Apr 23, 2026

ਐਡਮਿੰਟਨ (ਸਤੀਸ਼ ਸਚਦੇਵਾ, ਗੁਰਪ੍ਰੀਤ ਸਿੰਘ)-ਇਥੋਂ 12 ਕਿੱਲੋਮੀਟਰ ਦੂਰ ਬਿਓਮੌਂਟ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 118 ਵਾਂ ਜਨਮ ਦਿਨ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਬੋਲਦਿਆਂ ਹੋਇਆਂ ਸਤੀਸ਼ ਸਚਦੇਵਾ ਸਾਬਕਾ ਸਟੇਟ ਮਾਸ ਮੀਡੀਆ ਐਜੂਕੇਸ਼ਨ ਤੇ ਇਨਫਰਮੇਸ਼ਨ ਅਫ਼ਸਰ ਨੇ ਕਿਹਾ ਕਿ ਸ਼ਹੀਦ-ਏ- ਆਜ਼ਮ ਭਗਤ ਸਿੰਘ 28 ਸਤੰਬਰ 1907 ਨੂੰ ਪੈਦਾ ਹੋਏ, ਉਹਨਾਂ ਦੀ ਉਮਰ ਸਾਢੇ 23 ਸਾਲ ਸੀ ਜਦੋਂ ਜਾਬਰ ਹਕੂਮਤ ਫਾਂਸੀ ਲਾ ਦਿੰਦੀ ਹੈ। ਸ਼ਹੀਦੇ  ਆਜ਼ਮ ਭਗਤ ਸਿੰਘ ਕਹਿੰਦੇ ਸਨ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਸਾਡਾ ਸੰਘਰਸ਼ ਜਾਰੀ ਰਹੇਗਾ।
ਉਨ੍ਹਾਂ ਜੇਲ੍ਹ ਦੇ ਵਿੱਚ 126 ਕਿਤਾਬਾਂ ਪੜ੍ਹ ਲਈਆਂ ਸਨ , ਉਹ ਅਧਿਅਨ ਤੇ ਬਹੁਤ ਜ਼ੋਰ ਦਿੰਦੇ ਸਨ , ਲੋਕਾਂ ਨੂੰ ਹਰ ਸਮੇਂ ਹਰ ਰੋਜ਼  ਜ਼ਿੰਦਗੀ ਨੂੰ ਬਦਲਣ ਦੀਆਂ ਅਗਾਂਹ ਵਧੂ ਕਿਤਾਬਾਂ ਦਾ ਅਧਿਅਨ ਕਰਨ ਤੇ ਜੋਰ ਦਿੰਦੇ ਸਨ । ਸ਼ਹੀਦ ਸੁਖਦੇਵ , ਸ਼ਹੀਦ ਰਾਜਗੁਰੂ ਵੀ ਫਾਂਸੀ ਦਾ ਰੱਸਾ ਚੁੰਮਦੇ ਹੋਏ ਸ਼ਹਾਦਤਾਂ ਦਿੰਦੇ ਹਨ।
ਅੱਜ ਜਦੋਂ 118 ਸਾਲ ਬੀਤ ਗਏ ਹਨ ਤਾਂ ਅਸੀਂ ਕਿਸ ਮੁਕਾਮ ਤੇ ਹਾਂ ,ਉਨ੍ਹਾਂ ਸ਼ਹਾਦਤਾਂ ਕਿਓਂ ਦਿੱਤੀਆਂ , ਸੋਚਣਾਂ ਬਣਦਾ, ਕੀ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਿਆਂ, ਸ਼ਹੀਦ ਭਗਤ ਸਿੰਘ ਇਨਕਲਾਬ ਜ਼ਿੰਦਾਬਾਦ , ਸਾਮਰਾਜਵਾਦ ਮੁਰਦਾਬਾਦ ਦਾ ਨਾਅਰਾ ਦਿੰਦੇ ਹਨ , ਜੋ ਸਮੇਂ ਦੀਆਂ ਹਕੂਮਤਾਂ ਨੇ ਵਗਾਹ ਮਾਰਿਆ। 1991 ਤੋਂ ਬਾਅਦ ਤਾਂ ਵਰਲਡ ਬੈਂਕ ਦੇ ਇਸ਼ਾਰਿਆਂ ਤੇ ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ ਦੇ ਨਾਂ ਤੇ ਜਦੋਂ ਸਮਝੌਤਾ ਹੋਇਆ, ਮਿਹਨਤਕਸ਼, ਕਿਰਤੀ , ਕਾਮਿਆਂ ਤੇ ਜਬਰ ਦਾ ਕੁਹਾੜਾ ਤੇਜ਼ ਹੋਇਆ। ਪਬਲਿਕ ਸੈਕਟਰ ਜਿਹੜਾ ਬਹੁਤ ਮਿਹਨਤ ਮੁਸ਼ੱਕਤ ਨਾਲ ਉਸਾਰਿਆ ਸੀ, ਸਰਮਾਏਦਾਰਾਂ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਗਿਆ , ਨਿੱਜੀਕਰਨ ਨੂੰ  ਹੁਲਾਰਾ ਦਿੱਤਾ ਗਿਆ ਮੁਨਾਫ਼ੇ ਵਾਲੇ ਅਦਾਰਿਆਂ ਦਾ ਵੀ ਭੋਗ ਪਾਇਆ ਗਿਆ , ਗਰੀਬ ਕਿਸਾਨੀ ਕਿਰਤੀ ਮਿਹਨਤਕਸ਼ ਦਾ ਜਿਉਣਾ ਦਿਨੋ ਦਿਨ ਦੁੱਭਰ ਹੋ ਗਿਆ । ਨੌਜਵਾਨਾਂ  ਦੇ ਰੁਜ਼ਗਾਰ ਤੇ ਕੱਟ ਲੱਗ ਗਿਆ ਬੇਰੁਜ਼ਗਾਰੀ, ਮਹਿੰਗਾਈ ਅੰਤਾਂ ਦੀ ਵੱਧ ਗਈ  ਲੋਕਾਂ ਨੂੰ ਜਾਤਾਂ ਗੋਤਾਂ ਧਰਮਾਂ ਚ ਵੰਡ ਕੇ ਆਪਸੀ ਭਾਈਚਾਰੇ ਵਿੱਚ ਵੰਡੀਆਂ ਪਾਉਣ ਦੀਆਂ ਚਾਲਾਂ ਚੱਲੀਆਂ ਗਈਆਂ ।
ਇਸ ਮੋਕੇ ਸੁਖਦੇਵ ਸਿੰਘ ਗੋਸਲ ਸਾਬਕਾ ਸੁਪਰਡੈਂਟ ਬਿਜਲੀ ਬੋਰਡ ਨੇ ਦੱਸਿਆ ਕਿ ਹਰ ਹਾਲਤ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ , ਸਾਂਝੇ ਦੁਸ਼ਮਣ ਦੇ ਖਿਲਾਫ਼ ਸਰਮਾਏਦਾਰ ਕਾਰਪੋਰੇਟ ਦੇ ਖਿਲਾਫ਼ ਸਮੂਹ ਕਿਰਤੀ , ਕਿਰਸਾਨ  ਮਿਹਨਤਕਸ਼ ਲੋਕ ਵਿਦਿਆਰਥੀ ਇੱਕ ਹੋਣ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦ ਕਰਨ ਅਤੇ ਇਸ ਪ੍ਰਬੰਧ ਦਾ ਫਸਤਾ ਵੱਢਣ ਅਤੇ ਲੋਕਾਂ ਦੀ ਪੁੱਗਤ ਵਾਲੇ ਰਾਜ ਵਿੱਚ ਹੀ ਸਰਬੱਤ ਦਾ ਭਲਾ ਹੋ ਸਕਦਾ ਹੈ। ਵੱਧ ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ ਤਾਂ ਹੀ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਆ ਸਕਦਾ ਹੈ ।
ਇਸ ਮੌਕੇ ਸੁਖਦੇਵ ਸਿੰਘ ਢਿੱਲੋਂ,  ਬਚਿੱਤਰ ਸਿੰਘ , ਦਲਵਿੰਦਰ ਸਿੰਘ ਅਟਵਾਲ ਸੇਵਕ ਸਿੰਘ,ਸਰੂਪ ਸਿੰਘ, ਮੇਜਰ ਸਿੰਘ ਕਲੇਰ, ਗੁਰਜੀਤ ਸਿੰਘ ਸਰਬਜੀਤ ਸਿੰਘ , ਸੁਖਦੇਵ ਸਿੰਘ ਸਿੱਧੂ , ਗੁਰਮੁਖ ਸਿੰਘ ਮੁੰਡੀ, ਇੰਦਰਜੀਤ ਸਿੰਘ , ਹਰਦੀਪ ਸਿੰਘ ਸੇਖੋਂ ,ਪਰਮਿੰਦਰ ਸਿੰਘ ਵਿਰਦੀ, ਕਾਬਲ ਸਿੰਘ ਸੇਖੋਂ, ਸੁਰਿੰਦਰ ਸਿੰਘ ਕੁਲਾਰ, ਸੁਖਦੇਵ ਸਿੰਘ ਸਿੱਧੂ, ਪ੍ਰਭਜੋਤ ਸਿੰਘ, ਗੁਲਜ਼ਾਰ ਸਿੰਘ , ਜਗਪ੍ਰੀਤ ਸਿੰਘ ਵਿਰਕ , ਮੈਡਮ ਰਾਣੀ ਅਨੰਦ ਸਾਥਣਾਂ ਸਮੇਤ ਸੀਨੀਅਰ ਸਿਟੀਜ਼ਨ ਬਿਓਮੌਂਟ ਦੇ ਨੁਮਾਇੰਦੇ ਹਾਜ਼ਰ ਸਨ ।