ਵਿਕਟੋਰੀਆ – ਸੂਬਾ ਬੀ ਸੀ ਟਿੰਬਰ ਸੇਲਜ਼ (BCTS) ਦੀ ਭੂਮਿਕਾ ਨੂੰ ਵਧਾ ਰਿਹਾ ਹੈ ਅਤੇ ਮਜ਼ਬੂਤ ਕਰ ਰਿਹਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੀ.ਸੀ. ਦੇ ਜੰਗਲ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਜੰਗਲਾਤ ਨੌਕਰੀਆਂ ਅਤੇ ਸਮਰੱਥ ਅਤੇ ਮਜ਼ਬੂਤ ਜੰਗਲਾਂ ਲਈ ਸਹਿਯੋਗ ਮੁਹੱਈਆ ਕਰਦੇ ਰਹਿਣ। ਇਹ ਪ੍ਰਗਟਾਵਾ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਇਕ ਬਿਆਨ ਰਾਹੀਂ ਕਰਦਿਆਂ ਕਿਹਾ ਕਿ “ਬੀ.ਸੀ. ਦਾ ਜੰਗਲਾਤ ਖੇਤਰ ਜਲਵਾਯੂ ਵਿੱਚ ਤਬਦੀਲੀ, ਬਦਲਦੇ ਬਜ਼ਾਰ, ਅਤੇ ਬਦਲਦੇ ਵਪਾਰਕ ਸੰਬੰਧ ਦੇ ਨਤੀਜੇ ਵਜੋਂ ਮਹੱਤਵਪੂਰਨ ਤਬਦੀਲੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਅਣਿਸ਼ਚਿਤ ਸਮੇਂ ਵਿੱਚ, ਅਸੀਂ BCTS ਨੂੰ ਉਹ ਸਾਧਨ ਮੁਹੱਈਆ ਕਰ ਰਹੇ ਹਾਂ, ਜੋ ਇਸ ਨਾਜ਼ੁਕ ਦੌਰ ਦਾ ਸਾਹਮਣਾ ਕਰਨ ਲਈ ਜ਼ਰੂਰੀ ਹਨ। ਇਹ ਕਾਰਵਾਈ ਮਜ਼ਬੂਤ ਜੰਗਲਾਤ ਆਰਥਿਕਤਾ ਦਾ ਸਮਰਥਨ ਕਰਨ ਅਤੇ ਸੂਬੇ ਭਰ ਵਿੱਚ ਕਾਮਿਆਂ, ਕਸਬਿਆਂ, ਪਰਿਵਾਰਾਂ ਅਤੇ ਕੰਪਨੀਆਂ ਲਈ ਜਨਤਕ ਹਿੱਤਾਂ ਨੂੰ ਪੂਰਾ ਕਰਨ ਬਾਰੇ ਹੈ।”
ਇਹ ਬਦਲਾਅ ‘BCTS ਟਾਸਕ ਫੋਰਸ’ ਦੀ ਸਮੀਖਿਆ ਵਿੱਚ ਮਾਹਰਾਂ ਵੱਲੋਂ ਦਿੱਤੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਕੀਤਾ ਗਿਆ ਹੈ।
“ਅੱਜ ਜੰਗਲਾਤ ਉਦਯੋਗ ਅਤੇ ਉਹ ਅਨੇਕ ਭਾਈਚਾਰੇ ਜੋ ਇਸ ‘ਤੇ ਨਿਰਭਰ ਹਨ, ਵੱਡੇ ਦਬਾਅ ਹੇਠ ਹਨ,” BCTS ਟਾਸਕ ਫੋਰਸ ਦੇ ਮੈਂਬਰ, ਜੌਰਜ ਐਬਟ ਨੇ ਕਿਹਾ। “ਇਸ ਟਾਸਕ ਫੋਰਸ ਨੇ ਉਹ ਹੱਲ ਲੱਭਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ, ਜੋ ਲੰਬੇ ਸਮੇਂ ਲਈ ਉਦਯੋਗ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਸਕਦੇ ਹਨ, ਚਾਹੇ ਅਮਰੀਕਾ ਵੱਲੋਂ ਕੋਈ ਸਖ਼ਤ ਵਪਾਰਕ ਕਾਰਵਾਈ ਹੋਵੇ ਜਾਂ ਨਾ। ”
ਪਹਿਲਾਂ, BCTS ਦਾ ਕੰਮ ਸਿਰਫ਼ ਸਰਕਾਰੀ ਲੱਕੜ ਦੀ ਨਿਲਾਮੀ ਕਰਨਾ ਅਤੇ ਕੀਮਤ ਦੇ ਮਾਪਦੰਡ ਤੈਅ ਕਰਨਾ ਸੀ – ਬਿਨਾਂ ਇਸ ਗੱਲ ਦਾ ਧਿਆਨ ਦਿੱਤੇ ਕਿ ਜੰਗਲਾਤ ਖੇਤਰ ਦੀ ਮਜ਼ਬੂਤੀ ਅਤੇ ਲੰਬੇ ਸਮੇਂ ਲਈ ਸਥਿਰਤਾ ਕਿਵੇਂ ਯਕੀਨੀ ਬਣਾਈ ਜਾਵੇ।
BCTS ਦੀਆਂ ਜ਼ੁੰਮੇਵਾਰੀਆਂ ਦਾ ਵਧਾਇਆ ਗਿਆ ਦਾਇਰਾ ਚਾਰ ਮੁੱਖ ਹਿੱਸਿਆਂ ‘ਤੇ ਧਿਆਨ ਕੇਂਦਰਿਤ ਕਰਦਾ ਹੈ:
- ਲੋਕਾਂ ਲਈ ਚੰਗੀਆਂ ਨੌਕਰੀਆਂ ਦੇ ਨਾਲ ਪ੍ਰਫੁਲਤ ਭਾਈਚਾਰੀਆਂ ਦਾ ਨਿਰਮਾਣ ਕਰਨਾ
- ਨਿਰਮਾਣ ਦੇ ਖੇਤਰ ਵਿੱਚ ਵਿਭਿੰਨਤਾ ਦਾ ਸਮਰਥਨ ਕਰਨਾ
- ਫਰਸਟ ਨੇਸ਼ਨਜ਼ ਅਤੇ ਭਾਈਚਾਰਿਆਂ ਨਾਲ ਮਜ਼ਬੂਤ ਭਾਈਵਾਲੀ
- ਮਜ਼ਬੂਤ ਵਾਤਾਵਰਨ ਪ੍ਰਣਾਲੀਆਂ
ਜ਼ੁੰਮੇਵਾਰੀਆਂ ਦਾ ਵਧਾਇਆ ਗਿਆ ਦਾਇਰਾ ਇਹ ਯਕੀਨੀ ਬਣਾਉਂਦਾ ਹੈ ਕਿ BCTS ਹਰ ਭਾਈਚਾਰੇ ਅਤੇ ਲੱਕੜ ਨਿਰਮਾਤਾਵਾਂ ਦੀਆਂ ਵਿਸ਼ੇਸ਼, ਅਤੇ ਵਿਲੱਖਣ ਜ਼ਰੂਰਤਾਂ ਨਾਲ ਨਜਿੱਠਣ ਦੇ ਸਮਰੱਥ ਹੋਵੇ, ਤਾਂ ਜੋ ਜੰਗਲਾਤ ਕਾਰਜਾਂ ਅਤੇ ਉਨ੍ਹਾਂ ਸਥਾਨਕ ਮਿੱਲਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ, ਜੋ ਮੌਜੂਦਾ ਜਾਂ ਨਵੀਆਂ ਸਥਾਨਕ, ਸੁਤੰਤਰ ਜਾਂ ਮੁੱਲ ਵਧਾਉਣ ਵਾਲੀਆਂ ਜੰਗਲਾਤ ਪ੍ਰਕਿਰਿਆਵਾਂ ਵਿੱਚ ਨਿਵੇਸ਼ ਕਰ ਰਹੀਆਂ ਹਨ।
ਇਸ ਤੋਂ ਇਲਾਵਾ, ਜ਼ੁੰਮੇਵਾਰੀਆਂ ਦਾ ਵਧਾਇਆ ਗਿਆ ਦਾਇਰਾ, ਪ੍ਰਦਰਸ਼ਨ ਵਧਾਉਣ, ਹੋਰ ਫਾਈਬਰ ਭੇਜਣ ਅਤੇ ਮੌਜੂਦਾ ਗਾਹਕਾਂ, ਜਿਨ੍ਹਾਂ ਵਿੱਚ ਪ੍ਰਾਇਮਰੀ ਸੈਕਟਰ[1] ਵੀ ਸ਼ਾਮਲ ਹੈ, ਨੂੰ ਹੋਰ ਚੰਗੀਆਂ ਸੇਵਾਵਾਂ ਮੁਹੱਈਆ ਕਰਨ ਵਿੱਚ ਮਦਦ ਕਰੇਗਾ। BCTS ਹੁਣ ਅਜਿਹੇ ਨਿਵੇਸ਼ ਕਰਨ ਦੇ ਯੋਗ ਹੋਵੇਗਾ ਜੋ ਵਧੇਰੇ ਕਾਰਜਨੀਤਕ ਹੋਣ ਅਤੇ ਲੰਬੇ ਸਮੇਂ ਲਈ ਲਚਕੀਲੇਪਣ ਅਤੇ ਖੁਸ਼ਹਾਲੀ ‘ਤੇ ਕੇਂਦਰਿਤ ਹੋਣ।
BCTS ਟਾਸਕ ਫੋਰਸ ਨੇ ਕੁਝ ਸਿਫਾਰਸ਼ਾਂ ਦਿੱਤੀਆਂ ਹਨ ਜਿਸਦਾ ਮਕਸਦ ਇਹ ਹੈ:
- ਜੰਗਲਾਤ ਖੇਤਰ ਵਿੱਚ ਵਿਕਾਸ, ਮੁਕਾਬਲਾ ਅਤੇ ਵਿਭਿੰਨਤਾ ਪੈਦਾ ਕਰਨਾ;
- ਫਾਈਬਰ ਲਈ ਅਨੁਮਾਨਯੋਗ ਅਤੇ ਭਰੋਸੇਯੋਗ ਬਜ਼ਾਰ ਪਹੁੰਚ ਮੁਹੱਈਆ ਕਰਨਾ;
- ਨਿਰਮਾਣ ਖੇਤਰ ਲਈ ਫਾਈਬਰ ਤੱਕ ਪਹੁੰਚ ਵਿੱਚ ਵੱਖ-ਵੱਖ ਵਿਕਲਪ ਲਿਆਉਣਾ, ਜਿਸ ਵਿੱਚ ਮੁੱਲ ਵਧਾਉਣ ਵਾਲੀਆਂ ਸਹੂਲਤਾਂ ਸ਼ਾਮਲ ਹਨ;
- ਫਰਸਟ ਨੇਸ਼ਨਜ਼ ਅਤੇ ਭਾਈਚਾਰਿਆਂ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨਾ;
- ਠੇਕੇਦਾਰਾਂ, ਕਾਮਿਆਂ ਅਤੇ ਭਾਈਚਾਰਿਆਂ ਲਈ ਵਧੇਰੇ ਨੌਕਰੀਆਂ ਮੁਹੱਈਆ ਕਰਨਾ; ਅਤੇ
- ਨਵੀਨਤਾਕਾਰੀ, ਟਿਕਾਊ ਜੰਗਲਾਤ ਪ੍ਰਬੰਧਨ ਅਤੇ ਸੰਭਾਲ ਦੇ ਅਭਿਆਸਾਂ ਵਿੱਚ ਮੋਹਰੀ ਰਹਿਣਾ।
ਜੰਗਲਾਤ ਮੰਤਰਾਲਾ BCTS ਦੇ ਵਧਾਏ ਗਏ ਜ਼ੁੰਮੇਵਾਰੀਆਂ ਦੇ ਦਾਇਰੇ ਅਤੇ ਟਾਸਕਫੋਰਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਤੁਰੰਤ ਕਾਰਵਾਈ ਕਰ ਰਿਹਾ ਹੈ।
