Mar 7, 2026

ਓਟਵਾ- ਬੀਤੀ ਰਾਤ ਏਅਰ ਕੈਨੇਡਾ ਦੇ ਕਰਮਚਾਰੀਆਂ ਵਲੋਂ ਹੜਤਾਲ ਤੇ ਜਾਣ ਦੇ ਐਲਾਨ ਉਪਰੰਤ ਕਿਰਤ ਮੰਤਰੀ ਆਦੇਸ਼ ਜਾਰੀ ਕਰਦਿਆਂ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਜਾਰੀ ਰੱਖਣ ਅਤੇ ਕਾਮਿਆਂ ਨੂੰ ਕੰਮ ਤੇ ਪਰਤਣ ਲਈ ਕਿਹਾ ਹੈ।  ਮੰਤਰੀ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਕਿਰਤ ਮੰਤਰੀ ਹੋਣ ਦੇ ਨਾਤੇ, ਮੈਂ ਕੈਨੇਡੀਅਨ ਲੇਬਰ ਕੋਡ ਦੀ ਧਾਰਾ 107 ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਕਿ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਧਿਰਾਂ ਨੂੰ ਆਪਣੇ ਕੰਮਕਾਜ ਅਤੇ ਡਿਊਟੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਜਾਰੀ ਰੱਖਣ ਦਾ ਆਦੇਸ਼ ਦੇਵੇ। ਇਸ ਹੁਕਮ ਦੇ ਤਹਿਤ, ਏਅਰ ਕੈਨੇਡਾ ਅਤੇ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ (CUPE) ਵਿਚਕਾਰ ਮੌਜੂਦਾ ਸਮੂਹਿਕ ਸਮਝੌਤਾ ਉਦੋਂ ਤੱਕ ਵਧਾਇਆ ਜਾਵੇਗਾ ਜਦੋਂ ਤੱਕ ਆਰਬਿਟਰੇਟਰ ਦੁਆਰਾ ਇੱਕ ਨਵਾਂ ਸਮਝੌਤਾ ਹੋਂਦ ਵਿਚ ਨਹੀ ਆ ਜਾਂਦਾ।

ਮੰਤਰੀ ਹਾਜਦੂ ਨੇ ਕਿਹਾ ਕਿ ਹੜਤਾਲ ਕਾਰਣ ਫਾਰਮਾਸਿਊਟੀਕਲ ਸਮੇਤ ਮਹੱਤਵਪੂਰਨ ਹਵਾਈ ਮਾਲ ਵਿੱਚ ਰੁਕਾਵਟਾਂ ਦੇ ਨਾਲ ਹਜ਼ਾਰਾਂ ਕੈਨੇਡੀਅਨ ਵਿਦੇਸ਼ਾਂ ਵਿੱਚ ਫਸ ਗਏ ਹਨ। ਇਸ ਲਈ ਇਹ ਸਭ ਸਹਿਣ ਨਹੀ ਕੀਤਾ ਜਾ ਸਕਦਾ। ਉਧਰ ਏਅਰਲਾਈਨ ਦਾ ਕਹਿਣਾ ਹੈ ਕਿ ਏਅਰਲਾਈਨ ਨੂੰ ਮੁੜ ਚਾਲੂ ਕਰਨ ਬਾਰੇ ਟਿੱਪਣੀ ਕਰਨਾ ਸਮੇਂ ਤੋਂ ਪਹਿਲਾਂ ਹੋਵੇਗਾ ਅਤੇ ਇਸ ਲਈ ਅਸੀਂ ਅਜੇ ਵੀ ਮੁਸਾਫਿਰਾਂ ਨੂੰ ਹਵਾਈ ਅੱਡੇ ‘ਤੇ ਨਾ ਜਾਣ ਲਈ ਕਹਿੰਦੇ ਹਾਂ ਜਦੋਂ ਤੱਕ ਉਨ੍ਹਾਂ ਕੋਲ ਪੁਸ਼ਟੀ ਕੀਤੀ ਬੁਕਿੰਗ ਨਹੀਂ ਹੁੰਦੀ ਅਤੇ ਉਨ੍ਹਾਂ ਦੀ ਉਡਾਣ ਨੂੰ ਚਾਲੂ ਦਿਖਾਇਆ ਨਹੀਂ ਜਾਂਦਾ।
ਹੜਤਾਲ ਅਧਿਕਾਰਤ ਤੌਰ ‘ਤੇ 12:58 ਵਜੇ ਈਸਟਰਨ ਟਾਈਣ ‘ਤੇ ਸ਼ੁਰੂ ਹੋਈ, ਜਦੋਂ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਏਅਰਲਾਈਨ ਨਾਲ ਕਿਸੇ ਸਮਝੌਤੇ ‘ਤੇ ਪਹੁੰਚਣ ਵਿੱਚ ਅਸਫਲ ਰਹੇ।