Mar 7, 2026

ਵਿਕਟੋਰੀਆ – ਬੀ.ਸੀ. ਦੀ ਪਹਿਲੀ ਤਿਮਾਹੀ ਰਿਪੋਰਟ (First Quarterly Report) ਦਰਸਾਉਂਦੀ ਹੈ ਕਿ ਵਿਸ਼ਵ ਭਰ ਵਿੱਚ ਵਪਾਰਕ ਟਕਰਾਅ ਕਾਰਨ ਪੈਦਾ ਹੋਈਆਂ ਰੁਕਾਵਟਾਂ ਅਤੇ ਅਨਿਸ਼ਚਿਤਤਾ ਦੇ ਬਾਵਜੂਦ ਬੀ.ਸੀ. ਦੀ ਆਰਥਿਕਤਾ ਸਥਿਰ ਹੈ।

“ਹਾਲਾਂਕਿ ਬੀ.ਸੀ. ਦੀ ਵਿਭਿੰਨ ਆਰਥਿਕਤਾ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਰਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੈਰਿਫ਼ ਸਾਡੀ ਆਰਥਿਕਤਾ ਲਈ ਚੁਣੌਤੀ ਪੈਦਾ ਕਰ ਰਹੇ ਹਨ ਅਤੇ ਸਾਡੀ ਵਿੱਤੀ ਸਥਿਤੀ ’ਤੇ ਦਬਾਅ ਪੈ ਰਿਹਾ ਹੈ,” ਵਿੱਤ ਮੰਤਰੀ, ਬਰੈਨਡਾ ਬੇਲੀ ਨੇ ਕਿਹਾ। “ਅਸੀਂ ਆਪਣੇ ਖ਼ਰਚਿਆਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿੱਥੇ ਅਸੀਂ ਕਰ ਸਕਦੇ ਹਾਂ ਸਮਝਦਾਰੀ ਨਾਲ ਕਟੌਤੀਆਂ ਕਰ ਰਹੇ ਹਾਂ, ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਅਤੇ ਬੀ.ਸੀ. ਲਈ ਇੱਕ ਸਥਿਰ ਆਰਥਿਕ ਭਵਿੱਖ ਬਣਾਉਣ ਲਈ ਅਸੀਂ ਆਪਣੇ ਨਿਵੇਸ਼ਾਂ ਵਿੱਚ ਕਾਰਜਨੀਤਕ ਹੋ ਕੇ ਨਵੀਨਤਾ ਨੂੰ ਉਤਸ਼ਾਹਤ ਕਰ ਰਹੇ ਹਾਂ, ਅਤੇ ਉਨ੍ਹਾਂ ਸੇਵਾਵਾਂ ਵਿੱਚ ਸਹਿਯੋਗ ਦੇ ਰਹੇ ਹਾਂ, ਜਿਨ੍ਹਾਂ ‘ਤੇ ਲੋਕ ਭਰੋਸਾ ਕਰਦੇ ਹਨ।

ਇਹ ਜਾਣਕਾਰੀ ਸਰਕਾਰ ਦੇ ਉਸ ਫੈਸਲੇ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ, ਜਿਸਦੇ ਤਹਿਤ ਮਹਿੰਗਾਈ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਕਾਰਬਨ ਟੈਕਸ ਖਤਮ ਕੀਤਾ ਗਿਆ, ਅਤੇ ਮਾਲੀਆ ਦੇ ਸਰੋਤਾਂ ਵਿੱਚ ਕਟੌਤੀ ਕੀਤੀ ਗਈ, ਜਿਵੇਂ ਕਿ ਪ੍ਰਾਪਰਟੀ ਟ੍ਰਾਂਸਫਰ ਟੈਕਸ, ਸੇਲਜ਼ ਟੈਕਸ, ਕੁਦਰਤੀ ਸਰੋਤ, ਫੈਡਰਲ ਸਰਕਾਰ ਦੇ ਯੋਗਦਾਨ ਅਤੇ ਵਧੇ ਹੋਏ ਫਾਇਰ ਮੈਨੇਜਮੈਂਟ ਖ਼ਰਚੇ। ਤਾਜ਼ਾ ਅਨੁਮਾਨ $11.6 ਬਿਲੀਅਨ ਦਾ ਡੈਫ਼ਿਸਿਟ[1] ਦਰਸਾਉਂਦਾ ਹੈ, ਜੋ ਕਿ ਬੱਜਟ ਨਾਲੋਂ $665 ਮਿਲੀਅਨ ਵੱਧ ਹੈ, ਅਤੇ ਇਸ ਤੋਂ ਬਾਅਦ ਅਗਲੇ ਸਾਲ $12.6 ਬਿਲੀਅਨ ਅਤੇ 2027-28 ਵਿੱਚ $12.3 ਬਿਲੀਅਨ ਹੈ।

2025-26 ਦਾ ਘਾਟਾ ਕੁਝ ਹੱਦ ਤੱਕ ਘੱਟ ਹੋਇਆ ਹੈ ਕਿਉਂਕਿ ਕਾਰਪੋਰੇਟ ਇਨਕਮ ਟੈਕਸ ਤੋਂ ਪਹਿਲਾਂ ਨਾਲੋਂ ਵੱਧ ਆਮਦਨ ਆਈ ਹੈ ਅਤੇ ਬੀ.ਸੀ. ਨੂੰ ਤੰਬਾਕੂ ਕੰਪਨੀਆਂ ਖਿਲਾਫ਼ $32.5 ਬਿਲੀਅਨ ਦੇ ਇਤਿਹਾਸਕ ਮੁਕੱਦਮੇ ਵਿੱਚੋਂ ਆਪਣਾ ਹਿੱਸਾ ਮਿਲਿਆ ਹੈ।  ਮੁਕੱਦਮੇ ਦੀ ਇਹ ਰਕਮ ਉਸ ਨੁਕਸਾਨ ਦੀ ਭਰਪਾਈ ਲਈ ਸੀ ਜੋ ਇਨ੍ਹਾਂ ਕੰਪਨੀਆਂ ਦੇ ਕੰਮ ਦਾ ਨਤੀਜਾ ਸੀ।

ਸੂਬਾ ਆਪਣੇ ਤਿੰਨ ਸਾਲਾਂ ਦੇ $1.5 ਬਿਲੀਅਨ ਦੇ ਖ਼ਰਚਾ-ਪ੍ਰਬੰਧਨ ਟੀਚੇ ਨੂੰ ਪੂਰਾ ਕਰਨ ਦੀ ਰਾਹ ‘ਤੇ ਹੈ, ਜਿਸ ਦਾ ਐਲਾਨ ਪਹਿਲੀ ਵਾਰ ਬੱਜਟ 2025 ਵਿੱਚ ਕੀਤਾ ਗਿਆ ਸੀ। ਇਸ ਵਿੱਚ ਇਸ ਵਿੱਤੀ ਸਾਲ ਵਿੱਚ $300 ਮਿਲੀਅਨ ਤੋਂ ਵੱਧ ਦੀ ਬੱਚਤ ਸ਼ਾਮਲ ਹੈ।

“ਅਸੀਂ ਇਹ ਯਕੀਨੀ ਬਣਾਉਣ ਲਈ ਖ਼ਰਚੇ ਜਾ ਰਹੇ ਹਰ ਡਾਲਰ ਦੀ ਸਮੀਖਿਆ ਕਰਨ ਦੀ ਵਚਨਬੱਧਤਾ ਕੀਤੀ ਹੈ ਕਿ ਇਹ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਅਤੇ ਇਸ ਦਾ ਨਤੀਜਾ ਇਸ ਸਾਲ ਸਾਡੀ $300 ਮਿਲੀਅਨ ਦੀ ਸ਼ੁਰੂਆਤੀ ਬੱਚਤ ਵਿੱਚ ਝਲਕਦਾ ਹੈ,” ਬੇਲੀ ਨੇ ਕਿਹਾ। “ਮੌਜੂਦਾ ਵਿੱਤੀ ਅਤੇ ਆਰਥਿਕ ਮਾਹੌਲ ਵਿੱਚ, ਅਸੀਂ ਉਨ੍ਹਾਂ ਪ੍ਰਮੁੱਖ ਸੇਵਾਵਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੰਨ੍ਹਾਂ ਦੀ ਲੋਕਾਂ ਅਤੇ ਪਰਿਵਾਰਾਂ ਨੂੰ ਲੋੜ ਹੈ, ਅਤੇ ਉਨ੍ਹਾਂ ਸੇਵਾਵਾਂ ਨੂੰ ਸੁਰੱਖਿਅਤ ਕਰ ਰਹੇ ਹਾਂ ਜਿਨ੍ਹਾਂ ‘ਤੇ ਅਸੀਂ ਸਾਰੇ ਹੁਣ ਅਤੇ ਭਵਿੱਖ ਲਈ ਨਿਰਭਰ ਹਾਂ। ਬੱਜਟ 2026 ਦੀ ਯੋਜਨਾ ਦੀ ਤਿਆਰੀ ਦੌਰਾਨ ਇਹ ਕੰਮ ਜਾਰੀ ਹੈ।”

ਵਪਾਰਕ ਅਨਿਸ਼ਚਿਤਤਾ ਦੇ ਦੌਰਾਨ, ਬੀ.ਸੀ. ਦੇ ਵਿਭਿੰਨ ਉਦਯੋਗ ਅਤੇ ਵਿਸ਼ਵ ਭਰ ਦੇ ਬਜ਼ਾਰਾਂ ਤੱਕ ਪਹੁੰਚ, ਸੂਬੇ ਦੀ ਆਰਥਿਕਤਾ ਨੂੰ ਸਹਿਯੋਗ ਦੇ ਰਹੇ ਹਨ। ਟੈਰਿਫਾਂ ਦੇ ਪ੍ਰਭਾਵਾਂ, ਵਿਸ਼ਵ ਆਰਥਿਕਤਾ ਵਿੱਚ ਮੰਦੀ, ਅਤੇ ਹਾਊਸਿੰਗ ਮਾਰਕਿਟ ਦੀ ਮੰਦੀ ਦੇ ਕਾਰਨ 2025 ਅਤੇ 2026 ਲਈ ਘੱਟ ਆਰਥਿਕ ਵਿਕਾਸ ਦੀ ਸੰਭਾਵਨਾ ਹੈ। ਬੀ.ਸੀ. ਦੀ ਆਰਥਿਕਤਾ ਅਗਲੇ ਕੁਝ ਸਾਲਾਂ ਵਿੱਚ ਮੁੜ ਠੀਕ ਹੋਣ ਦੀ ਉਮੀਦ ਹੈ। ਇਸ ਨੂੰ ਸਥਿਰ ਲੇਬਰ ਮਾਰਕਿਟ, ਲਿਕੁਇਫਾਇਡ ਨੈਚੁਰਲ ਗੈਸ ਦੇ ਨਿਰਯਾਤ ਅਤੇ ਵਧੇਰੇ ਘਰਾਂ ਦੇ ਨਿਰਮਾਣ ਨਾਲ ਸਹਿਯੋਗ ਮਿਲੇਗਾ।

“ਅਸੀਂ ਇੱਕ ਮਜ਼ਬੂਤ ਅਤੇ ਵਧੇਰੇ ਸਵੈ-ਨਿਰਭਰ ਕੈਨੇਡਾ ਵਿੱਚ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਬੀ.ਸੀ. ਨੂੰ ਸਥਾਪਤ ਕਰ ਰਹੇ ਹਾਂ, ਵੱਡੇ ਪ੍ਰਾਜੈਕਟਾਂ ਨਾਲ ਅੱਗੇ ਵਧ ਰਹੇ ਹਾਂ, ਜਿਸ ਵਿੱਚ ਫੈਡਰਲ ਸਰਕਾਰ ਦੁਆਰਾ ਪਛਾਣੇ ਗਏ ਪ੍ਰਾਜੈਕਟ ਵੀ ਸ਼ਾਮਲ ਹਨ, ਜੋ ਲੋਕਾਂ ਨੂੰ ਨੌਕਰੀਆਂ ਦਿੰਦੇ ਹਨ, ਆਰਥਿਕ ਵਿਕਾਸ ਨੂੰ ਅੱਗੇ ਵਧਾਉਂਦੇ ਹਨ ਅਤੇ ਮਜ਼ਬੂਤ ਭਾਈਚਾਰਿਆਂ ਨੂੰ ਸਹਿਯੋਗ ਦਿੰਦੇ ਹਨ,” ਬੇਲੀ ਨੇ ਕਿਹਾ।