ਸੀਨੀਅਰ ਸੁਸਾਇਟੀ ਵਲੋਂ ਕੀਤੀ ਸ਼ਿਕਾਇਤ ਤੇ ਪੁਲਿਸ ਅਤੇ ਬਾਈਲਾਜ਼ ਅਧਿਕਾਰੀਆਂ ਨੇ ਚੁੱਪ ਵੱਟੀ-
ਸਰੀ ( ਦੇ ਪ੍ਰ ਬਿ)-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੀ ਹਦੂਦ ਅੰਦਰ ਸਥਿਤ ਇੰਡੋ-ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਸੈਂਟਰ ਉਪਰ ਰੀਪਬਲਿਕ ਆਫ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਬੋਰਡ ਲਗਾਏ ਜਾਣ ਦੇ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਸੁਸਾਇਟੀ ਵਲੋਂ ਗੁਰੁਦਆਰਾ ਕਮੇਟੀ ਨੂੰ ਦਿੱਤੀ ਅਰਜ਼ੀ, ਪੁਲਿਸ ਅਤੇ ਬਾਈਲਾਅਜ਼ ਕੋਲ ਕੀਤੀ ਗਈ ਸ਼ਿਕਾਇਤ ਦਾ ਕੋਈ ਨਤੀਜਾ ਸਾਹਮਣੇ ਨਹੀ ਆਇਆ। ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸ ਅਵਤਾਰ ਸਿੰਘ ਢਿੱਲੋਂ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਸਨ, ਜਿਹਨਾਂ ਨੇ ਸੈਂਟਰ ਦੀ ਇਮਾਰਤ ਤੋਂ ਬੋਰਡ ਉਤਾਰੇ ਜਾਣ ਤੇ ਸੁਸਾਇਟੀ ਦੇ ਬੋਰਡ ਲਗਾਏ ਜਾਣ ਦੀ ਗੱਲ ਮੰਨੀ ਸੀ ਪਰ ਦੋ ਹਫਤੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀ ਹੋਈ। ਉਹਨਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਤੇ ਸਿਟੀ ਬਾਈਲਾਅਜ਼ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ। ਉਹਨਾਂ ਨੇ ਬਾਈਲਾਅਜ ਅਧਿਕਾਰੀਆਂ ਨੂੰ ਵੀ ਇੰਡੋ ਕੈੇਨੇਡੀਅਨ ਸੀਨੀਅਰ ਸੁਸਾਇਟੀ ਦੇ ਨਾਮ ਰਜਿਸਟਰਡ ਸੈਂਟਰ ਦੇ ਬੋਰਡ ਉਤਾਰੇ ਜਾਣ ਦੀ ਸ਼ਿਕਾਇਤ ਕੀਤੀ ਹੈ ਪਰ ਬਾਈਲਾਅਜ਼ ਅਧਿਕਾਰੀਆਂ ਨੇ ਵੀ ਕੋਈ ਕਾਰਵਾਈ ਨਹੀ ਕੀਤੀ।
ਉਹਨਾਂ ਦਾ ਕਹਿਣਾ ਹੈ ਕਿ ਉਹ ਗੁਰਦੁਆਰਾ ਕਮੇਟੀ ਨਾਲ ਕੋਈ ਵਿਵਾਦ ਨਹੀ ਚਾਹੁੰਦੇ। ਇਸ ਲਈ ਹੁਣ ਉਹਨਾਂ ਨੇ ਆਪਣੇ ਤੌਰ ਤੇ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਬੋਰਡ ਲਗਾਏ ਜਾਣ ਦਾ ਫੈਸਲਾ ਕੀਤਾ ਹੈ। ਕਿਸੇ ਨੂੰ ਇੰਡੋ ਸ਼ਬਦ ਤੇ ਇਤਰਾਜ ਹੋ ਸਕਦਾ ਹੈ ਪਰ ਉਹ ਆਪਣੀ ਰਜਿਸਟਰਡ ਸੰਸਥਾ ਇੰਡੋ ਕੈਨੇਡੀਅਨ ਸੁਸਾਇਟੀ ਦੇ ਬੋਰਡ ਇਮਾਰਤ ਉਪਰ ਲਗਾਉਣਗੇ।
ਜ਼ਿਕਰਯੋਗ ਹੈ ਕਿ ਬੀਤੀ 2 ਅਗਸਤ ਨੂੰ ਗੁਰਦੁਆਰਾ ਸਾਹਿਬ ਵਲੋਂ ਸਾਲਾਨਾ ਨਗਰ ਕੀਰਤਨ ਦੇ ਆਯੋਜਨ ਤੋਂ ਪਹਿਲਾਂ ਰਾਤ ਨੂੰ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਬੋਰਡ ਉਤਾਰਕੇ ਖਾਲਿਸਤਾਨ ਪੱਖੀ ਬੋਰਡ ਲਗਾਏ ਦਿੱਤੇ ਗਏ ਸਨ, ਜਿਸਨੂੰ ਭਾਰਤੀ ਮੀਡੀਆ ਵਲੋਂ ਖਾਲਿਸਤਾਨੀ ਅੰਬੈਸੀ ਖੁੱਲਣ ਵਜੋਂ ਪ੍ਰਚਾਰਿਆ ਗਿਆ ਸੀ। ਜਦੋਂਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ 1993 ਤੋਂ ਚੱਲ ਰਹੀ ਇੰਡੋ ਕੈੇਨੇਡੀਅਨ ਸੀਨੀਅਰ ਸੁਸਾਇਟੀ ਵਲੋਂ ਮੌਜੂਦਾ ਇਮਾਰਤ ਸਰਕਾਰੀ ਫੰਡਿੰਗ ਅਤੇ ਸਥਾਨਕ ਕਾਰੋਬਾਰੀਆਂ ਦੀ ਸਹਾਇਤਾ ਸਾਲ 1995-96 ਦੇ ਕਰੀਬ ਬਣਾਈ ਗਈ ਸੀ। ਸੁਸਾਇਟੀ ਦੇ ਲਗਪਗ 500 ਤੋਂ ਉਪਰ ਮੈਂਬਰ ਹਨ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਐਕਸ ਸਰਵਿਸਮੈਨ ਅਤੇ ਭਾਰਤ ਸਰਕਾਰ ਦੇ ਪੈਨਸ਼ਨਰ ਵੀ ਸ਼ਾਮਿਲ ਹਨ। ਸੁਸਾਇਟੀ ਵਲੋਂ ਸੀਨੀਅਰ ਸੈਂਟਰ ਦੀ ਇਮਾਰਤ ਉਪਰ ਖਾਲਿਸਤਾਨੀ ਬੋਰਡ ਉਤਾਰੇ ਜਾਣ ਲਈ ਲਗਪਗ 200 ਮੈਂਬਰਾਂ ਨੇ ਦਸਤਖਤ ਹੇਠ ਮੰਗ ਪੱਤਰ ਦਿੱਤਾ ਹੈ। ਇਸੇ ਦੌਰਾਨ ਰੇਡੀਓ ਇੰਡੀਆ ਦੇ ਐਮ ਡੀ ਮਨਿੰਦਰ ਸਿੰਘ ਗਿੱਲ ਨੇ ਗੁਰਦੁਆਰਾ ਕਮੇਟੀ ਵਲੋਂ ਸੀਨੀਅਰ ਸੈਂਟਰ ਉਪਰ ਜਬਰੀ ਖਾਲਿਸਤਾਨੀ ਬੋਰਡ ਲਗਾਏ ਜਾਣ ਦੀ ਨਿੰਦਾ ਕਰਦਿਆਂ ਇਸਨੂੰ ਇਮਾਰਤ ਉਪਰ ਨਾਜਾਇਜ਼ ਕਬਜ਼ਾ ਕੀਤੇ ਜਾਣ ਦੀ ਕੋਸ਼ਿਸ਼ ਕਿਹਾ ਹੈ। ਉਹਨਾਂ ਬੀਸੀ ਪ੍ਰੀਮੀਅਰ ਤੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਵਿਚ ਗੁਰੁਦਆਰਾ ਕਮੇਟੀ ਵਲੋਂ ਚੈਰਿਟੀ ਕਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਲਗਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਗੁਰਦੁਆਰਾ ਕਮੇਟੀ ਦੇ ਸੈਕਟਰੀ ਵਲੋਂ ਸੀਨੀਅਰ ਸੈਂਟਰ ਦੀ ਇਮਾਰਤ ਨੂੰ ਗੁਰਦੁਆਰਾ ਕਮੇਟੀ ਦੀ ਮਲਕੀਅਤ ਦਸਦਿਆਂ ਕਿਸੇ ਵੀ ਹਾਲਤ ਵਿਚ ਖਾਲਿਸਤਾਨੀ ਬੋਰਡ ਉਤਾਰੇ ਜਾਣ ਤੋਂ ਇਨਕਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਰ ਸੀਨੀਅਰ ਸੈਂਟਰ ਦੇ ਕਿਸੇ ਬਜੁਰਗ ਮੈਂਬਰ ਨੂੰ ਖਾਲਿਸਤਾਨੀ ਬੋਰਡ ਤੇ ਕੋਈ ਇਤਰਾਜ਼ ਜਾਂ ਡਰ ਹੈ ਤਾਂ ਉਹ ਸੀਨੀਅਰ ਸੈਂਟਰ ਵਿਚ ਨਾ ਆਉਣ ਨੂੰ ਤਰਜੀਹ ਦੇ ਸਕਦੇ ਹਨ। ਸੂਤਰਾਂ ਮੁਤਾਬਿਕ ਇਸ ਮਸਲੇ ਦੇ ਹੱਲ ਲਈ ਸੀਨੀਅਰ ਸੁਸਾਇਟੀ ਵਲੋਂ ਅਗਲੇ ਦਿਨਾਂ ਵਿਚ ਵੱਡਾ ਇਕੱਠ ਬੁਲਾਉਣ ਦੀ ਤਜਵੀਜ਼ ਹੈ।


