ਕੈਨੇਡਾ ਵਲੋਂ ਫਲਸਤੀਨ ਨੂੰ ਰਾਜ ਵਜੋਂ ਮਾਨਤਾ-
-ਸੁਖਵਿੰਦਰ ਸਿੰਘ ਚੋਹਲਾ—-
ਮੱਧ ਪੂਰਬ ਵਿਚ ਇਜ਼ਰਾਈਲ-ਫਲਸਤੀਨ ਵਿਚਾਲੇ ਵਿਵਾਦ ਨੇ ਹੁਣ ਤੱਕ ਹਜਾਰਾਂ ਜਾਨਾਂ ਲੈ ਲਈਆਂ ਅਤੇ ਲੱਖਾਂ ਲੋਕ ਘਰੋ ਬੇਘਰ ਹੋ ਚੁੱਕੇ ਹਨ। ਇਤਿਹਾਸ ਦੀਆਂ ਪੈੜਾਂ ਨੱਪਦਿਆਂ ਬ੍ਰਿਟਿਸ਼ ਵਲੋਂ 1917 ਵਿਚ ਕਿਵੇਂ ਯਹੂਦੀਆਂ ਨੂੰ ਉਹਨਾਂ ਦਾ ਆਪਣਾ ਮੁਲਕ ਬਣਾਉਣ ਲਈ ਕੀਤੀ ਗਈ ਡੂੰਘੀ ਵਿਉਂਤਬੰਦੀ ਨੂੰ ਅੰਜਾਮ ਦਿੱਤਾ ਗਿਆ ਤੇ ਬਹੁਗਿਣਤੀ ਮੁਸਲਿਮ ਆਬਾਦੀ ਨੂੰ ਇਜਰਾਈਲ ਦੀ ਸਥਾਪਨਾ ਦੇ ਨਾਲ ਘੱਟਗਿਣਤੀ ਬਣਾ ਦਿੱਤਾ ਗਿਆ । ਫਿਰ ਫਲਸਤੀਨ ਦੀ ਆਜਾਦੀ ਲਈ ਫਲਸਤੀਨ ਮੁਕਤਾ ਸੰਗਠਨ ਦੇ ਬਰਾਬਰ ਹਾਮਾਸ ਵਰਗੀ ਜਥੇਬੰਦੀ ਨੂੰ ਖੜਾ ਕਰਨ ਤੇ ਫਿਰ ਇਕ ਹੋਰ ਖੂਨੀ ਸੰਘਰਸ਼ ਦੀ ਗਾਥਾ ਬਹੁਤ ਲੰਬੀ ਹੈ। ਇਹ ਉਹੀ ਫਲਸਤੀਨ ਤੇ ਗਾਜਾ ਪੱਟੀ ਹੈ ਜਿਸ ਵਿਚ ਸ਼ਾਂਤੀ ਸਥਾਪਨਾ ਲਈ ਪੀ ਐਲ ਓ ਦੇ ਮੁਖੀ ਯਾਸਰ ਅਰਾਫਾਤ ਨੂੰ ਸਾਲ 1994 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਿਵਾਜਆ ਗਿਆ ਸੀ। ਅੱਜ ਗਾਜਾ ਪੱਟੀ ਵਿਚ ਵਗਦੀਆਂ ਖੂਨ ਦੀਆਂ ਨਦੀਆਂ ਤੇ ਤਬਾਹੀ ਦੇ ਕੋਹਰਾਮ ਦਾ ਦ੍ਰਿਸ਼ ਯਾਸਰ ਅਰਾਫਾਤ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਅਰਥਾਂ ਨੂੰ ਲੱਭਦਾ ਜੰਗੀ ਅਪਰਾਧੀਆਂ ਨੂੰ ਕਟਹਿਰੇ ਵਿਚ ਖੜਾ ਕਰਨ ਤੋ ਇਨਕਾਰੀ ਹੈ। ਸਾਲ 2023 ਦੀ 7 ਅਕਤੂਬਰ ਨੂੰ ਹਮਾਸ ਦੁਆਰਾ ਨਿਹੱਥੇ ਇਜਰਾਈਲੀ ਸ਼ਹਿਰੀਆਂ ਦੇ ਕਤਲੇਆਮ ਉਪਰੰਤ ਸ਼ੁਰੂ ਹੋਈ ਇਜਰਾਈਲ ਦੀ ਜਵਾਬੀ ਜੰਗ ਦੇ ਨਾਲ ਦੁਨੀਆ, ਮਾਨੁਖਤਾ ਦੇ ਲਹੂ ਲੁਹਾਣ ਦਾ ਇਕ ਹੋਰ ਦੁਖਦਾਈ ਮੰਜ਼ਰ ਵੇਖਣ ਲਈ ਮਜ਼ਬੂਰ ਹੈ। ਇਜਰਾਈਲ ਹਮਾਸ ਦਾ ਖੁਰਾ ਖੋਜ ਮਿਟਾਉਣ ਤੇ ਗਾਜਾ ਪੱਟੀ ਦੇ ਵਿਵਾਦ ਨੂੰ ਫੌਜੀ ਤਾਕਤ ਨਾਲ ਖਤਮ ਕਰਨ ਦੇ ਇਰਾਦੇ ਨਾਲ ਜੰਗਬੰਦੀ ਦੀ ਕਿਸੇ ਅਪੀਲ ਨੂੰ ਮੰਨਣ ਨੂੰ ਤਿਆਰ ਨਹੀ। ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਦੀ ਹਮਾਇਤ ਪ੍ਰਾਪਤ ਇਜਰਾਈਲ ਦੇ ਖਿਲਾਫ ਅਰਬ ਮੁਲਕਾਂ ਦੀ ਹਮਾਇਤ ਪ੍ਰਾਪਤ ਹਮਾਸ ਵੀ ਪਿੱਛੇ ਹਟਣ ਨੂੰ ਤਿਆਰ ਨਹੀ। ਉਸਦੇ ਕਬਜੇ ਵਿਚ ਅੱਜ ਵੀ ਸੈਂਕੜੇ ਇਜਰਾਈਲੀ ਬੰਧਕ ਬਣੇ ਹੋਏ ਹਨ ਜਿਹਨਾਂ ਦੀ ਰਿਹਾਈ ਦੇ ਬਦਲੇ ਉਹ ਆਪਣੀਆਂ ਸ਼ਰਤਾਂ ਲਗਾ ਰਿਹਾ ਹੈ। ਇਜਰਾਈਲੀ ਫੌਜ ਹੁਣ ਹਵਾਈ ਹਮਲਿਆਂ ਉਪਰੰਤ ਜਮੀਨੀ ਕਾਰਵਾਈ ਲਈ ਅੱਗੇ ਵਧ ਰਹੀ ਹੈ ਤੇ ਲੱਖਾਂ ਬੇਕਸੂਰ ਫਲਸਤੀਨੀ ਗਾਜਾ ਪੱਟੀ ਛੱਡਕੇ ਹੋਰ ਅਰਬ ਮੁਲਕਾਂ ਵਿਚ ਸ਼ਰਨ ਲੈਣ ਲਈ ਮਜਬੂਰ ਹਨ। ਰਾਹਤ ਕੈਂਪਾਂ ਵਿਚ ਔਰਤਾਂ, ਬੱਚੇ ਅਤੇ ਬਜੁਰਗ ਫੂਡ ਅਤੇ ਰਾਹਤ ਸਮੱਗਰੀ ਲਈ ਲੰਬੀਆਂ ਕਤਾਰਾਂ ਵਿਚ ਖੜੇ ਹਨ। ਹਵਾਈ ਬੰਬਾਰੀ ਵਿਚ ਲੋਕ ਮਰ ਰਹੇ ਹਨ। ਜਖਮੀ ਹੋਏ ਮਾਸੂਮ ਬੱਚਿਆਂ ਦੇ ਇਲਾਜ ਲਈ ਦੌੜਦੇ ਮਾਪਿਆਂ ਦੀ ਤਸਵੀਰਾਂ ਤਰਾਹ ਕੱਢ ਦਿੰਦੀਆਂ ਹਨ।
ਤਬਾਹੀ ਦੇ ਇਸ ਹੌਲਨਾਕ ਮੰਜਰ ਨੂੰ ਵੇਖਦਿਆਂ ਦੁਨੀਆ ਭਰ ਦੇ ਲੋਕ ਇਜਰਾਈਲ-ਹਮਾਸ ਜੰਗ ਨੂੰ ਰੋਕਣ ਦੀਆਂ ਦੁਹਾਈਆਂ ਪਾ ਰਹੇ ਹਨ ਪਰ ਮਾਨਵਤਾ ਦੇ ਦੁਸ਼ਮਣ ਅਤੇ ਵਿਸ਼ਵ ਰਾਜਨੀਤੀ ਦੀ ਖੇਡ ਖੇਡਣ ਵਾਲੀਆਂ ਤਾਕਤਾਂ ਸਿਆਸਤ ਖੇਡਣ ਵਿਚ ਮਸਰੂਫ ਹਨ।
ਤਾਜਾ ਖਬਰ ਹੈ ਕਿ ਇਜਰਾਈਲ-ਫਲਸਤੀਨ ਵਿਵਾਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਜੋਂ ਯੂ ਐਨ ਓ ਵਲੋਂ ਫਲਸਤੀਨ ਨੂੰ ਮਾਣਤਾ ਦਿੱਤੇ ਜਾਣ ਮਤਾ ਪਾਸ ਕੀਤਾ ਗਿਆ ਹੈ। ਇਸ ਦੌਰਾਨ ਕੈਨੇਡਾ ਸਮੇਤ ਬਰਤਾਨੀਆ, ਆਸਟਰੇਲੀਆ, ਫਰਾਂਸ, ਪੁਰਤਗਾਲ, ਬੈਲਜੀਅਮ ਤੇ ਕੋਈ ਹੋਰ ਮੁਲਕਾਂ ਵਲੋਂ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ।
ਸੰਯੁਕਤ ਰਾਸ਼ਟਰ ਅਤੇ ਕੁਝ ਮਿੱਤਰ ਮੁਲਕਾਂ ਵਲੋਂ ਫਲਸਤੀਨ ਨੂੰ ਮਾਨਤਾ ਦਿੱਤੇ ਜਾਣ ਤੇ ਅਮਰੀਕਾ ਨਾਖੁਸ਼ ਹੈ। ਅਮਰੀਕੀ ਰਾਸ਼ਟਰਪਤੀ ਨੇ ਯੂ ਐਨ ਓ ਵਿਚ ਇਸ ਕਾਰਵਾਈ ਨੂੰ ਲੈਕੇ ਆਪਣੇ ਸਾਥੀ ਮੁਲਕਾਂ ਤੇ ਯੂਰਪੀਨ ਯੂਨੀਅਨ ਨੂੰ ਵੀ ਰੱਜ ਕੇ ਕੋਸਿਆ ਹੈ। ਅਮਰੀਕਾ ਦੇ ਨਾਲ ਜੀ-7 ਦੇ ਮੈਂਬਰ ਦੇਸ਼ ਜਰਮਨੀ, ਇਟਲੀ ਅਤੇ ਜਾਪਾਨ ਅਜੇ ਵੀ ਅਜਿਹਾ ਕਰਨ ਤੋਂ ਇਨਕਾਰੀ ਹਨ। ਉਹਨਾਂ ਨੂੰ ਇਜਰਾਈਲ ਦੀ ਸੁਰੱਖਿਆ ਦੀ ਵਧੇਰੇ ਚਿੰਤਾ ਹੈ। ਜੀ -7 ਮੁਲਕਾਂ ਵਿਚ ਸ਼ਾਮਿਲ ਕੈਨੇਡਾ ਨੇ ਫਲਸਤੀਨ ਨੂੰ ਮਾਨਤਾ ਦਿੱਤੇ ਜਾਣ ਕਾਰਣ ਅਮਰੀਕਾ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਦਰਮਿਆਨ ਆਪਣੇ ਪੱਖ ਨੂੰ ਸਹੀ ਠਹਿਰਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕਿਹਾ ਹੈ ਕਿ ਹਮਾਸ ਪੂਰੇ ਫਲਸਤੀਨੀ ਲੋਕਾਂ ਦੇ ਜੀਵਨ ਦੇ ਅਧਿਕਾਰਾਂ ਨਾਲ ਖੇਡ ਰਿਹਾ ਹੈ। ਫਲਸਤੀਨੀ ਲੋਕਾਂ ਨੂੰ ਜਿਓਣ ਦਾ ਅਧਿਕਾਰ ਹੈ ਤੇ ਕੈਨੇਡਾ ਉਸ ਖਿਤੇ ਵਿਚ ਸ਼ਾਂਤੀ ਯਤਨਾਂ ਅਤੇ ਮੁੜ ਵਸੇਬੇ ਲਈ ਇਮਦਾਦ ਦਾ ਚਾਹਵਾਨ ਹੈ। ਉਧਰ ਬੈਲਜੀਅਮ ਨੇ ਵੀ ਫਲਸਤੀਨ ਨੂੰ ਰਾਜ ਦੀ ਮਾਨਤਾ ਦੇਣ ਦੇ ਨਾਲ ਕਿਹਾ ਕਿ ਹਮਾਸ ਦੇ ਸਿਆਸੀ ਦ੍ਰਿਸ਼ ਤੋ ਪਾਸੇ ਹੋਣ ਅਤੇ ਇਜਰਾਈਲੀ ਬੰਧਕਾਂ ਦੀ ਰਿਹਾਈ ਪਹਿਲੀ ਸ਼ਰਤ ਹੈ। ਹਮਾਸ ਦੇ ਆਗੂਆਂ ਅਤੇ ਇਜਰਾਈਲੀ ਸਰਕਾਰ ਵਿਚਾਲੇ ਸ਼ਾਂਤੀ ਗੱਲਬਾਤ ਨੂੰ ਅੱਗੇ ਵਧਾਉਣ ਦੀ ਲੋੜ ਹੈ ਪਰ ਇਜਰਾਈਲ ਵਲੋਂ ਗਾਜਾ ਪੱਟੀ ਨੂੰ ਆਪਣੇ ਮੁਲਕ ਦਾ ਹਿੱਸਾ ਬਣਾਉਣ ਦੀ ਜਿੱਦ ਗੱਲ ਕਿਸੇ ਸਿੱਟੇ ਵੱਲ ਵਧਦੀ ਨਜ਼ਰ ਨਹੀ ਆਉਂਦੀ। ਜਿਕਰਯੋਗ ਹੈ ਕਿ ਭਾਰਤ ਬਹੁਤ ਸਮਾਂ ਪਹਿਲਾਂ ਫਲਸਤੀਨ ਨੂੰ ਇਕ ਰਾਜ ਵਜੋਂ ਮਾਨਤਾ ਦੇ ਚੁੱਕਾ ਹੈ। ਫਲਸਤੀਨ ਮੁਕਤੀ ਸੰਗਠਨ ਦੇ ਆਗੂ ਯਾਸਰ ਅਰਾਫਾਤ ਭਾਰਤ ਦੇ ਚੰਗੇ ਮਿੱਤਰਾਂ ਵਿਚ ਗਿਣੇ ਜਾਂਦੇ ਸਨ। ਉਹਨਾਂ ਨੇ ਇਜਰਾਈਲ ਨਾਲ ਸ਼ਾਂਤੀ ਸੰਧੀ ਕਰਦਿਆਂ ਫਲਸਤੀਨ ਲਈ ਇਕ ਸਨਮਾਨਜਨਕ ਹੱਲ ਲੱਭਿਆ ਸੀ ਪਰ 2004 ਵਿਚ ਉਹਨਾਂ ਦੀ ਮੌਤ ਉਪਰੰਤ ਹਾਮਾਸ ਦੇ ਮੁੜ ਸ਼ਕਤੀਸ਼ਾਲੀ ਹੋਣ ਨਾਲ ਇਜਰਾਈਲ ਖਿਲਾਫ ਨਫਰਤ ਅਤੇ ਗੁਰੀਲਾ ਕਾਰਵਾਈਆਂ ਦੀ ਸ਼ੁਰੂਆਤ ਨੇ ਮਿਡਲ ਈਸਟ ਦੇ ਇਸ ਖਿੱਤੇ ਨੂੰ ਮੁੜ ਜੰਗ ਦੀ ਭੱਠੀ ਵਿਚ ਝੋਕ ਛੱਡਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਫਲਸਤੀਨ-ਇਜਰਾਈਲ ਜੰਗ ਨੂੰ ਖਤਮ ਕੀਤੇ ਜਾਣ ਦੀ ਵਕਾਲਤ ਵਜੋਂ ਫਲਸਤੀਨ ਨੂੰ ਮਾਨਤਾ ਦਿੱਤੇ ਦਾ ਫੈਸਲਾ ਇਨਸਾਨੀ ਪੱਖ ਤੋਂ ਵਧੀਆ ਹੋ ਸਕਦਾ ਹੈ ਪਰ ਇਸ ਮੁੱਦੇ ਉਪਰ ਅਮਰੀਕਾ ਦੀ ਨਾਰਾਜ਼ਗੀ ਸਹੇੜਨਾ ਵੀ ਚੇਤਾਵਨੀ ਭਰਿਆ ਹੈ। ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਕੈਨੇਡਾ ਉਪਰ ਖਫੇ ਹਨ ਅਤੇ ਸਜਾ ਵਾਲੇ ਟੈਰਿਫਾਂ ਨਾਲ ਕੈਨੇਡੀਅਨ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾ ਚੁੱਕੇ ਹਨ। ਇਸ ਮੁੱਦੇ ਉਪਰ ਕੁਝ ਕੈਨੇਡੀਅਨ ਸਿਆਸੀ ਮਾਹਿਰਾਂ ਦੀ ਰਾਇ ਹੈ ਕਿ ਹਮਾਸ ਦੇ 7 ਅਕਤੂਬਰ 2023 ਦੇ ਹਮਲੇ ਵਿਚ ਹੋਰ ਇਜਰਾਈਲੀਆਂ ਦੇ ਨਾਲ 8 ਕੈਨੇਡੀਅਨ ਸੈਲਾਨੀ ਵੀ ਮਾਰੇ ਗਏ ਸਨ। ਪੀੜਤ ਕੈਨੇਡੀਅਨ ਪਰਿਵਾਰ ਸਪੱਸ਼ਟ ਰੂਪ ਵਿਚ ਪ੍ਰਧਾਨ ਮੰਤਰੀ ਕਾਰਨੀ ਦੇ ਫੈਸਲੇ ਤੋਂ ਨਿਰਾਸ਼ ਹਨ ਪਰ ਇੱਥੇ ਵੱਡਾ ਸਵਾਲ ਹੈ ਕਿ ਅਦਲੇ -ਬਦਲੇ ਦੀ ਕਾਰਵਾਈ ਨਾਲ ਕੋਈ ਮੁੱਦਾ ਕਿਵੇਂ ਸੁਲਝਾਇਆ ਜਾ ਸਕਦਾ ਹੈ। ਕੌਮਾਂਤਰੀ ਭਾਈਚਾਰੇ ਨੂੰ ਮੱਧ ਪੂਰਬ ਦੀ ਇਸ ਗੰਭੀਰ ਸਮੱਸਿਆ ਅਤੇ ਗਾਜਾ ਪੱਟੀ ਦੇ ਖੂਨ ਖਰਾਬੇ ਨੂੰ ਖਤਮ ਕਰਨ ਲਈ ਅੱਗੇ ਵਧਣ ਅਤੇ ਵਿਸ਼ਵ ਸ਼ਕਤੀਆਂ ਉਪਰ ਸ਼ਾਂਤੀ ਲਈ ਦਬਾਅ ਬਣਾਉਣ ਦੀ ਲੋੜ ਹੈ।
