ਜੰਡਿਆਲਾ ਮੰਜਕੀ,27ਅਗਸਤ (ਸੁਰਜੀਤ ਸਿੰਘ ਜੰਡਿਆਲਾ) -ਸਥਾਨਕ ਕਸਬੇ ਦੀ ਪੱਤੀ ਸਾਹਨਕੀ ਵਿੱਚ ਪਿਤਾ ਹਰਕੀਰਤ ਸਿੰਘ ਜੌਹਲ ਅਤੇ ਮਾਤਾ ਸੁਖਵੰਤ ਕੌਰ ਜੌਹਲ ਦੇ ਘਰ 1986 ਨੂੰ ਜਨਮੇ ਮਨਮਿੰਦਰ ਸਿੰਘ ਜੌਹਲ ਨੇ ਅਮਰੀਕਾ ਦੀ ਆਰਮੀ ਵਿੱਚ ਵੱਖ ਵੱਖ ਪੋਸਟਾਂ ਤੇ ਕੰਮ ਕਰਕੇ ਜੰਡਿਆਲਾ ਦਾ ਨਾਮ ਚਮਕਾਇਆ ਹੈ। ਮਨਮਿੰਦਰ ਨੇ ਦਸਵੀਂ ਜਮਾਤ ਐਸਡੀ ਮਾਡਲ ਸਕੂਲ ਜਲੰਧਰ ਛਾਉਣੀ ਤੋਂ ਪੂਰੀ ਕੀਤੀ ਅਤੇ 2004 ਵਿੱਚ ਅਮਰੀਕਾ ਚਲੇ ਗਏ। ਉੱਥੇ ਉਹਨਾਂ ਇੱਕ ਸਟੋਰ ਵਿੱਚ ਫਾਰਮੇਸੀ ਟੈਕਨੀਸ਼ੀਅਨ, ਵੀਜ਼ਾ ਹਰਟ ਵਿੱਚ ਡਿਲੀਵਰੀ ਡਰਾਈਵਰ ਅਤੇ ਪੜ੍ਹਾਈ ਦੌਰਾਨ ਉਬਰ ਡਰਾਈਵਰ ਵਜੋਂ ਕੰਮ ਕੀਤਾ। ਹਰਮਨਜੋਤ ਕੌਰ ਨਾਲ ਵਿਆਹੇ ਅਤੇ ਦਾਦਾ ਮੱਲਾ ਸਿੰਘ ਜੌਹਲ ਅਤੇ ਦਾਦੀ ਹਰਬੰਸ ਕੌਰ ਜੌਹਲ ਸੈਂਟਰ ਹੈਡ ਟੀਚਰ ਦੇ ਲਾਡਲੇ ਮਨਵਿੰਦਰ ਸਿੰਘ 2009 ਵਿੱਚ ਅਮਰੀਕਾ ਦੀ ਜਲ ਸੈਨਾ ਵਿੱਚ ਸ਼ਾਮਿਲ ਹੋਏ। 2011 ਅਤੇ 2013 ਵਿੱਚ ਉਹਨਾਂ ਦੂਜਾ ਬੈਚਲਰ ਪੂਰਾ ਕੀਤਾ ਅਤੇ 2015 ਵਿੱਚ ਏਅਰ ਫੋਰਸ ਵਿੱਚ ਲੈਫਟੀਨੈਂਟ ਵਜੋਂ ਨੌਕਰੀ ਸ਼ੁਰੂ ਕੀਤੀ। ਮਨਵਿੰਦਰ ਦੇ ਪਿਤਾ ਹਰਕੀਰਤ ਸਿੰਘ ਜੌਹਲ ਨੇ ਦੱਸਿਆ ਕਿ 2018 ਵਿੱਚ ਉਸ ਨੂੰ ਕਪਤਾਨ ਵਜੋਂ ਤਰੱਕੀ ਦਿੱਤੀ ਗਈ। ਉਹਨਾਂ 2025 ਵਿੱਚ ਡਾਕਟਰੇਟ ਸਮਾਪਤ ਕੀਤੀ ਅਤੇ ਅਮਰੀਕਾ ਦੀ ਹਵਾਈ ਸੈਨਾ ਵਿੱਚ ਮੇਜਰ ਬਣੇ ਅਤੇ ਹੁਣ ਬਤੌਰ ਅਨਸਥੀਸੀਓਲੋਜਿਟ ਵਜੋਂ ਕੰਮ ਕਰ ਰਹੇ ਹਨ। ਪਿੰਡ ਵਿੱਚੋਂ ਉੱਠ ਕੇ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਅਮਰੀਕਾ ਦੀ ਆਰਮੀ ਵਿੱਚ ਵੱਡੀ ਪੋਸਟ ਹਾਸਿਲ ਕਰਨ ਤੇ ਜੰਡਿਆਲਾ ਅਤੇ ਇਲਾਕਾ ਵਾਸੀ ਮਾਣ ਮਹਿਸੂਸ ਕਰਦੇ ਹਨ।
ਪਿਤਾ ਹਰਕੀਰਤ ਸਿੰਘ ਜੌਹਲ ਅਤੇ ਮਾਤਾ ਸੁਖਵੰਤ ਕੌਰ ਜੌਹਲ ਦੇ ਨਾਲ ਅਮਰੀਕਾ ਦੀ ਆਰਮੀ ਵਿੱਚ ਤਾਇਨਾਤ ਮਨਮਿੰਦਰ ਸਿੰਘ ਜੌਹਲ।
