27 ਸਤੰਬਰ ਦੇ ਨਾਟਕ ਸਮਾਗਮ ਦੀਆਂ ਟਿਕਟਾਂ ਨੂੰ ਵੱਡਾ ਹੁੰਗਾਰਾ:-ਮਾਸਟਰ ਭਜਨ
ਕੈਲਗਰੀ (ਸੁਖਵੀਰ ਗਰੇਵਾਲ)-:ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵਲੋਂ 21 ਸਤੰਬਰ ਦਿਨ ਐਤਵਾਰ ਨੂੰ ਸਾਲ 2025 ਦਾ ਤੀਜਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿੱਚ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਨੇ ਪੁਸਤਕ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਿਸ ਤਰਾਂ ਮਨੁੱੱਖ ਆਪਣੇ ਬਾਹਰੀ ਸੁਹੱਪਣ ਵਿੱਚ ਵਾਧਾ ਕਰਨ ਲਈ ਹਾਰ ਸ਼ਿੰਗਾਰ ਕਰਦਾ ਹੈ ਤੇ ਆਪਣੇ ਸਰੀਰ ਦੀ ਦੇਖਭਾਲ਼ ਕਰਦਾ ਹੈ ਉਸੇ ਤਰਾਂ ਅੰਦਰੂਨੀ ਸੁਹੱਪਣ ਲਈ ਮਨੁੱਖ ਨੂੰ ਕਿਤਾਬਾਂ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ।ਉਹਨਾਂ ਕਿਤਾਬਾਂ ਬਾਰੇ ਇਹ ਵੀ ਕਿਹਾ ਕਿ ਕਿਤਾਬ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣ ਤੋਂ ਇਲਾਵਾ ਬਗਾਵਤ ਕਰਨ ਦਾ ਰਾਹ ਵੀ ਦੱਸਦੀ ਹੈ।
ਉਹਨਾਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੀ ਕੈਲਗਰੀ ਸ਼ਹਿਰ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਖਾਸ ਧੰਨਵਾਦ ਕੀਤਾ।ਮਾਸਟਰ ਭਜਨ ਦੀ ਅਗਵਾਈ ਹੇਠ ਸਾਲ 2025 ਦਾ ਇਹ ਤੀਜਾ ਪੁਸਤਕ ਮੇਲਾ ਸੀ।ਉਹਨਾਂ ਦੀ ਪ੍ਰਸੰਸ਼ਾ ਕੀਤੀ ਕਿ ਉਹ ਕੈਲਗਰੀ ਸ਼ਹਿਰ ਵਿੱਚ ਅਜਿਹੇ ਉਪਰਾਲੇ ਕਰਕੇ ਸ਼ਹਿਰ ਵਾਸੀਆਂ ਨੂੰ ਕਿਤਾਬਾਂ ਨਾਲ਼ ਜੋੜ ਰਹੀ ਹੈ।ਮਾਸਟਰ ਭਜਨ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਸ਼ਹੀਦ ਭਗਤ ਸਿੰਘ ਲਾਇਬਰੇਰੀ ਰਾਹੀਂ ਪਾਠਕਾਂ ਦੀ ਗਿਣਤੀ ਵਿੱਚ ਹਰ ਵਾਰ ਵਾਧਾ ਹੋ ਰਿਹਾ ਹੈ।ਇਸ ਮੌਕੇ ਪੌ੍ਰਗਰੈਸਿਵ ਕਲਾ ਮੰਚ ਤੋਂ ਕਮਲਪ੍ਰੀਤ ਪੰਧੇਰ ਨੇ 27 ਸਤੰਬਰ ਨੂੰ ਹੋਣ ਵਾਲੇ ਨਾਟਕ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ।ਉਹਨਾਂ ਕਿਹਾ ਜਿਹੜੇ ਪਾਠਕ ਕਿਸੇ ਕਾਰਨ ਕਰਕੇ ਨਾਟਕ ਸਮਾਗਮ ਦੀਆਂ ਟਿਕਟਾਂ ਇਸ ਪੁਸਤਕ ਮੇਲੇ ਤੋਂ ਨਹੀਂ ਖਰੀਦ ਸਕੇ ਉਹ ਮਾਸਟਰ ਭਜਨ ਨਾਲ਼ ਫੋਨ ਨੰਬਰ (403-455-4220) ਤੇ ਜਾਂ ਕਮਲਪ੍ਰੀਤ ਪੰਧੇਰ ਨਾਲ਼ ਫੋਨ ਨੰਬਰ (403-479-4220) ਜਾਂ ਫਿਰ ਹਰਚਰਨ ਪਰਹਾਰ (403-681-8689) ਨਾਲ਼ ਸੰਪਰਕ ਕਰਕੇ ਟਿਕਟਾਂ ਲੈ ਸਕਦੇ ਹਨ।ਨਾਟਕ ਦੀ ਟਿਕਟ ਦੀ ਕੀਮਤ ਸਿਰਫ 20 ਡਾਲਰ ਰੱਖੀ ਗਈ ਹੈ।
