Apr 23, 2026

ਸੁਖਵਿੰਦਰ ਸਿੰਘ ਚੋਹਲਾ—

ਪੰਜਾਬ ਵਿਚ ਅਕਾਲੀ ਦਲ ਨੂੰ ਪੰਜਾਬ ਦੀ ਕਿਸਾਨੀ ਅਤੇ ਆਮ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਵਜੋਂ ਮਾਨਤਾ ਹਾਸਲ ਹੈ। ਭਾਵੇਂਕਿ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਅਤੇ ਰਾਖੀ ਲਈ ਵੱਡੇ ਸੰਘਰਸ਼ ਲੜੇ ਅਤੇ ਉਹਨਾਂ ਵਿਚ ਜਿੱਤ ਪ੍ਰਾਪਤ ਕੀਤੀ ਪਰ ਇਹ ਵੀ ਧਾਰਨਾ ਆਮ ਰਹੀ ਹੈ ਕਿ ਅਕਾਲੀ ਦਲ ਜਦ ਸੱਤਾ ਵਿਚ ਨਹੀ ਹੁੰਦਾ ਤਾਂ ਉਸਨੂੰ ਪੰਜਾਬ ਦੇ ਹਿੱਤਾਂ, ਹੱਕਾਂ ਤੇ ਹੋਰ ਮੁੱਦੇ ਯਾਦ ਆ ਜਾਂਦੇ ਹਨ। ਜਦ ਸੱਤਾ ਵਿਚ ਹੁੰਦਾ ਹੈ ਤਾਂ ਸਾਰੇ ਮੁੱਦੇ ਭੁਲ ਭੁਲਾਕੇ ਕੇਵਲ ਆਪਣੇ ਨਿੱਜੀ ਹਿੱਤ ਹੀ ਰਹਿ ਜਾਂਦੇ ਹਨ। ਅਕਾਲੀ ਦਲ ਦੇ ਖਿਲਾਫ ਇਹ ਵੀ ਧਾਰਣਾ ਰਹੀ ਹੈ ਕਿ ਉਸਨੇ ਧਰਮ ਨੂੰ ਹਮੇਸ਼ਾਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਹੈ। ਇਥੋਂ ਤੱਕ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਵਜੋਂ ਮਾਨਤਾ ਪ੍ਰਾਪਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਧਰਮ ਦੇ ਉਹਲੇ ਵਿਚ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ ਹੈ। ਅਕਾਲੀ ਦਲ ਦੇ ਤਾਜ਼ਾ ਸਿਆਸੀ ਘਟਨਾ ਕ੍ਰਮ ਵਿਚ ਇਹ ਸਭ ਕੁਝ ਉਂਜ ਹੀ ਦੁਹਰਾਇਆ ਗਿਆ ਹੈ ਜਿਵੇਂ ਪਹਿਲਾਂ ਸੀ। ਪਰ ਇਹ ਸ਼ਾਇਦ  ਪਹਿਲੀ ਵਾਰ ਹੈ ਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਸਿੱਖ ਆਵਾਮ ਨੂੰ ਇਕ ਸਿਆਸੀ ਧਿਰ ਨਾਲ ਜੋੜਨ ਦੀ ਕਵਾਇਦ ਵਿਚ ਅਕਾਲ ਤਖਤ ਅਤੇ ਇਸਦੇ ਜਥੇਦਾਰਾਂ ਦੀ ਭੂਮਿਕਾ ਸ਼ੱਕੀ ਬਣੀ ਹੈ। ਸ੍ਰੀ ਅਕਾਲ ਤਖਤ ਸਾਹਿਬ  ਤੋਂ ਅਕਾਲੀ ਦਲ ਵਿਚ ਧੜੇਬੰਦੀਆਂ ਨੂੰ ਖਤਮ ਕਰਕੇ ਇਕ ਮਜ਼ਬੂਤ ਅਕਾਲੀ ਦਲ ਦੀ ਕਾਇਮੀ ਲਈ ਸ਼ੁਰੂ ਕੀਤੀ ਗਈ ਕਵਾਇਦ ਵਿਚ ਇਕ ਜਥੇਦਾਰ ਦੇ ਖੁਦ  ਪਾਰਟੀ ਦਾ ਪ੍ਰਧਾਨ ਬਣ ਜਾਣ ਤੇ ਫਿਰ ਦੂਸਰੇ ਮੁੱਖ ਧੜੇ ਦੇ ਪ੍ਰਧਾਨ ਦੇ ਸਿਰ ਉਪਰ ਬੈਠਣ ਨੂੰ ਗੁਰੂ ਤੇ ਸੰਗਤ ਦੀ ਕਰਾਮਾਤ ਦੱਸਣਾ -ਵਿਕੋਲਿਤਰਾ ਵਰਤਾਰਾ  ਹੈ। ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਅਕਾਲੀ ਦਲ (ਪੰਜ ਮੈਂਬਰੀ) ਦੇ ਨਵੇਂ ਬਣਾਏ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣ ਇਕ ਧਾਰਮਿਕ ਆਗੂ ਨਹੀ ਸਿਆਸੀ ਆਗੂ ਬਣ ਗਏ ਹਨ। ਉਹਨਾਂ ਵਲੋਂ ਪਾਰਟੀ ਪ੍ਰਧਾਨ ਬਣ ਜਾਣ ਉਪਰੰਤ ਜੋ ਭਾਸ਼ਨ ਕੀਤਾ ਗਿਆ, ਸਿਆਸੀ ਨੁਕਤਾ ਨਿਗਾਹ ਤੋਂ ਉਸਨੂੰ ਸਿਆਸੀ ਸਿਆਣਪ ਨਹੀ ਬਲਕਿ ਸਿਆਸੀ ਆਗੂਆਂ ਦੁਆਰਾ ਇਕ ਦੂਸਰੇ ਖਿਲਾਫ ਦੂਸ਼ਣਬਾਜੀ ਦਾ ਰਵਾਇਤੀ ਢੰਗ ਤਰੀਕਾ ਹੀ ਕਿਹਾ ਜਾ ਸਕਦਾ ਹੈ। ਆਮ ਸਿੱਖਾਂ ਵਿਚ ਦੋ ਅਕਾਲੀ ਦਲ ਬਣਨੇ ਅਤੇ ਦੋਵਾਂ ਵਲੋਂ ਅਕਾਲ ਤਖਤ ਦੀ ਰਹਿਨੁਮਾਈ ਹੇਠ ਸਿੱਖ ਹਿੱਤਾਂ ਲਈ ਕੰਮ ਕਰਨ ਦੇ ਦਾਅਵੇ ਕਾਫੀ ਭੰਬਲਭੂਸਾ ਪੈਦਾ ਕਰਨ ਵਾਲੇ ਹਨ। ਅਕਾਲ ਤਖਤ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਦਾ ਇਹ ਬਿਆਨ ਕਿ ਕੋਈ ਵੀ ਅਕਾਲੀ ਧੜਾ ਅਕਾਲ ਤਖਤ ਦੀ ਸਰਪ੍ਰਸਤੀ ਦਾ ਦਾਅਵਾ ਨਾ ਕਰੇ, ਕਿਸੇ ਇਕ ਦੇ ਅਕਾਲ ਤਖਤ ਨੂੰ ਸਮਰਪਿਤ ਹੋਣ ਤੇ ਦੂਸਰੇ ਦੇ ਭਗੌੜਾ ਹੋਣ ਦੀਆਂ ਊਜਾਂ ਨੂੰ ਖਾਰਜ ਕਰਦਾ ਹੈ। ਉਹਨਾਂ ਦਾ ਕਹਿਣਾ ਵਾਜਿਬ ਹੈ ਕਿ ਇਹ ਸਿੱਖ ਪੰਥ ਦੀ ਨਹੀ ਅਕਾਲੀ ਧੜਿਆਂ ਦੀ ਆਪਸੀ ਲੜਾਈ ਹੈ।

ਸ੍ਰੋਮਣੀ ਅਕਾਲੀ ਦਲ ਅਤੇ ਨਵੇ ਬਣੇ ਅਕਾਲੀ ਦਲ ਵਲੋਂ ਅਸਲ ਨਕਲ ਦੇ ਦਾਅਵਿਆਂ ਦਰਮਿਆਨ ਬੀਤੀ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਲੌਂਗੋਵਾਲ ਵਿਖੇ ਕੀਤੀਆਂ ਗਈਆਂ ਸ਼ਹੀਦੀ ਕਾਨਫਰੰਸਾਂ ਵਿਚ ਵਿਸ਼ਾਲ ਇਕੱਠਾਂ ਦੇ ਪ੍ਰਸਪਰ ਦਾਅਵਿਆਂ ਦਰਮਿਆਨ ਨਵੇ ਅਕਾਲੀ ਦਲ ਦੇ ਇਕ ਆਗੂ ਵਲੋਂ ਦਿੱਤੇ ਗਏ ਭਾਸ਼ਨ ਵਿਚ ਅਕਾਲੀ ਸੁਧਾਰ ਲਹਿਰ ਬਾਰੇ ਕੀਤੇ ਗਏ ਖੁਲਾਸਿਆਂ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਦੋਵਾਂ ਅਕਾਲੀ  ਧੜਿਆਂ ਦੇ ਆਗੂਆਂ ਨੇ ਲੌਂਗੋਵਾਲ ਕਾਨਫਰੰਸਾਂ ਤੋਂ ਬਾਦ ਬਾਕਾਇਦਾ ਮੀਡੀਆ ਦੇ ਰੂਬਰੂ ਹੁੰਦਿਆਂ ਇਕ ਦੂਜੇ ਦੇ ਦਾਅਵਿਆਂ ਨੂੰ ਝੁਠਲਾਉਣ ਦਾ ਯਤਨ ਕੀਤਾ ਹੈ। ਦੋਵਾਂ ਧਿਰਾਂ ਵਲੋਂ ਇਕ ਦੂਸਰੇ ਤੋਂ ਵੱਡੇ ਇਕੱਠ ਕੀਤੇ ਜਾਣ ਦੇ ਦਾਅਵਿਆਂ ਦਰਮਿਆਨ ਸ੍ਰੀ ਅਕਾਲ ਤਖਤ ਦੀ ਫਸੀਲ ਤੋਂ ਅਕਾਲੀ ਏਕਤਾ ਲਈ 2 ਦਸੰਬਰ ਨੂੰ ਕੀਤੇ ਗਏ ਹੁਕਮਨਾਮੇ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਬਾਦਲ ਦੇ ਆਗੂਆਂ ਦਾ ਦੋਸ਼ ਹੈ ਕਿ ਬਾਗੀ ਹੋਏ ਧੜੇ ਵਲੋਂ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਇਕ ਸਾਜਿਸ਼ ਤਹਿਤ ਅਕਾਲੀ ਦਲ ਨੂੰ ਦੋਫਾੜ ਕਰਨ ਅਤੇ ਵੱਡਾ ਪੰਥਕ ਨੁਕਸਾਨ ਕਰਨ ਲਈ ਵਰਤਿਆ ਗਿਆ ਹੈ। ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋ ਆਪਣੇ ਭਾਸ਼ਨ ਦੌਰਾਨ ਵੇਗ ਵਿਚ ਆਉਂਦਿਆਂ ਅਕਾਲੀ ਦਲ ਸੁਧਾਰ ਲਹਿਰ, ਇਸਦੇ ਮੈਂਬਰਾਂ ਦੀ ਨਿਰੰਤਰ ਮਿਹਨਤ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਨੂੰ ਵੱਡੀ ਪ੍ਰਾਪਤੀ ਐਲਾਨੇ ਜਾਣ ਦੇ ਮੁੱਦੇ ਨੂੰ ਉਹਨਾਂ ਨੇ ਇਕ ਵੱਡੀ ਸਾਜਿਸ਼ ਕਰਾਰ ਦਿੰਦਿਆਂ ਨਵੇ ਸਵਾਲ ਖੜੇ ਕੀਤੇ ਹਨ। ਜਦੋੰਕਿ ਦੂਸਰੇ ਪਾਸੇ ਚੰਦੂਮਾਜਰਾ ਅਤੇ ਉਹਨਾਂ ਦੇ ਸਾਥੀਆਂ ਦਾ ਕਹਿਣਾ ਹੈ ਕਿ ਬਾਦਲ ਧੜੇ ਵਾਲੇ ਪੰਥਕ ਤਾਕਤ ਨੂੰ ਇਕਮੁੱਠ ਹੋਣ ਤੋ ਰੋਕਣ ਅਤੇ ਤਾਰਪੀਡੋ ਦੇ ਯਤਨਾਂ ਤਹਿਤ ਇਹ ਸਭ ਤੁਹਮਤਾਂ ਹਨ।

ਦੋਵਾਂ ਅਕਾਲੀ ਦਲਾਂ ਦੇ ਆਗੂਆਂ ਦੇ ਦਾਅਵਿਆਂ ਦਾ ਸੱਚ ਝੂਠ ਜੋ ਵੀ ਹੈ ਪਰ ਇਹ ਸੱਚ ਹੈ ਕਿ ਲੌਂਗੋਵਾਲ ਦੀਆਂ ਕਾਨਫਰੰਸਾਂ ਨੇ ਦੋਵਾਂ ਧੜਿਆਂ ਵਿਚ ਵਖਰੇਵੇਂ ਦੀ ਲਕੀਰ ਨੂੰ ਹੋਰ ਵੱਡਾ ਕਰ ਦਿੱਤਾ ਹੈ। ਨਵੇਂ ਧੜੇ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਨਿਸ਼ਾਨ, ਦਫਤਰ ਅਤੇ ਚੋਣ ਕਮਿਸ਼ਨ ਤੋਂ ਮਾਨਤਾ ਲੈਣ ਲਈ ਕਾਨੂੰਨੀ ਚਾਰਾਜੋਈ ਆਰੰਭ ਕੀਤੇ ਜਾਣ ਦੇ ਐਲਾਨ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਅਗਲੇ ਦਿਨਾਂ ਵਿਚ ਦੋਵਾਂ ਧਿਰਾਂ ਵਿਚਾਲੇ ਸੰਘਰਸ਼ ਤੇਜ਼ ਹੋਣ ਵਾਲਾ ਹੈ। ਉਂਜ ਆਮ ਸਿੱਖਾਂ ਵਿਚ ਧਾਰਨਾ ਹੈ ਕਿ ਲੜਾਈ ਅਕਾਲੀ ਏਕਤਾ ਦੀ ਨਹੀ ਬਲਕਿ ਅਕਾਲੀ ਦਲ ਦੀ ਅਗਵਾਈ ਦੀ ਹੈ। ਸੁਖਬੀਰ ਸਿੰਘ ਬਾਦਲ ਵਾਲੀ ਧਿਰ ਦਾ ਮੰਨਣਾ ਹੈ ਕਿ ਅਕਾਲੀ ਦਲ ਦੀ ਅਗਵਾਈ ਕਰਨ ਦੇ ਕੇਵਲ ਉਹੀ ਇਕ ਸਮਰੱਥ ਆਗੂ ਹੈ ਜਦੋਂਕਿ ਦੂਸਰੀ ਧਿਰ ਦਾ ਕਹਿਣਾ ਹੈ ਕਿ ਬਹੁਗਿਣਤੀ ਸਿੱਖਾਂ ਦਾ ਸੁਖਬੀਰ ਬਾਦਲ ਦੀ ਅਗਵਾਈ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ। ਉਂਜ ਇਹ ਨਿਤਾਰਾ ਕਰਨਾ ਕੋਈ ਔਖਾ ਨਹੀ ਕਿ ਅਕਾਲੀ ਦਲ ਦੀ ਅਗਵਾਈ ਲਈ ਯੋਗ ਕੌਣ ਹੈ। ਦੋਵਾਂ ਧਿਰਾਂ ਵਲੋਂ ਅਕਾਲ ਤਖਤ ਨੂੰ ਆਪਣੇ ਹਿੱਤਾਂ ਲਈ ਵਰਤਣ ਦੀ ਖੇਡ ਨੂੰ ਰੋਕਦਿਆਂ ਲੀਡਰਸ਼ਿਪ ਬਹਿਸ ਦਾ ਆਯੋਜਨ ਕਰਨ ਦੀ ਲੋੜ ਹੈ। ਪੱਛਮੀ ਮੁਲਕਾਂ ਦੀ ਸਿਆਸੀ ਤਰਜ਼ ਤੇ  ਪਾਰਟੀ  ਆਗੂਆਂ ਵਿਚਾਲੇ ਬਹਿਸ ਵਾਂਗ ਅਕਾਲੀ ਦਲ ਨੂੰ ਵੀ ਅਜਿਹੀ ਲੀਡਰਸ਼ਿਪ ਬਹਿਸ ਦਾ ਕੋਈ ਢੰਗ ਤਰੀਕਾ ਲੱਭਣਾ ਚਾਹੀਦਾ ਹੈ। ਵੱਡਾ ਸਵਾਲ ਤਾਂ ਇਹ ਹੈ ਕਿ ਅਕਾਲ ਤਖਤ ਨੂੰ ਸਿਆਸੀ ਹਿੱਤਾਂ ਲਈ ਵਰਤਣ ਅਤੇ ਸਿੱਖ ਆਵਾਮ ਨੂੰ ਮੂਰਖ ਬਣਾਉਣ ਦੀ ਖੇਡ ਕਦੋਂ ਤੱਕ ਚਲਦੀ ਰਹੇਗੀ।

 

.