ਲੇਖਕ: ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਛੇਹਰਟਾ -ਸੰਪਰਕ 9988066466
–ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਅਸਥਾਨ ਬਾਸਰਕੀ ਗਿਲਾਂ ਦੇ ਨਜ਼ਦੀਕ ਇਤਿਹਾਸਕ ਗੁ: ਸੰਨ੍ਹ ਸਾਹਿਬ ਦਾ ਇਤਿਹਾਸ ਲਗਭਗ ਪੌਣੀਆਂ ਪੰਜ ਸਦੀਆਂ ਪੁਰਾਣਾ ਹੈ । ਇਸ ਅਸਥਾਨ ਦੀ ਗਾਥਾ ਦਾ ਮੁੱਢ ਓਸ ਵੇਲੇ ਬੱਝਦਾ ਹੈ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਗੁਰੂ ਘਰ ਕੀਤੀਆਂ ਲਗਾਤਾਰ ਨਿਸ਼ਕਾਮ ਸੇਵਾਵਾਂ ਤੋਂ ਪ੍ਰਸੰਨ ਹੋਕੇ ਨੂੰ ਗੁਰਗੱਦੀ ਬਖਸ਼ ਦਿੱਤੀ ਤਾਂ ਆਪ ਦੇ ਇਕ ਪੁੱਤਰ ਦਾਤੂ ਨੇ ਤੀਸਰੇ ਪਾਤਸ਼ਾਹ ਜੀ ਨੂੰ ਲੱਤ ਵੀ ਮਾਰ ਦਿਤੀ ਪਰ ਨਿਮਰਤਾ ਦੀ ਮੂਰਤ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਵਲੋਂ ਬਖਸ਼ੀਆਂ ਸੇਵਾਵਾਂ ਦੇ ਮਿਸ਼ਨ ਦਾ ਪ੍ਰਵਾਹ ਜਾਰੀ ਰੱਖਿਆ ਹੋਇਆ ਸੀ । ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਅਤੇ ਭਾਈ ਦਾਸੂ ਵਲੋਂ ਓਨ੍ਹਾਂ ਨਾਲ ਈਰਖਾ ਵਾਲੇ ਵਰਤਾਰੇ ਨੂੰ ਵੱਧਦਾ ਮਹਿਸੂਸ ਕਰਦੇ ਹੋਏ ਆਪ ਜੀ ਨੇ ਸੰਗਤਾਂ ਨੂੰ ਦੱਸੇ ਬਿਨਾਂ ਘੋੜੀ ‘ਤੇ ਚੜ੍ਹਕੇ ਆਪਣੇ ਨਗਰ ਬਾਸਰਕੀ ਗਿਲਾਂ ਆਉਣਾ ਕੀਤਾ ਅਤੇ ਪਿੰਡ ਦੇ ਬਾਹਰ ਵਾਰ ਪਸ਼ੂ ਚਾਰਨ ਵਾਲੇ ਵਾਗੀਆਂ ਦੇ ਕੱਚੇ ਕੋਠੇ ਵਿਚ ਬਿਰਾਜਮਾਨ ਹੋਕੇ ਤੱਪ ਕਰਨਾ ਆਰੰਭ ਦਿਤਾ । ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਜੀ ਦੇ ਅਗਿਆਤਵਾਸ ਹੋਣ ਬਾਰੇ ਸੰਗਤਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਜੋਤ ਦੇ ਪਤਾ ਹੋਣ ਦਾ ਵਰ ਬਖਸ਼ਿਆ ਹੋਇਆ ਹੈ ਸੋ ਆਪ ਜੀ ਕਿਰਪਾ ਕਰਕੇ ਅਗਿਆਤਵਾਸ ਹੋਏ ਤੀਸਰੇ ਗੁਰੂ ਜੀ ਨੂੰ ਪ੍ਰਗਟ ਕਰਕੇ ਦਰਸ਼ਨ ਕਰਵਾਓ । ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਜੀ ਨੂੰ ਬਾਸਰਕੀ ਗਿਲਾਂ ਛੱਡਕੇ ਗਈ ਓਸੇ ਘੋੜੀ ਨੂੰ ਅਗੇ ਲਾਕੇ ਸੰਗਤਾਂ ਸਮੇਤ ਪੈਦਲ ਸ਼ਬਦ ਚੌਂਕੀ ਸਜਾਕੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੇ ਜਨਮ ਅਸਥਾਨ ਪਿੰਡ ਬਾਸਰਕੀ ਗਿਲਾਂ ਦੇ ਬਾਹਰਵਾਰ ਪਹੁੰਚਣਾ ਕੀਤਾ । ਜਿਸ ਕੱਚੇ ਕੋਠੇ ਅਗੇ ਘੋੜੀ ਆਣਕੇ ਖੜ੍ਹੀ ਹੋਈ ਓਸ ਕੋਠੇ ਦੇ ਬੂਹੇ ‘ਤੇ ਇਕ ਤਖ਼ਤੀ ਉਪਰ ਲਿਖਿਆ ਹੋਇਆ ਸੀ ਕਿ “ਜਿਹੜਾ ਪ੍ਰਾਣੀ ਇਸ ਕੋਠੇ ਦਾ ਬੂਹਾ ਖੋਲੇਗਾ ਓਹ ਮੇਰਾ ਸਿੱਖ ਨਹੀਂ” । ਸੰਗਤਾਂ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਜੀ ਵਲੋਂ ਤਖ਼ਤੀ ‘ਤੇ ਲਿਖੀ ਸਖ਼ਤ ਤਾੜਨਾ ਪੜ੍ਹਕੇ ਸਾਰੇ ਵੱਡੀ ਦੁਬਿਧਾ ਵਿੱਚ ਪੈ ਗਏ । ਇਸ ਪਰਖ ਦੀ ਘੜੀ ਵਿੱਚ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਨਾਲ ਕਈ ਤਰ੍ਹਾਂ ਦੇ ਮਸ਼ਵਰੇ ਕਰਨ ਲਗੀਆਂ ਪਰ ਕੋਈ ਹੱਲ ਨਾ ਨਿਕਲਦਾ ਦੇਖਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਜੀ ਦੇ ਬਚਨਾਂ ਦੀ ਹੁਕਮ ਅਦੂਲੀ ਨਾ ਹੋਵੇ ਅਤੇ ਮਸਲਾ ਵੀ ਹੱਲ ਹੋ ਜਾਵੇ ਬਾਰੇ ਸੰਗਤਾਂ ਨੂੰ ਆਪਣਾ ਫੈਸਲਾ ਸੁਣਾਇਆ ਕਿ ਗੁਰੂ ਜੀ ਦੇ ਦਰਸ਼ਨ ਕਰਨ ਲਈ ਕੋਠੇ ਦੇ ਪਿਛਲੇ ਪਾਸੇ ਸੰਨ੍ਹ ਲਾਕੇ ਕੋਠੇ ਅੰਦਰ ਤੱਪ ਕਰ ਰਹੇ ਗੁਰੂ ਜੀ ਦੇ ਦਰਸ਼ਨ ਕੀਤੇ ਜਾਣ । ਬਾਬਾ ਜੀ ਦੇ ਜੱਟਕਾ ਫੈਸਲੇ ਨੂੰ ਸੁਣਕੇ ਸੰਗਤਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ । ਸੰਨ੍ਹ ਲਾਉਣ ਵਾਲਾ ਸੰਦ ਲੈਕੇ ਬਾਬਾ ਬੁੱਢਾ ਸਾਹਿਬ ਜੀ ਨੇ ਕੱਚੇ ਕੋਠੇ ਦੇ ਪਿਛਲੇ ਪਾਸੇ ਸੰਨ੍ਹ ਲਾਕੇ ਅੰਦਰ ਜਾਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਏ । ਤੀਸਰੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਬਚਨ ਕਰਦੇ ਹੋਏ ਕਿਹਾ ਕਿ “ਬਾਬਾ ਜੀ ਆਪ ਨੇ ਬੂਹੇ ਉਪਰ ਲਿਖੀ ਤਖ਼ਤੀ ਨਹੀਂ ਪੜ੍ਹੀ਼ ? ਜਿਸ ਉਪਰ ਅਸੀਂ ਲਿਖਿਆ ਸੀ ਕਿ ਜੋ ਬੂਹੇ ਦਾ ਦਰਵਾਜ਼ਾ ਖੋਲ੍ਹੇਗਾ ਓਹ ਸਾਡਾ ਸਿੱਖ ਨਹੀਂ ਹੋਵੇਗਾ” ਤਾਂ ਬਾਬਾ ਜੀ ਨੇ ਤੀਸਰੇ ਸਤਿਗੁਰੂ ਜੀ ਅਗੇ ਨਿਮਰਤਾ ਵਿਚ ਹੱਥ ਜੋੜਕੇ ਬਚਨ ਕੀਤਾ ਕਿ “ਦੀਨ ਦੁਨੀ ਦੇ ਪਾਤਸ਼ਾਹ ਜੀਓ ਅਸੀਂ ਪੜਿਆ ਹੈ ਅਤੇ ਆਪ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਦਰਵਾਜ਼ਾ ਨਹੀਂ ਖੋਲ੍ਹਿਆ ਪਰ ਆਪ ਜੀ ਦੇ ਦਰਸ਼ਨਾਂ ਲਈ ਬੇਹਬਲ ਹੋਈ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਕੋਠੇ ਦੇ ਪਿਛਲੇ ਪਾਸੇ ਸੰਨ੍ਹ ਲਾਕੇ ਹਾਜ਼ਰ ਹੋਏ ਹਾਂ ਜੀ”। ਜਦ ਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਵਲੋਂ ਲਾਈ ਸੰਨ੍ਹ ਵੱਲ ਧਿਆਨ ਮਾਰਿਆ ਤਾਂ ਇਕ ਦਮ ਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵਲੋਂ ਵਰਤੀ ਸੂਝ-ਬੂਝ ਨੂੰ ਵੇਖਦਿਆਂ ਬਾਬਾ ਜੀ ਦੇ ਕਰ ਕਮਲਾਂ ਨਾਲ ਲਾਈ ਸੰਨ੍ਹ ਨੂੰ ਵਰਦਾਨ ਦੇ ਦਿੱਤਾ ਕਿ “ਜੋ ਵੀ ਪ੍ਰਾਣੀ ਇਸ ਸੰਨ੍ਹ ਵਿਚੋਂ ਦੀ ਲੰਘ ਜਾਵੇਗਾ ਓਸ ਦੀ ਚੌਰਾਸੀ ਕੱਟੀ ਜਾਵੇਗੀ”। ਗੁਰੂ ਜੀ ਵਲੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੋਲੇ ਵਰ ਰੂਪੀ ਫੁਰਮਾਨ ਹਨ—– “ਸੰਨ੍ਹ ਬੀਚ ਪਰ ਜੋ ਲਖ ਜਾਵੇ। ਸੋ ਨਰ ਜਮ ਕੈ ਪੰਥ ਨਾ ਪਾਵੈ”—। ਇਸ ਅਸਥਾਨ ‘ਤੇ ਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਜੀ ਨੇ 1965 ਈ: ਦੌਰਾਨ ਬਹੁਤ ਹੀ ਆਲੀਸ਼ਾਨ ਗੁਰਦੁਆਰਾ ਅਤੇ ਵੱਡਾ ਸਰੋਵਰ ਤਾਮੀਰ ਕਰਵਾਇਆ ਗਿਆ ਹੈ । ਗੁ: ਸੰਨ੍ਹ ਸਾਹਿਬ ਵਿਖੇ ਪੁਰਾਤਨ ਸਮੇਂ ਤੋਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ‘ਤੇ ‘ਸਾਲਾਨਾ ਚੌਰਾਸੀ ਕੱਟ ਜੋੜ ਮੇਲਾ’ ਮਨਾਇਆ ਜਾ ਰਿਹਾ ਹੈ । ਸਾਲਾਨਾ ਜੋੜ ਮੇਲਾ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁ: ਸੰਨ੍ਹ ਸਾਹਿਬ ਦੇ ਅੰਦਰ ਬਣੀ ਸੰਨ੍ਹ ਵਿਚੋਂ ਸਿਮਰਨ ਕਰਦਿਆਂ ਲੰਘਕੇ ਆਪਣੇ ਆਪ ਨੂੰ ਵਡਭਾਗੀ ਸਮਝਦੀਆਂ ਹਨ ।

