Mar 7, 2026

ਪਿਛਲੇ ਦੋ ਸਾਲਾਂ ਵਿੱਚ 38 ਘਟਨਾਵਾਂ ਵਾਪਰਨ ਦਾ ਖੁਲਾਸਾ-

ਪੁਲਿਸ ਜਨਤਕ ਸੁਰੱਖਿਆ ਲਈ ਵਚਨਬੱਧ-ਪੁਲਿਸ ਮੁਖੀ ਵਾਟਸਨ

ਐਬਸਫੋਰਡ ( ਦੇ ਪ੍ਰ ਬਿ)- ਕੈਨੇਡਾ ਵਿਚ ਸਾਊਥ ਏਸ਼ੀਅਨ ਅਤੇ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਵਿਚ ਗੈਂਗਸਟਰਾਂ ਵਲੋਂ ਜਬਰੀ ਵਸੂਲੀ, ਧਮਕੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਹਰ ਪਾਸੇ ਚਰਚਾ ਹੈ। ਹਾਊਸ ਆਫ ਕਾਮਨਜ਼ ਦੇ ਇਜਲਾਸ ਦੌਰਾਨ ਵੀ ਵੱਖ-ਵੱਖ ਐਮ ਪੀਜ਼ ਜਿਹਨਾਂ  ਵਿਚ ਐਬਸਫੋਰਡ ਤੋਂ ਸੁਖਮਨ ਗਿੱਲ, ਕੈਲਗਰੀ ਤੋਂ ਅਮਨਪ੍ਰੀਤ ਸਿੰਘ ਗਿੱਲ ਤੇ ਐਮ ਪੀ ਜਸਰਾਜ ਸਿੰਘ ਹੱਲਣ ਵਲੋਂ ਇਸ ਮੁੱਦੇ ਨੂੰ ਉਠਾਇਆ ਗਿਆ ਹੈ। ਕੰਸਰਵੇਟਿਵ ਐਮ ਪੀ ਅਰਪਨ ਖੰਨਾ ਵਲੋਂ ਅਪਰਾਧੀਆਂ ਲਈ ਜੇਲ ਨਾਟ ਬੇਲ ਸਬੰਧੀ ਬਿਲ ਵਿਚ ਸਦਨ ਵਿਚ ਪੇਸ਼ ਕੀਤਾ ਗਿਆ ਹੈ। ਸਰਕਾਰ ਉਪਰ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਲਈ ਕਨੂੰਨ ਨੂੰ ਸਖਤ ਬਣਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਗੈਂਗਸਟਰਾਂ ਅਤੇ ਫਿਰੌਤੀਆਂ ਦੀ ਘਟਨਾਵਾਂ ਖਿਲਾਫ ਬੀ ਸੀ ਸਰਕਾਰ ਅਤੇ ਸਿਟੀ ਆਫ ਸਰੀ ਵਲੋਂ ਸਖਤ ਉਪਾਵਾਂ ਦੀ ਗੱਲ ਕਰਨ ਤੋਂ ਬਾਦ  ਐਬਟਸਫੋਰਡ ਪੁਲਿਸ ਵਿਭਾਗ  ਨੇ ਪਿਛਲੇ ਦੋ ਸਾਲਾਂ ਵਿੱਚ ਸ਼ਹਿਰ ਵਿੱਚ ਵਾਪਰੀਆਂ ਲਗਭਗ 40 ਜਬਰੀ ਵਸੂਲੀ ਨਾਲ ਸਬੰਧਤ ਘਟਨਾਵਾਂ ਦੇ ਜਵਾਬ ਵਿੱਚ ਇੱਕ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ।

ਐਬਸਫੋਰਡ ਪੁਲਿਸ ਦੇ ਮੀਡੀਆ ਅਧਿਕਾਰੀ ਸਾਰਜੈਂਟ ਪਾਲ ਵਾਕਰ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਹੈ  ਕਿ ਇਹ ਟਾਸਕ ਫੋਰਸ ਆਪ੍ਰੇਸ਼ਨ ਕਮਿਊਨਿਟੀ ਸ਼ੀਲਡ ਨਾਮ ਹੇਠ ਕੰਮ ਕਰੇਗੀ ਅਤੇ ਸ਼ਹਿਰ ਵਿੱਚ ” ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ  ਅਤੇ ਜਾਂਚ ‘ਤੇ ਧਿਆਨ ਕੇਂਦ੍ਰਤ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਆਪ੍ਰੇਸ਼ਨ ਕਮਿਊਨਿਟੀ ਸ਼ੀਲਡ ਵਿਚ ਤਜਰਬੇਕਾਰ ਅਧਿਕਾਰੀਆਂ ਦੀ ਟੀਮ ਸ਼ਾਮਿਲ ਹੈ।  ਸਾਰਜੈਂਟ ਵਾਕਰ ਨੇ ਕਿਹਾ ਕਿ ਵਿਭਾਗ ਨੂੰ ਨਵੰਬਰ 2023 ਅਤੇ ਸਤੰਬਰ 2025 ਦੇ ਵਿਚਕਾਰ ਜਬਰੀ ਵਸੂਲੀ ਨਾਲ ਸਬੰਧਤ ਘਟਨਾਵਾਂ ਦੀਆਂ 38 ਰਿਪੋਰਟਾਂ ਪ੍ਰਾਪਤ ਹੋਈਆਂ। ਉਨ੍ਹਾਂ ਕਿਹਾ ਕਿ ਦੋ ਹੋਰ ਘਟਨਾਵਾਂ -ਨਵੰਬਰ 2023 ਵਿੱਚ ਹਿੰਸਾ ਨਾਲ ਸਬੰਧਤ ਸਨ। ਪੁਲਿਸ ਨੂੰ ਰਿਪੋਰਟ ਕੀਤੇ ਗਏ ਜਬਰੀ ਵਸੂਲੀ ਦੇ ਮਾਮਲਿਆਂ ਵਿੱਚੋਂ ਜ਼ਿਆਦਾਤਰ ਵਿੱਚ ਅਹਿੰਸਕ ਤਰੀਕੇ ਜਿਵੇਂ ਕਿ ਧਮਕੀ ਭਰੇ ਪੱਤਰ, ਫ਼ੋਨ ਕਾਲ ਜਾਂ ਟੈਕਸਟ ਮੈਸਜ ਸ਼ਾਮਿਲ ਹਨ।

ਉਨ੍ਹਾਂ ਕਿਹਾ ਕਿ ਇਸ ਮਹੀਨੇ ਅਜਿਹੀਆਂ ਘਟਨਾਵਾਂ ਦੀ ਵਾਰ ਵਾਰ ਸ਼ਿਕਾਇਤ ਅਤੇ  ਵਾਧੇ ਨੂੰ ਵੇਖਦਿਆਂ ਇਸ ਨਾਲ ਨਿਪਟਣ ਲਈ ਇਹ ਟਾਸਕ ਫੋਰਸ ਬਣਾਈ ਗਈ ਹੈ। ਵਾਕਰ ਨੇ ਕਿਹਾ ਕਿ ਸਾਰੀਆਂ ਘਟਨਾਵਾਂ ਦੀ ਮੁੱਖ ਅਪਰਾਧ ਇਕਾਈ ਦੁਆਰਾ ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਮੁੱਦਾ ਪਹਿਲੀ ਵਾਰ ਨਵੰਬਰ 2023 ਦੇ ਸ਼ੁਰੂ ਵਿੱਚ ਸਾਹਮਣੇ ਆਇਆ ਸ, ਜਦੋਂ ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ  ਐਬਟਸਫੋਰਡ, ਸਰੀ ਅਤੇ ਵੈਨਕੂਵਰ ਦੇ ਕਾਰੋਬਾਰਾਂ ਨੂੰ ਜਬਰੀ ਵਸੂਲੀ ਲਈ ਪੱਤਰ ਭੇਜੇ ਜਾ ਰਹੇ ਹਨ, ਜੋ ਭਾਰਤ ਵਿੱਚ ਸਥਿਤ ਇਕ ਗੈਂਗਸਟਰ ਗਰੁੱਪ ਦੇ  ਮੈਂਬਰ  ਹੋਣ ਦਾ ਦਾਅਵਾ ਕਰਦੇ ਹਨ ਅਤੇ ਸਾਊਥ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹਨਾਂ ਧਮਕੀ ਪੱਤਰਾਂ ਵਿੱਚ ਜਾਨੋ ਮਾਰਨ ਦੀ ਧਮਕੀ ਤੇ ਬਚਾਅ ਲਈ ਪੈਸੇ ਦੀ ਮੰਗ ਕੀਤੀ ਗਈ ਸੀ।

ਸਰੀ ਸ਼ਹਿਰ ਨੇ 15 ਸਤੰਬਰ ਨੂੰ ਐਲਾਨ ਕੀਤਾ ਸੀ  ਕਿ ਉਹ 44 ਜਬਰੀ ਵਸੂਲੀ ਦੇ  ਮਾਮਲਿਆਂ – ਜਿਸ ਵਿੱਚ 27 ਗੋਲੀਬਾਰੀ ਦੀਆਂ ਘਟਨਾਵਾਂ ਵੀ ਸ਼ਾਮਲ ਹਨ , ਦੇ ਸਬੰਧ ਵਿਚ ਮੁਲਜ਼ਮਾਂ ਬਾਰੇ ਜਾਣਕਾਰੀ ਲਈ $250,000 ਦਾ ਇਨਾਮ ਦੇਵੇਗੀ। ਇਸਤੋਂ ਦੋ ਦਿਨ ਬਾਅਦ, ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਐਲਾਨ ਕੀਤਾ ਸੀ  ਕਿ ਸਾਊਥ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ  ਨਜਿੱਠਣ ਲਈ ਆਰ ਸੀ ਐਮ ਪੀ ਦੀ ਅਗਵਾਈ ਵਾਲੀ ਇਕ ਸੂਬਾਈ ਪੁਲਿਸ ਟਾਸਕ ਫੋਰਸ ਸਥਾਪਿਤ ਕੀਤੀ ਗਈ ਹੈ।

ਸਾਰਜੈਂਟ ਵਾਕਰ ਨੇ ਕਿਹਾ ਕਿ ਐਬਸਫੋਰਡ ਪੁਲਿਸ ਦੀ  ਟਾਸਕ ਫੋਰਸ ਸੂਬਾਈ ਅਤੇ ਫੈਡਰਲ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰੇਗੀ, ਜਿਸ ਵਿੱਚ ਐਬਸਫੋਰਡ ਪੁਲਿਸ ਦੇ ਦੋ ਅਧਿਕਾਰੀ ਸੂਬਾਈ  ਟਾਸਕ ਫੋਰਸ ਵਿੱਚ ਸੇਵਾ ਨਿਭਾ ਰਹੇ ਹਨ।

ਇਸੇ ਦੌਰਾਨ ਐਬਸਫੋਰਡ ਪੁਲਿਸ ਦੇ ਮੁਖੀ ਕੋਲਿਨ ਵਾਟਸਨ ਨੇ 23 ਸਤੰਬਰ ਦਿਨ ਮੰਗਲਵਾਰ ਨੂੰ ਜਾਰੀ ਕੀਤੀ ਗਈ ਇੱਕ ਵੀਡੀਓ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਘਟਨਾਵਾਂ ਨੇ ਭਾਈਚਾਰੇ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਅਸੀਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਦੇ ਹਾਂ ਅਤੇ ਆਪਣੇ ਭਾਈਚਾਰੇ ਵਿੱਚ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਉਹਨਾਂ ਕਿਹਾ ਕਿ ਇਹ ਇੱਕ ਭਾਈਚਾਰਕ ਚਿੰਤਾ ਹੈ, ਨਾ ਕਿ ਸਿਰਫ਼ ਪੁਲਿਸ ਦੀ ਚਿੰਤਾ। ਅਸੀਂ ਪਾਰਦਰਸ਼ਤਾ ਲਈ ਵਚਨਬੱਧ ਹਾਂ ਅਤੇ ਜਾਂਚ ਦੇ ਅੱਗੇ ਵਧਣ ਦੇ ਨਾਲ-ਨਾਲ ਜਨਤਾ ਨੂੰ ਜਿੰਨਾ ਹੋ ਸਕੇ ਪੂਰੀ ਜਾਣਕਾਰੀ ਮੁਹੱਈਆ ਕਰਾਵਾਂਗੇ।ਉਹਨਾਂ ਐਬਸਫੋਰਡ ਨਿਵਾਸੀਆਂ ਨੂੰ ਸ਼ੱਕੀ ਗਤੀਵਿਧੀਆਂ  ਦੀ ਰਿਪੋਰਟ ਕਰਨ ਅਤੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਲਈ ਵੀ  ਉਤਸ਼ਾਹਿਤ ਕੀਤਾ।

ਸਾਰਜੈਂਟ ਪੌਲ ਵਾਕਰ, ਮੀਡੀਆ ਰਿਲੇਸ਼ਨ ਆਫੀਸਰ।