵੋਟਾਂ ਵਿਚ ਉਨ੍ਹਾਂ ਦਾ ਸਹਿਯੋਗ ਚਾਹੀਦਾ ਹੈ। ਇਸ ਤਰਾਂ ਦੇ ਵਿਵਹਾਰ ਨਾਲ ਇਹਨਾਂ ਸੀਨੀਅਰਜ਼ ਨੂੰ ਇਕ ਮਜਬੂਰੀ ਦੇ ਆਸਰੇ ਛੱਡ ਦਿੱਤਾ ਗਿਆ ਹੈ ਤੇ ਤੇ ਕੋਈ ਵੀ ਉਨ੍ਹਾਂ ਦਾ ਦਰਦ ਸੁਣਨ ਵਾਲਾ ਜਾਂ ਕਾਨੂੰਨ ਲਾਗੂ ਕਰਨ ਵਾਲਾ ਨਹੀਂ। ਉਹਨਾਂ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਆਪਣੇ ਬਜੁਰਗਾਂ ਦੇ ਹੱਕ ਅਤੇ ਉਹਨਾਂ ਦੇ ਮਾਣ ਸਨਮਾਨ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।

