ਪਰਿਵਾਰਕ ਮੁੱਲਾਂ ਤੇ ਆਧਾਰਿਤ ਸੋਚਣ ਲਈ ਮਜਬੂਰ ਕਰਨ ਵਾਲੀ ਹੈ ਇਹ ਮੂਵੀ-
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ ) ਬੀਤੇ ਦਿਨ ਖਾਲਸਾ ਲਾਇਬ੍ਰੇਰੀ ਸਰੀ ਵਿੱਚ ਰਵੀ ਇੰਦਰ ਸਿੱਧੂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਸ਼ਾਰਟ ਫਿਲਮ “ਖੁਸ਼ੀਆਂ” ਦਾ ਪ੍ਰੀਮੀਅਰ ਸ਼ੋਅ ਕੀਤਾ ਗਿਆ। ਇਸ ਮੌਕੇ ਫਿਲਮ ਦੀ ਪੂਰੀ ਟੀਮ ਨੇ ਆਪਣੀ ਹਾਜ਼ਰੀ ਭਰੀ ਅਤੇ ਦਰਸ਼ਕਾਂ ਤੋਂ ਵਧੀਆ ਪ੍ਰਤੀਕਿਰਿਆ ਪ੍ਰਾਪਤ ਵੀ ਕੀਤੀ|
ਰਵੀ ਇੰਦਰ ਸਿੱਧੂ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਆਪਣੇ ਸੁੰਦਰ ਫਿਲਮਾਂਕਣ ਅਤੇ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਕਰਕੇ ਸਭ ਦੇ ਦਿਲਾਂ ਵਿੱਚ ਵੱਸ ਗਈ। ਇਸ ਫਿਲਮ ਵਿੱਚ ਰਵੀ ਸਿੱਧੂ, ਅੰਗਰੇਜ਼ ਬਰਾੜ, ਸੁਖਵਿੰਦਰ ਰੋਡੇ, ਹਰਮੀਤ ਵਿਰਕ, ਲਵੀ ਪੰਨੂ, ਨਵਦੀਪ ਗਿੱਲ, ਰਮਨ ਬੱਲ, ਅਮਨ, ਖੁਸਬੀਰ ਕੌਰ ਤੋਂ ਇਲਾਵਾ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰ ਬਹੁਤ ਹੀ ਬਾਖੂਬੀ ਨਿਭਾਏ |
ਫਿਲਮ ਦੀ ਕਹਾਣੀ ਉਹਨਾਂ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਵੱਡੇ ਘਰਾਂ ਅਤੇ ਮਹਿੰਗੀਆਂ ਗੱਡੀਆਂ ਦੀ ਦੌੜ ਵਿੱਚ ਫਸ ਕੇ ਮਾਨਸਿਕ ਦਬਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਾਰਨ ਪਰਿਵਾਰ ਨੂੰ ਸਮਾਂ ਨਾ ਦੇ ਸਕਣ ਕਰਕੇ ਘਰਾਂ ਵਿੱਚ ਝਗੜੇ-ਤਣਾਅ ਆਮ ਹੋ ਜਾਂਦੇ ਹਨ। ਆਖ਼ਰਕਾਰ ਇਸ ਹਾਲਤ ਵਿੱਚ ਉਹਨਾਂ ਨੂੰ ਡਾਕਟਰਾਂ ਕੋਲ ਕੌਂਸਲਿੰਗ ਲਈ ਜਾਣਾ ਪੈਂਦਾ ਹੈ। ਫਿਲਮ ਦਰਸਾਉਂਦੀ ਹੈ ਕਿ ਇਹ ਸਾਰੇ ਤਣਾਵ ਖੁਸ਼ੀਆਂ ਨੂੰ ਜੀਵਨ ਤੋਂ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਮੁੜ ਲੱਭਣ ਲਈ ਸਾਨੂੰ ਆਪ ਹੀ ਕੋਸ਼ਿਸ਼ ਕਰਨੀ ਪੈਣੀ ਹੈ।
ਕਈ ਪਲਾਂ ‘ਤੇ ਇਹ ਫਿਲਮ ਦਰਸ਼ਕਾਂ ਨੂੰ ਭਾਵੁਕ ਵੀ ਕਰਦੀ ਹੈ ਅਤੇ ਗੰਭੀਰ ਸੋਚਣ ਲਈ ਵੀ ਮਜਬੂਰ ਕਰਦੀ ਹੈ ਕਿ ਜੇਕਰ ਅਸੀਂ ਚੰਗੀ ਪਰਿਵਾਰਕ ਜ਼ਿੰਦਗੀ ਬਿਤਾਉਣੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਜਰੂਰਤਾਂ ਸਹੀ ਕਰਨੀ ਪੈਣਗੀਆਂ।
ਇਸ ਸ਼ਾਨਦਾਰ ਸੁਨੇਹੇ ਵਾਲੀ ਫਿਲਮ “ਖੁਸ਼ੀਆਂ” ਨੂੰ ਹੁਣ ਦਰਸ਼ਕ YouTube ਦੇ ਚੈਨਲ RedCarpet ਚੈਨਲ ‘ਤੇ ਸਬਸਕ੍ਰਾਈਬ ਕਰਕੇ ਦੇਖ ਸਕਦੇ ਹਨ। ਇਹ ਫਿਲਮ ਹਰ ਇੱਕ ਦਰਸ਼ਕ ਨੂੰ ਤਣਾਅ -ਮੁਕਤ ਜਿੰਦਗੀ ਜਿਉਣ ਲਈ ਪ੍ਰੇਰਤ ਕਰੇਗੀ। ਇਸ ਪ੍ਰੀਮੀਅਮ ਸ਼ੋਅ ਮੌਕੇ ਲੱਖਾ ਸਿੱਧਵਾਂ, ਹਰਦਮ ਮਾਨ, ਮੋਹਨ ਸਿੰਘ ਗਿੱਲ , ਗੁਰਦੀਪ ਭੁੱਲਰ, ਹਰਪ੍ਰੀਤ ਹੈਪੀ ਸਿੱਲ ਤੇ ਹੋਰ ਕਈ ਸ਼ਾਮਿਲ ਹੋਏ|

