ਵੈਨਕੂਵਰ (ਸਾਧੂ ਬਿਨਿੰਗ) -ਇੰਨਕਲਾਬ ਦੀ ਖੇਤੀ (ਫਾਰਮਿੰਗ ਦਾ ਰੈਵੋਲਿਊਸ਼ਨ) ਭਾਰਤੀ ਸਰਕਾਰ ਦੇ ਨਿਆਂਹੀਣ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸਾਲ ਭਰ ਚੱਲੇ ਮਹਾਨ ਅੰਦੋਲਨ (2020-21) ਉੱਤੇ ਨਿਰਦੇਸ਼ਕ ਨਿਸ਼ਠਾ ਜੇਨ ਵਲੋਂ ਬਣਾਈ ਇੱਕ ਦਸਤਾਵੇਜ਼ੀ ਫਿਲਮ ਹੈ ਜੋ ਹੁਣ ਤੱਕ ਕਈ ਇਨਾਮ ਜਿੱਤ ਚੁੱਕੀ ਹੈ। ਇਹ ਫਿਲਮ ਗੁਰਸ਼ਰਨ ਸਿੰਘ ਯਾਦਗਾਰੀ ਲੈਕਚਰ ਕਮੇਟੀ ਵਲੋਂ 5 ਅਕਤੂਬਰ ਨੂੰ ਸਰੀ ਵਿੱਚ ਦਿਖਾਈ ਜਾਵੇਗੀ।
ਭਾਰਤ ਵਿਚ ਅਮੀਰ ਜਮਾਤ ਲਈ ਕੰਮ ਕਰਨ ਵਾਲੀ ਮੋਦੀ ਸਰਕਾਰ ਨੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਲਈ ਤਿੰਨ ਨਵੇਂ ਕਾਨੂੰਨ ਬਣਾਏ ਸਨ। ਭਾਰਤੀ ਕਿਸਾਨਾਂ ਨੇ, ਤੇ ਖਾਸ ਕਰ ਪੰਜਾਬੀ ਕਿਸਾਨਾਂ ਨੇ, ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਬੀੜਾ ਚੁੱਕਿਆ। ਕੋਵਿਡ ਮਹਾਂਮਾਰੀ ਦੇ ਲਾਕਡਾਊਨ ਸਮੇਂ ਦੌਰਾਨ ਹਰ ਕਿਸਮ ਦੇ ਤਸੀਹਿਆਂ ਵਰਗੇ ਮੌਸਮ ਅਤੇ ਸਰਕਾਰੀ ਤਾਕਤਾਂ ਵਲੋਂ ਕੀਤੀ ਹਰ ਕਿਸਮ ਦੀ ਹਿੰਸਾ ਦਾ ਮੁਕਾਬਲਾ ਕਰਦੇ ਹੋਏ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਘਰ-ਬਾਰ ਛੱਡ ਕੇ ਦਿੱਲੀ ਦੀ ਸਰਹੱਦ ’ਤੇ ਤੰਬੂ ਗੱਡ ਕੇ ਆਪਣੀਆਂ ਮੰਗਾਂ ਮੰਨਵਾਉਣ ਲਈ ਡਟੇ ਰਹੇ। ਦਿੱਲੀ ਦੇ ਬਾਹਰ ਸੜਕਾਂ ’ਤੇ ਕਿਸਾਨ ਸਾਲ ਤੋਂ ਵੱਧ ਸਮੇਂ ਲਈ ਆਪਣੇ ਨਿਸ਼ਾਨੇ ਲਈ ਦ੍ਰਿੜਤਾ ਨਾਲ ਲੜਦੇ ਰਹੇ, ਜਦ ਤੱਕ ਸਰਕਾਰ ਨੇ ਉਹ ਨਿਆਂਹੀਣ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ। ਹਰ ਉਮਰ, ਧਰਮ, ਜਮਾਤ ਅਤੇ ਜਾਤ ਦੇ ਮਰਦ ਔਰਤ ਕਿਸਾਨਾਂ ਵਲੋਂ ਲੜ੍ਹਿਆ ਇਹ ਘੋਲ਼ ਆਪਣੀ ਮਿਸਾਲ ਕਾਇਮ ਕਰ ਗਿਆ। ਭਾਰਤ ਦੇ ਇਤਿਹਾਸ ਵਿੱਚ ਇਹ ਘੋਲ਼ ਸਭ ਤੋਂ ਵੱਡਾ, ਤੇ ਲੰਮੇ ਸਮੇਂ ਲਈ ਸ਼ਾਂਤਮਈ ਢੰਗ ਨਾਲ ਚੱਲਿਆ ਘੋਲ਼ ਸਾਬਤ ਹੋਇਆ ਜੋ ਮਹਾਤਮਾ ਗਾਂਧੀ ਦੇ ਇਤਿਹਾਸਿਕ ਡੰਡੀ ਮਾਰਚ ਤੋਂ ਵੀ ਅੱਗੇ ਨਿਕਲ ਗਿਆ।
ਇਹ ਦਸਤਾਵੇਜ਼ੀ ਫਿਲਮ ਕਿਸਾਨਾਂ ਵਲੋਂ ਲੜੇ ਇਸ ਸ਼ਾਨਦਾਰ ਘੋਲ ਨੂੰ ਸ਼ਕਤੀਸ਼ਾਲੀ ਅਤੇ ਭਾਵਪੂਰਤ ਢੰਗ ਨਾਲ ਰਿਕਾਰਡ ਕਰਦੀ ਹੈ, ਜੋ ਉਨ੍ਹਾਂ ਨੇ ਭਾਰਤੀ ਸਰਕਾਰ ਵਲੋਂ ਅਬਾਨੀ ਅਤੇ ਅਡਾਨੀ ਵਰਗੇ ਕਰੋਨੀ ਪੂੰਜੀਵਾਦੀਆਂ ਦੇ ਹੱਕ ਵਿੱਚ ਬਣਾਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਿਆ।
ਫਿਲਮ ਦਾ ਸਮਾਂ ਤੇ ਸਥਾਨ:
ਐਤਵਾਰ, 5 ਅਕਤੂਬਰ, 2025, ਸ਼ਾਮ 3.00 ਵਜੇ, ਸਰੀ ਦੇ ਐਸ ਐਫ ਯੂ ਕੈਂਪਸ ਦਾ ਕਮਰਾ sryc2600 (ਪ੍ਰੋਸਪੇਰਾ ਕ੍ਰੈਡਿਟ ਯੂਨੀਅਨ ਥੀਏਟਰ) 250-13450 102 ਐਵੀਨਿਊ ਸਰੀ, ਬੀ.ਸੀ.
ਇਸ ਫਿਲਮ ਦੇ ਸ਼ੋਅ ਦੀ ਕੋਈ ਟਿਕਟ ਨਹੀਂ। ਫਿਲਮ ਦੇ ਸ਼ੋਅ ਬਾਅਦ ਇਸ ਦੀ ਡਾਇਰੈਕਟਰ ਨਿਸ਼ਠਾ ਜੇਨ ਨਾਲ ਵਿਚਾਰ ਵਟਾਂਦਰੇ ਲਈ ਸਮਾਂ ਹੋਵੇਗਾ ਜੋ ਕਿ ਭਾਰਤ ਤੋਂ ਵਿਸ਼ੇਸ਼ ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਆ ਰਹੀ ਹੈ।
ਇਹ ਫਿਲਮ ਦਿਖਾਉਣ ਦੇ ਸਹਿਯੋਗੀ ਸਪਾਂਸਰ ਹਨ: ਇੰਸਟੀਚਿਊਟ ਫਾਰ ਦਾ ਹਿਊਮੈਨੀਟੀਜ਼ (SFU), ਡਾਕਟਰ ਹਰੀ ਸ਼ਰਮਾ ਫਾਊਂਡੇਸ਼ਨ ਅਤੇ ਸਾਊਥ ਏਸ਼ੀਅਨ ਨੈੱਟਵਰਕ ਫਾਰ ਸੈਕੂਲਰਇਜ਼ਮ ਐਂਡ ਡੈਮੋਕਰੇਸੀ (SANSAD)
