Apr 23, 2026

Screenshot

ਸੋਸ਼ਲ ਮੀਡੀਆ ਤੇ ਪਾਬੰਦੀ ਲਗਾਉਣ ਪਿੱਛੋ ਸੜਕਾਂ ਤੇ ਨਿਕਲੇ ਨੌਜਵਾਨ- ਹਿੰਸਾ ਦੌਰਾਨ 25 ਹਲਾਕ, ਹਜਾਰਾਂ ਜ਼ਖਮੀ- ਪ੍ਰਦਰਸ਼ਨਕਾਰੀਆਂ ਵਲੋਂ ਮੰਤਰੀਆਂ ਦੇ ਘਰਾਂ ਤੇ ਹਮਲੇ-

ਕਾਠਮੰਡੂ ( ਏਜੰਸੀਆਂ)–ਭਾਰਤ ਦੇ ਗਵਾਂਢੀ ਮੁਲਕ ਨੇਪਾਲ ਜਿਸਨੂੰ ਦੁਨੀਆ ਦੇ ਪਹਿਲੇ ਹਿੰਦੂ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ  ਵਿਚ ਸਰਕਾਰ ਵਲੋਂ ਸੋਸ਼ਲ ਮੀਡੀਆ ਉਪਰ ਪਾਬੰਦੀ ਲਗਾਉਣ ਉਪਰੰਤ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਹਿੰਸਕ ਹੋ ਗਿਆ। ਵੱਡੀ ਗਿਣਤੀ ਵਿਚ ਹਿੰਸ ਪ੍ਰਦਰਸ਼ਨਕਾਰੀਆਂ ਵਲੋਂ ਮੁੱਖ ਸਰਕਾਰੀ ਇਮਾਰਤਾਂ ਉਪਰ ਹਮਲਿਆਂ ਦੌਰਾਨ ਪ੍ਰਧਾਨ ਮੰਤਰੀ  ਕੇ ਪੀ ਸ਼ਰਮਾ ਓਲੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਮੁਲਕ ਛੱਡਕੇ ਭੱਜੇ ਗਏ  ਜਦੋਂਕਿ ਅੰਦੋਲਨਕਾਰੀਆਂ ਨੇ ਮੁਲਕ ਦੀ ਪਾਰਲੀਮੈਂਟ ਸਮੇਤ ਕਈ ਸਰਕਾਰੀ ਇਮਾਰਤਾਂ ਨੂੰ ਅੱਗ ਲਗਾਕੇ ਸਾੜ ਦਿੱਤਾ। ਕਈ ਮੰਤਰੀਆਂ ਦੇ ਘਰਾਂ ਤੇ ਹਮਲੇ ਕੀਤੇ ਤੇ ਮੰਤਰੀਆਂ ਜਿਹਨਾਂ ਵਿਚ ਵਿੱਤ ਮੰਤਰੀ ਵੀ ਸ਼ਾਮਿਲ ਹਨ, ਨੂੰ ਦੌੜਾ ਦੌੜਾ ਕੇ ਕੁੱਟਿਆ। ਹਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਅੱਗ ਨਾਲ ਸੜਨ ਕਾਰਣ ਮਾਰੀ ਗਈ।  ਨੇਪਾਲ ਸਰਕਾਰ ਨੇ ਕੁਝ ਦਿਨਾਂ ਪਹਿਲਾਂ ਮੁਲਕ ਵਿਚ ਸੋਸ਼ਲ ਮੀਡੀਆ ਉਪਰ ਪਾਬੰਦੀ ਲਗਾ ਦਿੱਤੀ ਸੀ ਜਿਸਦਾ ਵਿਰੋਧ ਕਰ ਰਹੇ ਨੌਜਵਾਨਾਂ ਉਪਰ ਪੁਲਿਸ ਵਲੋਂ ਗੋਲੀ ਚਲਾਉਣ ਨਾਲ 19 ਪ੍ਰਦਰਸ਼ਨਕਾਰੀ ਮਾਰੇ ਗਏ। ਨੌਜਵਾਨਾਂ ਦੇ ਮਾਰੇ ਜਾਣ ਉਪਰੰਤ ਅੰਦੋਲਨ ਹਿੰਸਕ ਹੋ ਗਿਆ ਜਿਸ ਦੌਰਾਨ ਪ੍ਰਦਰਸ਼ਨਕਾਰੀ ਪਾਰਲੀਮੈਂਟ ਹਾਉਸ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਲ ਵਧੇ।

ਮੁਲਕ ਵਿਚ ਵੱਡੇ ਪੱਧਰ ਤੇ ਹਿੰਸਾ ਉਪਰੰਤ ਨੇਪਾਲੀ ਫੌਜ ਨੇ ਕਮਾਨ ਸੰਭਾਲ ਲਈ ਹੈ ਤੇ ਫੌਜ ਮੁਖੀ ਵਲੋਂ ਪ੍ਰਦਰਸ਼ਕਾਰੀਆਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੰਦਿਆਂ ਹਿੰਸਾ ਨੂੰ ਰੋਕਣ ਲਈ ਕਈ ਤਰਾਂ ਦੀ ਪਾਬੰਦੀਆਂ ਲਗਾ ਦਿੱਤੀਆਂ ਹਨ। ਤਾਜ਼ਾ ਖਬਰਾਂ ਮੁਤਾਬਿਕ ਹੁਣ ਤੱਕ ਹਿੰਸਾ ਦੌਰਾਨ 25 ਲੋਕ ਮਾਰੇ ਗਏ ਹਨ ਜਦੋਂਕਿ 600 ਤੋਂ ਉਪਰ ਜ਼ਖਮੀ ਹੋ ਗਏ ਹਨ।

ਇੱਕ ਬਿਆਨ ਵਿੱਚ ਫੌਜ ਨੇ ਚੇਤਾਵਨੀ ਦਿੱਤੀ ਕਿ ਇਸ ਸਮੇਂ ਦੌਰਾਨ ਵਿਅਕਤੀਆਂ ਅਤੇ ਜਾਇਦਾਦ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ, ਭੰਨਤੋੜ, ਅੱਗਜ਼ਨੀ ਜਾਂ ਹਮਲਿਆਂ ਨੂੰ ਅਪਰਾਧਿਕ ਗਤੀਵਿਧੀ ਮੰਨਿਆ ਜਾਵੇਗਾ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਹੀ ਅਸਤੀਫਾ ਦੇ ਦਿੱਤਾ ਸੀ, ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਦਫ਼ਤਰ ਵਿੱਚ ਦਾਖਲ ਹੋਏ ਸਨ ਅਤੇ ਭ੍ਰਿਸ਼ਟਾਚਾਰ ਅਤੇ ਸਰਕਾਰ ਦੁਆਰਾ ਸੋਸ਼ਲ ਮੀਡੀਆ ’ਤੇ ਪਾਬੰਦੀ ਦੇ ਵਿਰੋਧ ਵਿੱਚ ਜੈਨ ਜ਼ੀ ( ਨਵੀਂ ਪੀੜੀ ਦੇ ਨੌਜਵਾਨ ) ਦੁਆਰਾ ਕੀਤੇ ਗਏ ਸੋਮਵਾਰ ਦੇ ਪ੍ਰਦਰਸ਼ਨਾਂ ਦੌਰਾਨ ਪੁਲੀਸ ਕਾਰਵਾਈ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਸੋਸ਼ਲ ਮੀਡੀਆ ‘ਤੇ ਪਾਬੰਦੀ ਸੋਮਵਾਰ ਰਾਤ ਨੂੰ ਹਟਾ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਵੀ ਅੰਦੋਲਨ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਸੰਸਦ, ਰਾਸ਼ਟਰਪਤੀ ਦਫ਼ਤਰ, ਪ੍ਰਧਾਨ ਮੰਤਰੀ ਨਿਵਾਸ, ਸਰਕਾਰੀ ਇਮਾਰਤਾਂ, ਸਿਆਸੀ ਪਾਰਟੀਆਂ ਦੇ ਦਫ਼ਤਰਾਂ ਅਤੇ ਸੀਨੀਅਰ ਨੇਤਾਵਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸੀ।

ਪ੍ਰਦਰਸ਼ਨਕਾਰੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਵਿਦਿਆਰਥੀ ਸਨ, ਨੇ ਜਨਤਕ ਇਕੱਠਾਂ ’ਤੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ‘ਵਿਦਿਆਰਥੀਆਂ ਨੂੰ ਨਾ ਮਾਰੋ’ ਵਰਗੇ ਨਾਅਰੇ ਲਗਾਏ। ਅਖਬਾਰ ‘ਦਿ ਹਿਮਾਲੀਅਨ ਟਾਈਮਜ਼’ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਸਵੇਰੇ ਲਲਿਤਪੁਰ ਦੇ ਸੁਨਾਕੋਠੀ ਵਿੱਚ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਪ੍ਰਿਥਵੀ ਸੁੱਬਾ ਗੁਰੰਗ ਦੇ ਨਿੱਜੀ ਘਰ ਨੂੰ ਅੱਗ ਲਗਾ ਦਿੱਤੀ। ਗੁਰੰਗ ਨੇ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ। ਪੁਲੀਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਸ਼ੁਰੂ ਵਿੱਚ ਮੰਤਰੀ ਦੇ ਘਰ ’ਤੇ ਪੱਥਰ ਸੁੱਟੇ, ਜਿਸ ਤੋਂ ਬਾਅਦ ਹਾਲਾਤ ਅੱਗਜ਼ਨੀ ਤੱਕ ਪਹੁੰਚ ਗਏ।  ਪ੍ਰਦਰਸ਼ਨਕਾਰੀਆਂ ਨੇ  ਤੜਕਸਾਰ ਤੋਂ ਹੀ ਸੜਕਾਂ ਨੂੰ ਰੋਕਣ ਲਈ ਟਾਇਰ ਸਾੜੇ। ਉਨ੍ਹਾਂ ਨੇ ‘ਕੇਪੀ ਚੋਰ, ਦੇਸ਼ ਛੱਡੋ’, ‘ਭ੍ਰਿਸ਼ਟ ਨੇਤਾਵਾਂ ਵਿਰੁੱਧ ਕਾਰਵਾਈ ਕਰੋ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਲਲਿਤਪੁਰ ਦੇ ਖੁਮਲਤਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੇ ਘਰ ਦੀ ਵੀ ਭੰਨਤੋੜ ਕੀਤੀ। ਉਨ੍ਹਾਂ ਨੇ ਕਾਠਮੰਡੂ ਦੇ ਬੁਢਾਨੀਲਕੰਠਾ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਦੇ ਘਰ ਦੇ ਸਾਹਮਣੇ ਵੀ ਪ੍ਰਦਰਸ਼ਨ ਕੀਤਾ।

ਤਾਜ਼ਾ ਸਥਿਤੀ-

ਨੇਪਾਲ ਦਾ ਕੰਟਰੋਲ ਫੌਜ ਵਲੋਂ ਸੰਭਾਲਣ ਉਪਰੰਤ ਨਵੀ ਅੰਤਰਿਮ ਸਰਕਾਰ ਬਣਾਉਣ ਦੀ ਚਰਚਾ ਹੈ। ਪਹਿਲਾਂ ਇਹ ਚਰਚਾ ਸੀ ਕਿ ਕਾਠਮੰਡੂ ਦੇ ਮੇਅਰ ਤੇ ਨੌਜਵਾਨ ਆਗੂ ਬਲੇਂਦਰ ਸ਼ਾਹ ਨਵੇਂ ਅੰਤਰਿਮ ਪ੍ਰਧਾਨ ਮੰਤਰੀ ਹੋ ਸਕਦੇ ਹਨ ਪਰ ਬਾਦ ਵਿਚ ਉਹਨਾਂ ਨੇ ਨਵਾਂ ਅੰਤਰਿਮ ਪ੍ਰਧਾਨ ਮੰਤਰੀ ਬਣਾਉਣ ਲਈ ਸੁਪਰੀਮ ਕੋਰਟ ਦੀ ਸਾਬਕਾ ਜਸਟਿਸ ਸੁਸ਼ੀਲਾ ਕਾਰਕੀ ਨੂੰ ਬਣਾਏ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਨੇਪਾਲ ਵਿਚ ਜੈਨ ਜ਼ੀ ਦੀ ਅਗਵਾਈ ਕਰਨ ਵਾਲੇ ਦੋ ਆਗੂ ਹਨ ਜਿਹਨਾਂ ਵਿਚ ਇਕ ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਅਤੇ ਦੂਸਰੇ ਹਾਮੀ ਨੇਪਾਲ ਸੰਸਥਾ ਦੇ ਬਾਨੀ ਸੂਦਨ ਗੁਰੰਗ। ਇਹਨਾਂ ਦੋਵਾਂ ਆਗੂਆਂ ਨੇ ਹੀ ਨਵੀਂ ਪੀੜੀ ਨੂੰ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ ਸੋਸ਼ਲ ਮੀਡੀਆ ਰਾਹੀਂ ਉਤਸ਼ਾਹਿਤ ਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਹਨਾਂ ਵਲੋਂ ਹੀ ਪ੍ਰਧਾਨ ਮੰਤਰੀ ਤੇ ਮੰਤਰੀਆਂ ਦੇ ਬੱਚਿਆਂ ਦੀ ਐਸ਼ੋ ਆਰਾਮ ਵਾਲੀ ਜਿੰਦਗੀ ਤੇ ਉਹਨਾਂ ਦੀਆਂ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਰੀਲਾਂ ਦਾ ਵਿਰੋਧ ਕਰਦਿਆਂ ਨੌਜਵਾਨਾਂ ਨੂੰ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ ਜਾਗਰੁਕ ਕੀਤਾ। ਉਂਜ ਸਮਝਿਆ ਇਹ ਵੀ ਜਾਂਦਾ ਹੈ ਕਿ ਨੇਪਾਲ ਵਿਚ ਸਰਕਾਰ ਦਾ ਤਖਤਾ ਪਲਟ ਪਿੱਛੇ ਕਈ ਹੋਰ ਤਾਕਤਾਂ ਵੀ ਕੰਮ ਕਰ ਰਹੀਆਂ ਸਨ। ਜੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦਾ ਚੀਨ ਵੱਲ ਝੁਕਾਅ ਭਾਰਤ ਤੇ ਅਮਰੀਕਾ ਨੂੰ ਪਸੰਦ ਨਹੀ ਸੀ ਤਾਂ ਨੇਪਾਲ ਦੀ ਰਾਜਾਸ਼ਾਹੀ ਵੀ ਜਮਹੂਰੀ ਸਰਕਾਰ ਦੇ ਖਿਲਾਫ ਕੰਮ ਕਰ ਰਹੀ ਹੈ। ਰੋਸ ਪ੍ਰਦਰਸ਼ਨਾਂ ਦੌਰਾਨ ਰਾਜਾਸ਼ਾਹੀ ਵਾਪਿਸ ਲਾਓ ਦੇ ਨਾਅਰੇ ਵੀ ਗੂੰਜਦੇ ਰਹੇ ਹਨ। ਪ੍ਰਧਾਨ ਮੰਤਰੀ ਓਲੀ ਦੇ ਦੇਸ਼ ਛੱਡਕੇ ਚੀਨ ਵਿਚ ਸ਼ਰਨ ਲੈਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਨੇੇਪਾਲ ਵਿਚ 240 ਸਾਲ ਦੀ ਰਾਜਾਸ਼ਾਹੀ ਦੇ ਖਾਤਮੇ ਉਪਰੰਤ ਅਪ੍ਰੈਲ 1990 ਵਿਚ ਜਮਹੂਰੀ ਸਰਕਾਰ ਚੁਣੀ ਗਈ। ਰਾਜਾ ਗਿਆਨੇਂਦਰ ਨੇ 2001 ਤੋਂ 2008 ਤੱਕ ਮੁੜ ਸੱਤਾ ਸੰਭਾਲੀ ਪਰ ਹੁਣ ਤੱਕ ਨੇਪਾਲ ਵਿਚ ਸਿਆਸੀ ਉਥਲ ਪੁੱਥਲ ਹੀ ਹੁੰਦੀ ਰਹੀ। ਅੱਜ ਵੀ ਮੁਲਕ ਵਿਚ ਰਾਜਾਸ਼ਾਹੀ ਤੇ ਜਮਹੂਰੀ ਢਾਂਚੇ ਵਿਚਾਲੇ ਕਸ਼ਮਕਸ਼ ਜਾਰੀ ਹੈ। ਚੁਣੀਆਂ ਹੋਈਆਂ ਸਰਕਾਰਾਂ ਦੇ ਭ੍ਰਿਸ਼ਟਾਚਾਰ ਨੇ ਲੋਕਾਂ ਵਿਚ ਵਧੇਰੇ ਉਪਰਾਮਤਾ ਪੈਦਾ ਕੀਤੀ ਹੈ।

ਅਸਤੀਫਾ ਦੇਕੇ ਭੱਜਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ
ਕਾਠਮੰਡੂ ਦਾ ਨੌਜਵਾਨ ਮੇਅਰ ਬਲੇਂਦਰ ਸ਼ਾਹ
ਹਾਮੀ ਨੇਪਾਲ ਦਾ ਨੇਤਾ ਸੂਦਨ ਗੁਰੰਗ
ਸੁਸ਼ੀਲਾ ਕਾਰਕੀ ਸਾਬਕਾ ਚੀਫ ਜਸਟਿਸ
ਰਾਜਾ ਗਿਆਨੇਂਦਰ