ਐਡਮਿੰਟਨ, (ਸਤੀਸ਼ ਸਚਦੇਵਾ, ਗੁਰਪ੍ਰੀਤਸਿੰਘ)- ਮਿੱਲਵੁਡਜ਼ ਕਲਚਰਲ ਸੀਨੀਅਰ ਸੁਸਾਇਟੀ ਐਡਮਿੰਟਨ ( ਅਲਬਰਟਾ ) ਵਿਖੇ ਬੀਤੇ ਦਿਨ “ਜੱਗ ਜਿਉਂਦਿਆਂ ਦੇ ਮੇਲੇ” ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਸੰਸਥਾ ਦੇ ਪ੍ਰਧਾਨ ਸ: ਸੁਦਾਗਰ ਸਿੰਘ ਵੱਲੋਂ ਸੰਸਥਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਮਹਾਨ ਸ਼ਹੀਦਾਂ, ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਇਸ ਸੰਸਥਾ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਇੱਥੇ ਆ ਕੇ ਮਾਨਸਿਕ ਬੋਝ, ਤਣਾਅ ਤੋਂ ਮੁਕਤੀ ਲਈ ਤਾਸ਼ ਖੇਡ ਕੇ, ਟੇਬਲ ਪੂਲ , ਲਾਇਬ੍ਰੇਰੀ, ਜਿੰਮ ਆਦਿ ਦਾ ਆਨੰਦ ਮਾਣ ਕੇ ਮਨੋਰੰਜਨ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੀਨੀਅਰਜ਼ ਸਤੰਬਰ, ਅਕਤੂਬਰ, ਨਵੰਬਰ ਵਿੱਚ ਪੰਜਾਬ ‘ਚ ਵਾਪਸੀ ਕਰਦੇ ਹਨ , ਉਨ੍ਹਾਂ ਦੀ ਤੰਦਰੁਸਤੀ, ਨਰੋਈ ਸਿਹਤ ਦੀ ਕਾਮਨਾ ਕਰਦਿਆਂ ਖੁਸ਼ੀ ਖੁਸ਼ੀ ਵਿਦਾਇਗੀ ਦਿੰਦਿਆਂ ਇਸ ਪ੍ਰੋਗਰਾਮ ਦੀ ਪਿਛਲੇ ਸਾਲਾਂ ਵਿੱਚ ਸ਼ੁਰੂਆਤ ਕੀਤੀ ਗਈ ਸੀ, ਉਨ੍ਹਾਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦੀਆਂ ਲਾਈਨਾਂ “ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ , ਲੈ ਕੇ ਜਿਸ ਤੋਂ ਛਾਂ ਹੁਦਾਰੀ ਰੱਬ ਨੇ ਸਵਰਗ ਬਣਾਏ“ ਬੋਲਿਆ। ਸ: ਪਰਗਟ ਸਿੰਘ ਰੰਧਾਵਾ ਨੇ ਕਵਿਤਾ “ਜੁੱਗੋ ਜੁੱਗ ਵਸਦਾ ਰਹੇ ਇਹ ਸੋਹਣਾ ਦੇਸ਼ ਕੈਨੇਡਾ”, ਸੰਸਥਾ ਦੇ ਖਜ਼ਾਨਚੀ ਸ: ਅਮਰਜੀਤ ਸਿੰਘ ਵਿਰਦੀ ਹੋਰਾਂ ਵੀ ਬਹੁਤ ਖੂਬਸੂਰਤ ਕਵਿਤਾ ਪੇਸ਼ ਕੀਤੀ । ਸੰਸਥਾ ਦੇ ਸੀਨੀਅਰ ਮੈਂਬਰ ਸਤੀਸ਼ ਸਚਦੇਵਾ ਨੇ “ਮਾਂ ਦਾ ਕਰਜ਼” ਕਵਿਤਾ ਰਾਹੀਂ ਅਜੋਕੀ ਪੀੜ੍ਹੀ ਨੂੰ ਹਲੂਣਿਆਂ, ਜੋ ਸ਼ਹਿਰਾਂ ‘ਚਵੱਸਣ ਕਰਕੇ ਜਾਂ ਵਿਦੇਸ਼ਾਂ ਵਿੱਚ ਵੱਸਣ ਕਰਕੇ ਆਪਣੇ ਮਾਂ ਬਾਪ ਨੂੰ ਬੁਢਾਪੇ ਵਿੱਚ ਛੱਡ ਕੇ ਆਪਣੇ ਸੁੱਖ ਆਰਾਮ ਨੂੰ ਤਰਜੀਹ ਦੇ ਰਹੀ ਹੈ, ਉਨ੍ਹਾਂ ਦੀ ਬੁਢਾਪੇ ‘ਚ ਸਾਂਭ-ਸੰਭਾਲ ਤੋ ਮੁੱਖ ਮੋੜ ਰਹੀ ਹੈ, ਉਨ੍ਹਾਂ ਨੂੰ ਆਪਣੇ ਫਰਜ਼ਾਂ ਨੂੰ ਪਹਿਚਾਨਣ ਪ੍ਰਤੀ ਪ੍ਰੇਰਿਤ ਕੀਤਾ। ਸ: ਪਾਖਰ ਸਿੰਘ ਰੰਧਾਵਾ ਅਤੇ ਸਾਬਕਾ ਪ੍ਰੋ ਬਲਤੇਜ ਸਿੰਘ ਗਿੱਲ ਨੇ ਤਰੰਨਮ ਵਿੱਚ ਕਵਿਤਾਵਾਂ ਗਾ ਕੇ ਵਾਹ- ਵਾਹ ਕਰਾ ਦਿੱਤੀ। ਸੰਸਥਾ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰ ਜਲੰਧਰ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਰੰਗ ਬੰਨ੍ਹਿਆ। ਸੀਨੀਅਰ ਮੈਂਬਰ ਐਡਵੋਕੇਟ ਸ: ਗੁਰਬਖਸ਼ ਸਿੰਘ ਬੈਂਸ ਨੇ ਵੀ ਖੂਬਸੂਰਤ ਪੇਸ਼ਕਾਰੀ ਕੀਤੀ । ਸੰਸਥਾ ਦੇ ਸੈਕਟਰੀ ਸਾਬਕਾ ਅਧਿਆਪਕ ਸ: ਸੁਖਦੇਵ ਸਿੰਘ ਬੈਨੀਪਾਲ ਨੇ ਸਾਰੇ ਪ੍ਰੋਗਰਾਮ ਦੀ ਬਹੁਤ ਹੀ ਖੂਬਸੂਰਤ ਕਾਰਵਾਈ ਚਲਾ ਕੇ ‘ਜੱਗ ਜਿਉਂਦਿਆਂ ਦੇ ਮੇਲੇ’ ਨੂੰ ਚਾਰ ਚੰਦ ਲਗਾਏ । ਅਖੀਰ ਵਿੱਚ ਉੱਪ ਪ੍ਹਧਾਨ ਕਿਸ਼ਨ ਜੌਹਨ ਨੇ ਆਏ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਸੰਸਥਾ ਦੇ ਸੀਨੀਅਰ ਮੈਂਬਰ ਨੰਬਰਦਾਰ ਜੋਗਾ ਸਿੰਘ ਵੱਲੋਂ ਸਮੂਹ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਵਧੀਆ ਪ੍ਰਬੰਧ ਕੀਤਾ।









