ਐਡਮਿੰਟਨ ( ਗੁਰਪ੍ਰੀਤ ਸਿੰਘ)- ਪ੍ਰਧਾਨ ਮੰਤਰੀ ਮਾਰਕ ਕਾਰਨੀ ਇਥੇੋ ਫੈਡਰਲ ਲਿਬਰਲ ਕੌਕਸ ਦੀ ਮੀਟਿੰਗ ਉਪਰੰਤ ਮੁਲਕ ਦੀ ਆਰਥਿਕਤਾ ਦੀ ਮਜ਼ਬੂਤੀ ਅਤੇ ਰਾਸ਼ਟਰ ਨਿਰਮਾਣ ਪ੍ਰੋਜੈਕਟਾਂ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪਹਿਲੇ ਪੜਾਅ ਵਿੱਚ ਇੱਕ ਐਲ ਐਨ ਜੀ (LNG) ਵਿਸਥਾਰ ਪ੍ਰੋਜੈਕਟ ਸਮਤੇ ਪੰਜ ਵੱਡੇ ਪ੍ਰਾਜੈਕਟਾਂ ਦੇ ਨਿਰਮਾਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਸਿਰਫ਼ ਨਵੀਆਂ ਬੰਦਰਗਾਹਾਂ, ਊਰਜਾ ਗਲਿਆਰਿਆਂ, ਤਰੱਕੀ ਦੇ ਹੋਰ ਇੰਜਣਾਂ ਵਲ ਹੀ ਧਿਆਨ ਨਹੀ ਦੇਵਾਂਗੇ ਬਲਕਿ ਕੈਨੇਡਾ ਦੇ ਭਵਿੱਖ ਲਈ ਹੋਰ ਸੁਪਨਮਈ ਸੀਮਾਵਾਂ ਵੀ ਖੋਲਾਂਗੇ।
ਪ੍ਰਧਾਨ ਮੰਤਰੀ ਨੇ ਪਹਿਲਾਂ ਪ੍ਰੋਜੈਕਟਾਂ ਦੀ ਸੂਚੀ ਨੂੰ ਸੰਯੁਕਤ ਰਾਜ ਅਮਰੀਕਾ ਨਾਲ ਚੱਲ ਰਹੇ ਵਪਾਰ ਯੁੱਧ ਦੇ ਵਿਚਕਾਰ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਨੂੰ ਫੈਡਰਲ ਸਰਕਾਰ ਦੀ ਯੋਜਨਾ ਦੇ ਇੱਕ ਨੀਂਹ ਪੱਥਰ ਵਜੋਂ ਦਰਸਾਇਆ ਹੈ। ਉਹਨਾਂ ਦੱਸਿਆ ਕਿ ਕਿਟੀਮੈਟ, ਬੀ.ਸੀ. ਵਿੱਚ ਸਥਿਤ ਐਲ.ਐਨ.ਜੀ. ਕੈਨੇਡਾ ਫੇਜ਼ 2, ਸੂਚੀ ਵਿੱਚ ਸ਼ਾਮਲ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਜਿਸਦੇ ਵਿਸਥਾਰ ਨਾਲ ਇਸਦੀ ਸਮਰੱਥਾ ਨੂੰ ਦੁਗਣਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਸਨ ਕਿ ਯੂਰਪ ਨੂੰ ਕੈਨੇਡੀਅਨ ਐਲ ਐਨ ਜੀ ਨਿਰਯਾਤ ਕਰਨਾ ਕੋਈ “ਕਾਰੋਬਾਰੀ ਮਾਮਲਾ” ਨਹੀਂ ਹੈ। ਪਰ ਹਾਲ ਹੀ ਦੇ ਮਹੀਨਿਆਂ ਵਿੱਚ, ਕਾਰਨੀ ਅਤੇ ਉਨ੍ਹਾਂ ਦੀ ਸਰਕਾਰ ਜਰਮਨੀ ਵਰਗੇ ਨਵੇਂ ਬਾਜ਼ਾਰਾਂ ਵਿੱਚ ਕੈਨੇਡੀਅਨ ਐਲ ਐਨ ਜੀ ਨੂੰ ਉਤਸ਼ਾਹਿਤ ਕਰ ਰਹੀ ਹੈ।
ਪ੍ਰਧਾਨ ਮੰਤਰੀ ਵਲੋਂ ਐਲਾਨੇ ਗਏ ਨਵੇਂ ਪ੍ਰਾਜੈਕਟਾਂ ਵਿਚ ਸ਼ਾਮਲ ਹਨ:
ਬੋਮੈਨਵਿਲ, ਓਨਟਾਰੀਓ ਵਿੱਚ ਡਾਰਲਿੰਗਟਨ ਨਿਊ ਨਿਊਕਲੀਅਰ ਪ੍ਰੋਜੈਕਟ, ਜੋ ਕੈਨੇਡਾ ਨੂੰ ਇੱਕ ਸੰਚਾਲਨ ਛੋਟਾ ਮਾਡਿਊਲਰ ਰਿਐਕਟਰ (SMR) ਵਾਲਾ ਪਹਿਲਾ G7 ਦੇਸ਼ ਬਣਾ ਦੇਵੇਗਾ।
ਕੌਂਟਰੇਕਿਊਰ, ਕਿਊਬੈਕ ਵਿੱਚ ਕੰਟਰੇਕਿਊਰ ਟਰਮੀਨਲ ਕੰਟੇਨਰ ਪ੍ਰੋਜੈਕਟ, ਜੋ ਕਿ ਮਾਂਟਰੀਅਲ ਬੰਦਰਗਾਹ ਦੀ ਸਮਰੱਥਾ ਨੂੰ ਲਗਭਗ 60 ਪ੍ਰਤੀਸ਼ਤ ਤੱਕ ਵਧਾਏਗਾ।
ਪੂਰਬੀ-ਕੇਂਦਰੀ ਸਸਕੈਚਵਨ ਵਿੱਚ ਮੈਕਇਲਵੇਨਾ ਬੇ ਫੋਰਨ ਕਾਪਰ ਮਾਈਨ ਪ੍ਰੋਜੈਕਟ ਅਤੇ ਉੱਤਰ-ਪੱਛਮੀ ਬ੍ਰਿਟਿਸ਼ ਕੋਲੰਬੀਆ ਵਿੱਚ ਰੈੱਡ ਕ੍ਰਿਸ ਮਾਈਨ ਦਾ ਵਿਸਥਾਰ।
ਜਾਣਕਾਰੀ ਮੁਤਾਬਿਕ ਇਹਨਾਂ ਪ੍ਰੋਜੈਕਟਾਂ ਉਪਰ ਕੈਨੇਡੀਅਨ ਅਰਥਵਿਵਸਥਾ ਲਈ $60 ਬਿਲੀਅਨ ਤੋਂ ਵੱਧ ਦਾ ਨਿਵੇਸ਼ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਹੋਰ ਪ੍ਰੋਜੈਕਟਾਂ ਦੀ ਵੀ ਪਛਾਣ ਕਰ ਰਹੇ ਹਨ ਜੋ ਯੋਜਨਾਬੰਦੀ ਦੇ ਸ਼ੁਰੂਆਤੀ ਪੜਾਵਾਂ ਵਿੱਚ ਹਨ, ਪਰ ਸੰਘੀ ਸਰਕਾਰ ਉਨ੍ਹਾਂ ਨੂੰ ਬਣਾਉਣ ਲਈ ਵਚਨਬੱਧ ਹੋਣ ਤੋਂ ਪਹਿਲਾਂ ਉਹਨਾਂ ਦਾ ਮੁਲਾਂਕਣ ਕਰ ਰਹੀ ਹੈ।
