ਮਾਂ ਅਤੇ ਪਤਨੀ ਸਮੇਤ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਹਨ 21 ਮੁਕੱਦਮੇ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਅਗਸਤ -ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਰਨਤਾਰਨ ਪੁਲਸ ਦੇ ਸਹਿਯੋਗ ਨਾਲ ਐਸਐਸਪੀ ਤਰਨਤਾਰਨ ਦੀਪਕ ਪਾਰੀਕ ਦੀ ਨਿਗਰਾਨੀ ਹੇਠ ਕਸਬਾ ਚੋਹਲਾ ਸਾਹਿਬ ਵਾਸੀ ਨਸ਼ਾ ਤਸਕਰ ਸੁਖਚੈਨ ਸਿੰਘ ਉਰਫ ਸੋਨੂੰ ਪੁੱਤਰ ਦਲੀਪ ਸਿੰਘ ਦੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਘਰ ਉੱਪਰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਸੁਖਚੈਨ ਸਿੰਘ ਉਰਫ਼ ਸੋਨੂੰ ਵਾਸੀ ਚੋਹਲਾ ਸਾਹਿਬ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਹੈ।ਇਸਦੇ ਖਿਲਾਫ ਨਸ਼ਾ ਤਸਕਰੀ,ਲੁੱਟ-ਖੋਹ ਅਤੇ ਨਜਾਇਜ਼ ਸ਼ਰਾਬ ਦੇ ਕੁੱਲ 12 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ਼ ਹਨ ਅਤੇ ਇਸ ਸਮੇਂ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿੱਚ ਬੰਦ ਹੈ।ਇਸ ਤੋਂ ਇਲਾਵਾ ਸੁਖਚੈਨ ਸਿੰਘ ਸੋਨੂੰ ਦੀ ਮਾਤਾ ਧਰਮ ਕੌਰ ਉਰਫ਼ ਧਰਮੀ ਪਤਨੀ ਦਲੀਪ ਸਿੰਘ ਦੇ ਖਿਲਾਫ ਐਨਡੀਪੀਐਸ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਚੋਹਲਾ ਸਾਹਿਬ ਵਿਖੇ 7 ਮੁਕੱਦਮੇ ਦਰਜ ਹਨ ਜ਼ੋ ਕਿ ਇਸ ਸਮੇਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ।ਇਸੇ ਤਰ੍ਹਾਂ ਹੀ ਸੁਖਚੈਨ ਸਿੰਘ ਉਰਫ ਸੋਨੂੰ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ ਵੀ ਐਨਡੀਪੀਐਸ ਐਕਟ ਤਹਿਤ ਥਾਣਾ ਚੋਹਲਾ ਸਾਹਿਬ ਵਿਖੇ 2 ਮੁਕੱਦਮੇ ਦਰਜ ਹਨ।ਇੰਨ੍ਹਾਂ ਨੇ ਇਹ ਨਜਾਇਜ਼ ਉਸਾਰੀ ਕੀਤੀ ਹੋਈ ਸੀ, ਜਿਸਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜੇਸੀਬੀ ਮਸ਼ੀਨ ਨਾਲ ਢਾਹ ਦਿੱਤਾ ਗਿਆ ਹੈ।ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਤਰਨਤਾਰਨ ਪੁਲਸ ਵਲੋਂ ਪਹਿਲਾਂ ਵੀ ਕਈ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ ਅਤੇ 3 ਨਸ਼ਾ ਤਸਕਰਾਂ ਦੇ ਘਰਾਂ ਉੱਪਰ ‘ਪੀਲਾ ਪੰਜਾ’ ਚਲਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਲ 2025 ਵਿੱਚ 51 ਨਸ਼ਾ ਤਸਕਰਾਂ ਦੀ ਕੁੱਲ 29 ਕਰੋੜ ਰੁਪਏ ਦੀ ਜਾਇਦਾਦ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਫਰੀਜ਼ ਕਰਵਾਈ ਜਾ ਚੁੱਕੀ ਹੈ।ਐਸਐਸਪੀ ਦੀਪਕ ਪਾਰੀਕ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜ਼ੋ ਵਿਅਕਤੀ ਕਿਸੇ ਦਾ ਘਰ ਬਰਬਾਦ ਕਰਦਾ ਹੈ,ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦਾ ਹੈ।ਉਸ ਨੂੰ ਸੁਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ।ਉਨ੍ਹਾਂ ਕਿਹਾ ਕਿ ਤਰਨਤਾਰਨ ਪੁਲਸ ਵਲੋਂ ਨਸ਼ਿਆਂ ‘ਤੇ ਕਾਬੂ ਪਾਉਣ ਅਤੇ ਨਸ਼ਾ ਤਸਕਰਾਂ ਨੂੰ ਫੜਣ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ,ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ ਇੰਸਪੈਕਟਰ ਬਲਜਿੰਦਰ ਸਿੰਘ,ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਕਸਬਾ ਚੋਹਲਾ ਸਾਹਿਬ ਵਿਖੇ ਨਸ਼ਾ ਤਸਕਰ ਦਾ ਜੇਸੀਬੀ ਮਸ਼ੀਨ ਨਾਲ ਢਾਹਿਆ ਜਾ ਰਿਹਾ ਘਰ ਅਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਤਰਨਤਾਰਨ ਦੀਪਕ ਪਾਰੀਕ।(ਫੋਟੋ:ਨਈਅਰ ਪੱਤਰਕਾਰ)

