Mar 7, 2026
ਨੌਜਵਾਨਾਂ ਨੇ ਵੀਡੀਓ ਕਾਲ ਰਾਹੀਂ ਭਾਰਤ ਸਰਕਾਰ ਨੂੰ ਬਚਾਉਣ ਦੀ ਕੀਤੀ ਅਪੀਲ-
ਨਵੀ ਦਿੱਲੀ ( ਦਿਓਲ)- ਖਬਰਾਂ ਹਨ ਕਿ ਲਗਪਗ ਨੌਂ ਭਾਰਤੀ ਨਾਗਰਿਕਾਂ ਨੂੰ  ਰੂਸ-ਯੂਕਰੇਨ ਯੁੱਧ ’ਚ ਲੜਨ ਲਈ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ  ਨੇ ਇੱਕ ਨਵੀਂ ਅਡਵਾਇਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਨਾਗਰਿਕਾਂ ਨੂੰ ਅਜਿਹੀਆਂ ਪੇਸ਼ਕਸ਼ਾਂ ਤੋਂ ਸੁਚੇਤ ਰਹਿਣ ਦੀ ਤਾੜਨਾ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ, ‘‘ਅਸੀਂ ਹਾਲ ਹੀ ਵਿੱਚ ਰੂਸੀ ਫੌਜ ’ਚ ਭਾਰਤੀ ਨਾਗਰਿਕਾਂ ਨੂੰ ਭਰਤੀ ਕਰਨ ਬਾਰੇ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ, ਪਿਛਲੇ ਸਾਲ ਕਈ ਮੌਕਿਆਂ ’ਤੇ, ਇਸ ਕਾਰਵਾਈ ਦੇ ਰਾਹ ਵਿੱਚ ਮੌਜੂਦ ਜੋਖਮਾਂ ਅਤੇ ਖ਼ਤਰਿਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਉਸ ਅਨੁਸਾਰ ਸਾਵਧਾਨ ਕੀਤਾ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਮਾਸਕੋ ਨਾਲ ਵਾਰ-ਵਾਰ ਇਹ ਮੁੱਦਾ ਉਠਾਇਆ ਹੈ ਅਤੇ ਪਰਿਵਾਰਾਂ ਨੂੰ ਅਧਿਕਾਰੀਆਂ ਨਾਲ ਨਜ਼ਦੀਕੀ ਸੰਪਰਕ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਇਸੇ ਦੌਰਾਨ  ਸਾਂਝੇ ਕੀਤੇ ਗਏ ਵੀਡੀਓ ਸੁਨੇਹਿਆਂ ਵਿੱਚ ਨੌਜਵਾਨ, ਬਹੁਤ ਸਾਰੇ ਪੰਜਾਬ, ਹਰਿਆਣਾ ਅਤੇ ਜੰਮੂ ਤੋਂ, ਰੂਸੀ ਫ਼ੌਜੀ ਵਰਦੀ ਪਹਿਨੇ ਹੋਏ ਅਤੇ ਤੁਰੰਤ ਦਖ਼ਲ ਦੀ ਅਪੀਲ ਕਰਦੇ ਦਿਖਾਈ ਦੇ ਰਹੇ ਹਨ।

ਲੁਧਿਆਣਾ ਤੋਂ ਸਮਰਜੀਤ ਸਿੰਘ ਨੇ ਪੰਜਾਬੀ ਵਿੱਚ ਬੋਲਦਿਆਂ ਕਿਹਾ, ‘‘ਅਸੀਂ ਰੂਸੀ ਫੌਜ ਵਿੱਚ ਫਸ ਗਏ ਹਾਂ। ਅਸੀਂ ਨੌਂ ਮੁੰਡੇ ਹਾਂ। ਅਸੀਂ ਇੱਥੇ ਵਿਦਿਆਰਥੀ ਵੀਜ਼ਾ ’ਤੇ ਆਏ ਸੀ। ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਸਾਨੂੰ ਖਾਣਾ ਨਹੀਂ ਮਿਲ ਰਿਹਾ ਹੈ ਅਤੇ ਸਾਨੂੰ ਰੋਜ਼ਾਨਾ ਫਰੰਟਲਾਈਨ ’ਤੇ ਭੇਜਿਆ ਜਾ ਰਿਹਾ ਹੈ।’’

ਜੰਮੂ ਤੋਂ ਸੁਮੀਤ ਸ਼ਰਮਾ ਨੇ ਵੀ ਇਸੇ ਤਰ੍ਹਾਂ ਦੇ ਡਰ ਨੂੰ ਦੁਹਰਾਉਂਦਿਆਂ ਕਿਹਾ, “ਸਾਨੂੰ ਏਜੰਟਾਂ ਨੇ ਧੋਖਾ ਦਿੱਤਾ ਹੈ। ਅਸੀਂ ਭਾਜਪਾ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡੀ ਮਦਦ ਕਰਨ ਦੀ ਅਪੀਲ ਕਰਦੇ ਹਾਂ।”

ਇੱਕ ਹੋਰ ਵਿਅਕਤੀ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਲੜਾਈ ਵਿੱਚ ਮਰ ਚੁੱਕੇ ਹਨ। ਉਸ ਨੇ ਕਿਹਾ, ‘‘ਸਾਨੂੰ ਮਾਸਕੋ ਵਿੱਚ ਕੰਮ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਦੀ ਬਜਾਏ, ਅਸੀਂ ਇਸ ਜੰਗ ਵਿੱਚ ਫਸ ਗਏ ਹਾਂ। ਸਥਿਤੀ ਭਿਆਨਕ ਹੈ, ਸਾਨੂੰ ਤੁਰੰਤ ਬਾਹਰ ਕੱਢੋ।’’