Mar 7, 2026

ਅਕਾਲੀ ਵਰਕਰਾਂ ਵੱਲੋਂ ਹੜਪੀੜਤਾਂ ਦੀ ਸਹਾਇਤਾ ਲਈ ਅਕਾਲੀ ਦਲ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਭੇਜਣ ਦਾ ਫੈਸਲਾ-

ਦੌਲਤਪੁਰਾ ਪਰਿਵਾਰ ਨੇ ਹੜਪੀੜਤਾਂ ਦੀ ਸਹਾਇਤਾ ਲਈ 600 ਡਾਲਰ ਭੇਟ ਕੀਤੇ-

ਸਰੀ 23 ਸਤੰਬਰ (ਪਵਨ ਗਰੋਵਰ) -ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੈਨੇਡਾ ਦੇ ਦੌਰੇ ‘ਤੇ ਪਹੁੰਚੇ ਪ੍ਰਸਿੱਧ ਪੰਥ ਪ੍ਰਚਾਰਕ ਤੇ ਵਿਦਵਾਨ ਜਥੇਦਾਰ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਮੁੱਖ ਗ੍ਰੰਥੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਸਰੀ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੈਸਟ ਵੱਲੋਂ ਸ਼ਾਨਦਾਰ ਸਵਾਗਤ ਕਰਦਿਆਂ ਵਿਸ਼ੇਸ਼  ਸਨਮਾਨ ਕੀਤਾ ਗਿਆ। ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਮੋਗਾ ਅਤੇ ਸੀਨੀਅਰ ਅਕਾਲੀ ਆਗੂ ਬੂਟਾ ਸਿੰਘ ਦੌਲਤਪੁਰਾ ਅਤੇ ਕੁਲਦੀਪ ਸਿੰਘ ਦੌਲਤਪੁਰਾ ਦੇ ਗ੍ਰਹਿ ਵਿਖੇ ਰੱਖੇ ਇਕ ਸਾਦਾ ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਸ੍ਰ ਗੁਰਬਖਸ਼ ਸਿੰਘ ਸੰਘੇੜਾ ( ਬਾਗੀ ਸੰਘੇੜਾ), ਅਕਾਲੀ ਦਲ ਕੈਨੇਡਾ ਦੇ ਸੋਸ਼ਲ ਮੀਡੀਆ ਬੁਲਾਰੇ ਸ ਸੁਰਿੰਦਰਪਾਲ ਸਿੰਘ ਔਲਖ, ਯੂਥ ਆਗੂ ਅਤੇ  ਉੱਘੇ ਪੱਤਰਕਾਰ ਪਵਨ ਗਰੋਵਰ ਮੋਗਾ, ਸਤਵੀਰ ਸਿੰਘ ਸੱਤਾਜੰਗ, ਰਛਪਾਲ ਸਿੰਘ ਭੁੱਲਰ, ਸੰਤ ਸਿੰਘ ਢੀਂਡਸਾ, ਗੁਰਮੇਲ ਸਿੰਘ ਬੱਧਨੀ ਕਲਾਂ, ਜੋਗਿੰਦਰ ਸਿੰਘ ਬਿਲਾਸਪੁਰ, ਜੋਗਿੰਦਰ ਸਿੰਘ ਜ਼ੀਰਾ, ਹਰਮਨਪ੍ਰੀਤ ਸਿੰਘ ਗਿੱਲ, ਗੁਰਬਖਸ਼ ਸਿੰਘ ਗੋਪੀ, ਗੁਰਦੀਪ ਸਿੰਘ ਖਾਲਸਾ, ਮਨਵੀਰ ਸਿੰਘ ਅਕਾਲੀ ਸਮੇਤ ਅਨੇਕਾਂ ਸ਼ਖਸ਼ੀਅਤਾਂ ਨੇ ਸਿੰਘ ਸਾਹਿਬ ਹੁਰਾਂ ਨੂੰ ਸਿਰੋਪਾਓ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਕੀਰਤਪੁਰੀ ਨੇ ਕਿਹਾ ਕਿ ਪੰਜਾਬ ਵਿਚ ਆਏ ਹੜਾਂ ਨੇ ਜਿਥੇ ਭਾਰੀ ਤਬਾਹੀ ਮਚਾਈ ਹੈ ਉਥੇ ਹੜ ਪੀੜਤਾਂ ਦੀ ਸਹਾਇਤਾ ਤੇ ਮੁੜ ਵਸੇਬੇ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਤੇ ਹੋਰ ਸਿਆਸੀ ਤੇ ਸਮਾਜਿਕ ਸੰਸਥਾਵਾਂ ਵਲੋਂ ਵੱਡੇ ਪੱਧਰ ਤੇ ਸੇਵਾ ਕਾਰਜ ਆਰੰਭੇ ਗਏ ਹਨ। ਸੱਤ ਸਮੁੰਦਰੋਂ ਪਾਰ ਵੀ ਪੰਜਾਬੀਆਂ ਨੇ ਜਿੱਥੇ ਤਰੱਕੀ ਦੀਆਂ ਬੁਲੰਦੀਆਂ ਸਰ ਕੀਤੀਆਂ ਉੱਥੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਭਲਾਈ ਲਈ ਤਤਪਰ ਰਹਿਣ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਹਰੇਕ ਦੁੱਖ-ਸੁੱਖ ‘ਚ ਪੰਜਾਬੀਆਂ ਦੀ ਬਾਂਹ ਫੜ੍ਹੀ ਹੈ। ਉਨ੍ਹਾਂ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਮੌਜੂਦ ਹੋਰ ਆਗੂਆਂ ਤੇ ਵਰਕਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੇ ਮੁੜ-ਵਸੇਬੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲ਼ਾਘਾ ਕਰਦਿਆਂ ਇਸ ਮੁਹਿੰਮ ‘ਚ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ । ਸਥਾਨਕ ਅਕਾਲੀ ਆਗੂ ਸ ਗੁਰਬਖਸ਼ ਸਿੰਘ ਬਾਗੀ ਸੰਘੇੜਾ ਜਿਹਨਾਂ ਦੇ ਪਰਿਵਾਰ ਵਲੋਂ ਅਕਾਲੀ ਦਲ ਦੀ ਸੇਵਾ ਵਿਚ 1000 ਡਾਲਰ ਭੇਜੇ ਗਏ ਹਨ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਵਿਖੇ ਖੋਲ੍ਹੇ ਹੜ੍ਹ ਪ੍ਰਭਾਵਿਤ ਸਹਾਇਤਾ ਕੇਂਦਰ ਲਈ ਜਲਦ ਹੀ  ਹੋਰ ਸਹਾਇਤਾ ਰਾਸ਼ੀ ਇਕੱਤਰ ਕਰਕੇ, ਪਾਰਟੀ ਆਗੂਆਂ ਨੂੰ ਸੌਂਪੀ ਜਾਵੇਗੀ। ਇਸ ਮੌਕੇ ਸ ਕੁਲਦੀਪ ਸਿੰਘ ਦੌਲਤਪੁਰਾ ਤੇ ਪਰਿਵਾਰ ਵਲੋਂ ਅਕਾਲੀ ਦਲ ਦੇ ਸਹਾਇਤਾ ਕੇਂਦਰ  ਵਿਚ ਸੇਵਾ ਦਾ ਯੋਗਦਾਨ ਪਾਉਂਦਿਆਂ 600 ਡਾਲਰ ਭੇਟ ਕੀਤੇ ਗਏ।