Mar 7, 2026

ਇਕ ਪ੍ਰਸਿੱਧ ਕਲਾਕਾਰ ਦੇ ਨਾਲ  ਭੱਲਾ ਇੱਕ ਸਤਿਕਾਰਤ ਅਕਾਦਮਿਕ ਸ਼ਖਸੀਅਤ ਵੀ ਸਨ-

ਜਲੰਧਰ (ਅਨੁਪਿੰਦਰ ਸਿੰਘ)- ਹਾਸਿਆਂ ਦੇ ਬਾਦਸ਼ਾਹ ਵਜੋਂ ਪ੍ਰਸਿਧ ਡਾ ਜਸਵਿੰਦਰ ਭੱਲਾ ਦਾ ਨਾਮ ਪੰਜਾਬੀ ਮਨੋਰੰਜਨ ਜਗਤ ਅਤੇ ਲੋਕ ਦਿਲਾਂ ਵਿੱਚ ਉੱਕਰਿਆ ਹੋਇਆ ਹੈ, ਨਾ ਸਿਰਫ਼ ਉਨ੍ਹਾਂ ਦੀ ਬਾਕਮਾਲ ਕਮੇਡੀ ਕਾਰਣ  ਸਗੋਂ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਲਈ ਵੀ। ਫਿਲਮਾਂ ਦੇ ਵੱਡੇ ਪਰਦੇ ’ਤੇ ਆਉਣ ਤੋਂ ਬਹੁਤ ਪਹਿਲਾਂ ਹੀ ਭੱਲਾ ਸਟੇਜ ਕਾਮੇਡੀ ਵਿੱਚ ਇੱਕ ਜਾਣੀ ਪਹਿਚਾਣੀ ਆਵਾਜ਼ ਵਜੋਂ ਸਥਾਪਿਤ ਹੋ ਚੁੱਕੇ ਸਨ। ਉਨ੍ਹਾਂ ਮਸ਼ਹੂਰ ‘ਛਣਕਾਟਾ’ ਲੜੀ ਵਿੱਚ ਚਾਚਾ ਚਤਰ ਸਿੰਘ ਅਤੇ ਭਾਨਾ ਵਰਗੇ ਅਭੁੱਲ ਕਿਰਦਾਰ ਸਿਰਜੇ । 1990 ਦੇ ਦਹਾਕੇ ਵਿੱਚ ਪੰਜਾਬ ਦੇ ਘਰੇਲੂ ਵੀਡੀਓ ਸੱਭਿਆਚਾਰ ਨੇ ਉਨ੍ਹਾਂ ਦੇ ਸਕੈਚਾਂ ਨੂੰ ਘਰਾਂ ਦੇ ਡਰਾਇੰਗ ਰੂਮਾਂ ਤੇ ਬੈਠਕਾਂ ਦੇ ਮੁੱਖ ਹਿੱਸਿਆਂ ਵਿੱਚ ਬਦਲ ਦਿੱਤਾ ਅਤੇ ਉਨ੍ਹਾਂ ਦੇ ਕਿਰਦਾਰਾਂ ਦੇ ਮਜ਼ੇਦਾਰ ਟੁਕੜੇ ਜਲਦੀ ਹੀ ਰੋਜ਼ਾਨਾ ਗੱਲਬਾਤ ਦਾ ਹਿੱਸਾ ਬਣ ਗਏ। ਅੱਜ ਵੀ, ਉਹ ਮੀਮ ਸੋਸ਼ਲ ਮੀਡੀਆ  ਵਿੱਚ ਆਮ ਦਿਖਾਈ ਦਿੰਦੇ ਹਨ। ਘਰੇਲੂ ਵੀਡੀਓਜ਼ ਵਿੱਚ ਪੰਜਾਬੀ ਗੀਤਾਂ ਦੀਆਂ ਪੈਰੋਡੀਆਂ ਗਾਉਣ ਦੀ ਉਨ੍ਹਾਂ ਦੀ ਯੋਗਤਾ ਕਮਾਲ ਦੀ ਸੀ। ਸਰੋਤਿਆਂ ਨੂੰ ਅਸਲ ਗੀਤ ਨਾਲੋਂ ਉਨ੍ਹਾਂ ਦੀਆਂ ਪੈਰੋਡੀਆਂ ਵਧੇਰੇ ਯਾਦ ਹਨ।

ਜਿੱਥੋਂ ਤੱਕ ਉਨ੍ਹਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਹੈ, ਜਸਪਾਲ ਭੱਟੀ ਦੀ ਵਿਅੰਗਆਤਮਕ ਫ਼ਿਲਮ “ਮਾਹੌਲ ਠੀਕ ਹੈ” (1999) ਵਿੱਚ ਉਨ੍ਹਾਂ ਦੇ ਸ਼ੁਰੂਆਤੀ ਕਿਰਦਾਰਾਂ ਤੋਂ ਲੈ ਕੇ ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’ ਅਤੇ ‘ਕੈਰੀ ਔਨ ਜੱਟਾ’ ਜਿਹੀਆਂ ਦਰਸ਼ਕਾਂ ਦੀਆਂ ਪਸੰਦੀਦਾ ਫਿਲਮਾਂ ਤੱਕ,  ਵਿਚ ਨਿਭਾਏ ਕਿਰਦਾਰਾਂ ਨੂੰ ਯਾਦ ਕਰਦੇ ਰਹਿਣਗੇ। ‘ਕੈਰੀ ਔਨ ਜੱਟਾ’ ਵਿੱਚ ਐਡਵੋਕੇਟ ਢਿੱਲੋਂ ਦਾ ਕਿਰਦਾਰ ਦਰਸ਼ਕਾਂ ਦੇ  ਚੇਤਿਆਂ ਵਿਚ ਅੱਜ ਵੀ ਹੈ ਜਦੋਂ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ (2024) ਵਿੱਚ ਉਨ੍ਹਾਂ ਦੀ  ਭੂਮਿਕਾ ਇਕ ਸਮਰੱਥ ਅਦਾਕਾਰ ਦੀ ਸਾਰਥਕਤਾ ਦੀ ਸ਼ਾਹਦੀ ਭਰਦੀ ਹੈ। ਆਪਣੇ ਕਲਾਤਮਕ ਕੈਰੀਅਰ ਦੇ ਨਾਲ-ਨਾਲ, ਭੱਲਾ ਇੱਕ ਸਤਿਕਾਰਤ ਅਕਾਦਮਿਕ ਸ਼ਖਸ਼ੀਅਤ ਵੀ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਵਿਦਵਤਾ ਨੂੰ ਵਿਅੰਗ ਨਾਲ ਜੋੜਿਆ, ਇਹ ਸਾਬਤ ਕੀਤਾ ਕਿ ਬੁੱਧੀ ਅਤੇ ਹਾਸਰਸ ਇੱਕੋ ਜਿਹੀ ਪ੍ਰਤਿਭਾ ਨਾਲ ਇਕੱਠੇ ਰਹਿ ਸਕਦੇ ਹਨ।