ਲੇਖਕ: ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ- 9988066466।
ਸੰਨ੍ਹ 1518 ਈ: ਨੂੰ ਰਾਵੀ ਦਰਿਆ ਦੇ ਕੰਢੇ ਵਸੇ ਰਮਦਾਸ ਨਗਰ (ਜਿਥੇ ਗੁ: ਸੱਚਖੰਡ ਸ੍ਰੀ ਅੰਗੀਠਾ ਸਾਹਿਬ ਹੈ ਵਿਖੇ ਟਾਹਲੀ ਦੇ ਦਰੱਖਤ ਹੇਠਾਂ) ਬਾਲਕ ਬੁੜ੍ਹੇ ਦਾ 12 ਸਾਲ ਦੀ ਉਮਰ ਵਿੱਚ 1518 ਈ: ਨੂੰ ਡੰਗਰ ਚਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋਇਆ ਸੀ । ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਦਾ ਛੰਨਾ ਭੇਟ ਕੀਤਾ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸੇ ਸਮੇਂ ਹੀ ਕੋਲ ਬੈਠੇ ਬਾਲਕ ਬੁੜ੍ਹੇ ‘ਤੇ ਬੇਅੰਤ ਬਖਸ਼ਿਸਾਂ ਕਰ ਦਿਤੀਆਂ ਸਨ ਜਦ ਬਾਲਕ ਬੂੜਾ ਗੁਰੂ ਜੀ ਨੂੰ ਸਿਆਣਿਆਂ ਬਜ਼ੁਰਗਾਂ ਵਾਲੀਆਂ ਗੱਲਾਂ ਸੁਣਾ ਰਿਹਾ ਸੀ । ਗੁਰੂ ਜੀ ਨੇ ਬਚਨ ਕੀਤਾ ਸੀ ਕਿ ‘ਆਪ ਬੁੱਢਿਆਂ ਵਾਂਗ ਬਚਨ ਕਰਦੇ ਹੋ, ਸੋ ਆਪ ਬੂੜਾ ਨਹੀਂ ਬੁੱਢਾ ਹੋ’ ਓਸੇ ਦਿਨ ਤੋਂ ਹੀ ਬਾਲਕ ਬੁੜੇ ਨੂੰ ਸੰਗਤਾਂ ਬੁੱਢਾ ਕਹਿਣ ਲੱਗ ਪਈਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸੇਵਾਵਾਂ ਕਮਾਉਣ ਸਮੇਂ ਸੰਗਤਾਂ ਆਪ ਜੀ ਨੂੰ ‘ਬਾਬਾ ਬੁੱਢਾ’ ਦੇ ਨਾਮ ਨਾਲ ਜਾਨਣ ਲੱਗੀਆਂ । ਬਾਬਾ ਬੁੱਢਾ ਸਾਹਿਬ ਜੀ ਛੇ ਗੁਰੂ ਸਾਹਿਬਾਨ ਨਾਲ 113 ਸਾਲ ਮਹਾਨ ਸੇਵਾਵਾਂ ਕਮਾਉਣ ਉਪਰੰਤ 16 ਨਵੰਬਰ 1631 ਈ: ਨੂੰ ਆਪਣੇ ਨਗਰ ਰਮਦਾਸ (ਗੁ: ਤੱਪ ਅਸਥਾਨ ਸਾਹਿਬ) ਵਿਖੇ 394ਵੇਂ ਸਾਲ ਪਹਿਲਾਂ 125 ਸਾਲ ਦੀ ਉਮਰ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੋਦ ਵਿਚ ਪ੍ਰਲੋਕ ਗਮਨ ਕਰ ਗਏ ਸਨ । ਛੇਵੇਂ ਪਾਤਸ਼ਾਹ ਜੀ ਨੇ ਬਾਬਾ ਜੀ ਦੀ ਅਰਥੀ ਨੂੰ ਖੁਦ ਮੋਢਾ ਦੇਕੇ ਬਾਬਾ ਬੁੱਢਾ ਸਾਹਿਬ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਏ ਪਹਿਲੇ ਮਿਲਾਪ ਵਾਲੇ ਅਸਥਾਨ ‘ਤੇ ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਜੀ ਦਾ ਸਸਕਾਰ ਕੀਤਾ । ਇਥੇ ਪੁਰਾਤਨ ਟਾਹਲੀ ਦੇ ਦਰੱਖਤ ਹੇਠਾਂ ਬੈਠ ਕੇ ਬਾਬਾ ਜੇਠਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਸਕਾਰ ਸਮੇਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਸੀ । ਬਾਬਾ ਜੀ ਦੇ ਸਸਕਾਰ ਸਮੇਂ ਛੇਵੇਂ ਪਾਤਸ਼ਾਹ ਜੀ ਤੋਂ ਇਲਾਵਾ ਬਾਬਾ ਜੀ ਦੇ ਚਾਰੇ ਪੁੱਤਰ (ਬਾਬਾ ਸੁਧਾਰੀ ਜੀ, ਬਾਬਾ ਭਿਖਾਰੀ ਜੀ, ਬਾਬਾ ਮਹਿਮੂ ਜੀ ਅਤੇ ਬਾਬਾ ਭਾਨਾ ਜੀ) ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਅ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਛੇਵੇਂ ਪਾਤਸ਼ਾਹ ਜੀ ਦੇ ਜਰਨੈਲ ਬਾਬਾ ਬਿਧੀ ਚੰਦ ਜੀ ਅਤੇ ਹੋਰ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ । ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਰਮਦਾਸ ਨਗਰ ਕਈ ਦਿਨ ਰਹਿਕੇ ਬਾਬਾ ਜੀ ਦੀਆਂ ਅੰਤਮ ਰਸਮਾਂ ਆਪਣੇ ਹੱਥੀਂ ਪੂਰੀਆਂ ਕੀਤੀਆਂ ਸਨ । ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਹਰ ਸਾਲ ਗੁ: ਸੱਚਖੰਡ ਸ੍ਰੀ ਅੰਗੀਠਾ ਸਾਹਿਬ ਰਮਦਾਸ ਵਿਖੇ ਸਾਲਾਨਾ ਚੌਥ ਦਾ ਜੋੜ ਮੇਲਾ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਇਥੇ ਇਹ ਵਰਨਣਯੋਗ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਲੋਕ ਗਮਨ ਕਰਨ ਤੋਂ ਪਹਿਲਾਂ ਆਪਣੇ ਤੋਂ ਬਾਅਦ ਗੁਰੂ ਘਰ ਦੀਆਂ ਸੇਵਾਵਾਂ ਜਾਰੀ ਰੱਖਣ ਲਈ ਆਪਣੇ ਛੋਟੇ ਪੁੱਤਰ ਬਾਬਾ ਭਾਨਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੂੰ ਸੌਂਪ ਦਿੱਤਾ ਸੀ ।

