Mar 7, 2026

ਐਬਸਫੋਰਡ ( ਮਹੇਸ਼ਇੰਦਰ ਸਿੰਘ ਮਾਂਗਟ)-ਬੀਤੇ ਦਿਨ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 421ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸਵੇਰੇ ਗੁਰੁਦਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਰਵਾਨਾ ਹੋਏ ਜਿਸ ਵਿਚ ਹਜਾ਼ਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਜੱਸ ਗਾਉਂਦਿਆਂ ਹਾਜ਼ਰੀਆਂ ਭਰੀਆਂ। ਵੱਖ-ਵੱਖ ਸਿਆਸੀ ਆਗੂਆਂ ਤੇ ਧਾਰਮਿਕ ਹਸਤੀਆਂ ਨੇ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੁੰਦਿਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਸਿੱਖ ਰਾਈਡਰਜ ਕੈਨੇਡਾ ਦੇ ਨੌਜਵਾਨ ਮੋਟਰਸਾਈਕਲ ਸਵਾਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਖਾਲਸੇ ਦੇ ਜਾਹੋ ਜਲਾਲ ਦੀ ਬਾਤ ਪਾਈ। ਸਵੇਰੇ 9 ਵਜੇ ਤੋਂ ਰਵਾਨਾ ਹੋਕੇ ਨਗਰ ਕੀਰਤਨ ਸ਼ਾਮ 5 ਵਜੇ ਗੁਰੂ ਘਰ ਆਕੇ ਸਮਾਪਤ ਹੋਇਆ। ਨਗਰ ਕੀਰਤਨ ਦੇ ਰਸਤੇ  ਵਿਚ ਕਾਰੋਬਾਰੀ ਅਦਾਰਿਆਂ ਤੇ ਚੈਰਿਟੀ ਸੰਸਥਾਵਾਂ ਵਲੋਂ ਖਾਣ ਪੀਣ ਅਤੇ ਸੁਆਦਲੇ ਭੋਜਨਾਂ ਦੇ ਸਟਾਲ ਲਗਾਏ ਗਏ ਜਿਹਨਾਂ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਨਗਰ ਕੀਰਤਨ ਦੌਰਾਨ ਪੰਥ ਦੇ ਮਹਾਨ ਢਾਡੀ ਜਥਿਆਂ, ਕਵੀਸ਼ਰਾਂ ਤੇ ਬੁਲਾਰਿਆਂ ਨੇ  ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਨਗਰ ਕੀਰਤਨ ਦੀ ਸਫਲਤਾ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ ਗੁਰਜੀਤ ਸਿੰਘ, ਸਕੱਤਰ ਬਾਜ ਸਿੰਘ, ਖਜ਼ਾਨਚੀ ਮੋਤਾ ਸਿੰਘ ਤੇ ਹੋਰ ਮੈਂਬਰਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।