Mar 7, 2026

ਸਮਾਗਮ ਦੌਰਾਨ ਬਜਬਜ ਘਾਟ ਦੇ ਸਾਕੇ ਨੂੰ ਯਾਦ ਕੀਤਾ-

ਸਰੀ (ਸੁਰਿੰਦਰ ਸਿੰਘ ਜੱਬਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ 28 ਸਤੰਬਰ ਦਿਨ ਐਤਵਾਰ ਨੂੰ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਨੇ ਵਿਰਸੇ  ਨਾਲ ਸੰਬੰਧਤ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਨ ਨੂੰ ਹਾਜ਼ਰ ਸੰਗਤਾਂ ਨਾਲ ਸਾਂਝਾ ਕੀਤਾ। ਅੱਜ ਦੇ ਦਿਨ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਹੀ ਭਰਵਾਂ ਇਕੱਠ ਸੀ ਤੇ ਹੋਰ ਵੀ ਵਿਰਾਸਤੀ ਯਾਦਾਂ ਤੇ ਵਰਤਮਾਨ ਲੋੜਾਂ ਨੂੰ ਸਿੱਖ ਸੰਗਤ ਨੇ ਹਾਜ਼ਰੀ ਭਰ ਕੇ ਯਾਦ ਕੀਤਾ। ਪਹਿਲਾਂ ਤਾਂ ਸਵੇਰ ਨੂੰ ਪਿੰਡ ਦਾਰਾਪੁਰ ਇਲਾਕਾ ਦੀ ਸੰਗਤ ਵਲੋਂ ਮਹੇਸ਼ ਮੁਨੀ ਬੋਰੇ ਵਾਲਿਆ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਉਪਰੰਤ ਸਵੇਰ ਨੂੰ ਕੀਰਤਨ ਦੀਵਾਨ ਸਜੇ।ਰਾਗੀ ਜੱਥਿਆ ਭਾਈ ਸਰਬਜੀਤ ਸਿੰਘ ਰਮਦਾਸ ਵਾਲੇ ਤੇ ਭਾਈ ਇਕਬਾਲ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਗੁਰਬਾਣੀ ਕੀੲਤਨ ਨਾਲ ਸੰਗਤ ਨੂੰ ਨਿਹਾਲ ਕੀਤਾ।ਇਸੇ ਸਮੇਂ ਲੰਗਰ ਹਾਲ ਵਿਚ ਬ੍ਰਿਟਿਸ਼ ਕੋਲੰਬੀਆਂ ਦੀ ਫਰੇਜ਼ਰ ਹੈਲਥ ਅਤੇ ਇਸ ਦੀ ਸਹਾਇਕ ਸਊਥ ਏਸ਼ੀਅਨ ਹੈਲਥ ਇਸਟੀਚੀਊਟ  ਦੇ ਵਾਲੰਟੀਅਰਾਂ ਵਲੋਂ ਟੇਬਲ ਲਗਾ ਕੇ ਜਾਣਕਾਰੀ ਭਰਪੂਰ ਛਪੇ ਹੋਏ ਪਰਚੇ ਵੰਡੇ ਅਤੇ ਸਿਹਤ ਸੰਬੰਧੀ ਜਾਣਕਾਰੀ ਸੁਆਲ ਜੁਆਬ ਦੇ ਰੂਪ ਵਿਚ ਵਰਤਮਾਨ ਜੀਵਨ ਨੂੰ ਸਵੱਸਥ ਰੱਖਣ ਲਈ ਆਏ ਹੋਏ ਵਾਲੰਟੀਅਰ ਸੇਵਾਦਾਰਾਂ ਨੇ ਮਹੱਤਵ ਪੂਰਨ ਵਿਚਾਰ ਸਾਂਝੇ ਕੀਤੇ।
ਇਸੇ ਤਰ੍ਹਾਂ ਉਪਰ ਦਰਬਾਰ ਹਾਲ ਵਿਚ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਅਤੇ ਹੈੱਡ ਗ੍ਰੰਥੀ ਸਤਵਿੰਦਰਪਾਲ ਸਿੰਘ ਬੁਲਾਰਿਆਂ ਨੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਨ ਤੇ ਰੋਸ਼ਨੀ ਪਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਵਾਪਰੀਆਂ ਘਟਨਾਵਾਂ ਜਾਂ ਸੀਨੇ ਬਸੀਨੇ ਪੜ੍ਹੀਆਂ ਜਾਂ ਸੁਣੀਆਂ ਸਾਖੀਆਂ ਨਾਲ ਪੰਡਾਲ ਵਿਚ ਜੁੜ੍ਹੀਆਂ ਸੰਗਤਾਂ ਨੂੰ ਸੰਬੋਧਨ ਕੀਤਾ। ਭਾਈ ਲਾਲੋ ਜੀ ਦਾ ਜਨਮ ਸੰਨ 1452 ਨੂੰ ਸੈਦਪੁਰ ਵਿਚ ਭਾਈ ਜਗਤ ਰਾਮ ਘਟੌੜਾ ਤੇ ਬੀਬੀ ਖੇਮੋਂ ਜੀ ਦੇ ਘਰ ਹੋਇਆ ਜੋ ਕਿ ਬਾਅਦ ਵਿਚ ਇਹ ਸਥਾਨ ਏਮਨਾਬਾਦ ਸ਼ਹਿਰ ਦੇ ਨਾਉਂ ਨਾਲ ਮਸ਼ਹੂਰ ਹੋਇਆ।ਭਾਈ ਲਾਲੋ ਜੀ ਪਿਤਾ ਪੁਰਖੀ ਤਰਖਾਣਾ ਕੰਮ ਕਰਕੇ ਆਪਣੇ ਜੀਵਨ ਦਾ ਨਿਰਬਾਹ ਕਰਦੇ ਸਨ।ਦਸਾਂ ਨੌਹਾਂ ਦੀ ਕਿਰਤ ਦੇ ਨਾਲ ਨਾਲ ਆਏ ਗਏ ਦੀ ਸੇਵਾ ਕਰਕੇ ਵੰਡ ਛਕਣ ਦੇ ਮੁਦੱਈ ਸਨ।ਇਸ ਦੇ ਨਾਲ ਨਾਲ ਕੁਝ ਹਿਕਮਤ ਵੀ ਜਾਣਦੇ ਸਨ ਤੇ ਆਏ ਗਏ ਲੋੜਵੰਦਾਂ ਦੇ ਦਵਾ ਦਾਰੂ ਦੀ ਸੇਵਾ ਵੀ ਕਰ ਦਿਆ ਕਰਦੇ ਸਨ।ਇਹ ਉਨ੍ਹਾਂ ਦੀ ਨਿੱਤ ਦੀ ਕਾਰ ਸੀ ਜਿਸ ਕਰਕੇ ਪੇਸ਼ੇ ਤੇ ਦਵਾਈਆਂ ਪੱਖੋਂ ਆਲੇ ਦੁਆਲੇ ਪਿੰਡਾਂ ਵਿਚ ਕੁਝਕੁ ਜਾਣ ਪਹਿਚਾਣ ਵੀ ਬਣ ਗਈ ਸੀ।
ਸਾਖੀਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਦਿਨ ਭਾਈ ਮਰਦਾਨਾ ਜੀ ਨੂੰ ਤਲਵੰਡੀ ਸ਼ਹਿਰ ਵਿਚ ਕਹਿਣ ਲੱਗੇ ਕਿ ਚੱਲ ਮਰਦਾਨਿਆਂ ਤੈਨੂੰ ਭਗਤੀ ਦੇ ਘਰ ਲੈ ਚਲੀਏ।ਇਸ ਤਰ੍ਹਾਂ 1507 ਵਿਚ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਦੇ ਘਰ ਏਮਨਾਬਾਦ ਵਿਚ ਪਹੁੰਚਦੇ ਹਨ। ਇਸ ਸਮੇਂ ਭਾਈ ਲਾਲੋ ਜੀ ਦੀ ਆਯੂ 55 ਸਾਲ ਦੀ ਹੋ ਚੁਕੀ ਸੀ।ਇਹ ਉਹ ਸਮਾਂ ਸੀ ਜਦੋਂ ਕਿ ਛੂਆ ਛਾਤ ਤੇ ਜਾਤਪਾਤ ਦੀ ਭਰਮਾਰ ਸਿਖਰਾਂ ਤੇ ਸੀ।ਉਚੀ ਜਾਤ ਦੇ ਅਭਿਮਾਨੀਆਂ ਵਲੋਂ ਬ੍ਰਹਮ ਗਿਆਨੀ ਤਰਖਣ ਭਾਈ ਲਾਲੋ ਨੂੰ ਅਛੂਤ ਆਖ ਕੇ ਭੰਡਿਆ ਜਾਂਦਾ ਸੀ। ਉਸ ਸਮੇਂ ਤਾਂ ਸ਼ੁਦਰ ਦੇ ਪਰਛਾਵੇਂ ਨਾਲ ਵੀ ਉਚੀ ਜਾਤੀ ਕਹੌਣ ਵਾਲਾ ਭਿਟਿਆ ਜਾਂਦਾ ਸੀ।ਐਪਰ ਧੰਨ ਹਨ ਸ੍ਰੀ ਗੁਰੂ ਨਾਨਕ! ਜਿਨ੍ਹਾਂ ਨੇ ਦਸਾਂ ਨੌਹਾਂ ਦੀ ਈਮਾਨਦਾਰੀ ਨਾਲ ਕਿਰਤ ਕਮਾਈ ਕਰਨ ਵਾਲੇ ਤੇ ਉਸ ਕਿਰਤ ਕਮਾਈ ਵਿਚੋਂ ਆਏ ਗਏ ਦੀ ਸੇਵਾ ਕਰਕੇ ਵੰਡ ਕੇ ਖਾਣ ਵਾਲੇ ਅਛੂਤ ਜਾਂ ਅਖੌਤੀ ਵੰਡ ਤੇ ਕਰਾਰੀ ਸੱਟ ਮਾਰੀ ਤੇ ਉਸ ਸਮੇਂ ਦੇ ਧੰਨਵਾਨ ਮਲਕ ਭਾਗੋ ਨੂੰ ਅਹਿਸਾਸ ਕਰਵਾ ਦਿੱਤਾ ਈਮਾਨਦਾਰੀ ਨਾਲ ਕਮਾਈ ਹੋਈ ਰੁੱਖੀ ਸੁੱਖੀ ਕੋਧਰੇ ਦੀ ਰੋਟੀ ਖਾਣ ਨਾਲ ਮਨ ਭਗਤੀ ਭਾਵ ਵਿਚ ਜੁੜਦਾ ਹੈ ਤੇ ਮਾਸੂਮਾਂ ਦੀ ਖੂਨ ਪਸੀਨੇ ਦੀ ਕਮਾਈ ਵਾਲੇ ਪਰਾਏ ਹੱਕ ਨੂੰ ਬੇਈਮਾਨੀ ਨਾਲ ਮਾਇਆ ਇਕੱਠੀ ਕਰਕੇ ਬ੍ਰਹਮ ਭੋਜ ਕਰਵਾ ਦੇਣੇ ਵਿਅਰਥ ਹਨ ਤੇ ਮੇਰਾ ਮਨ ਇਹੋ ਜਿਹੀਆਂ ਚਤੁਰਾਈਆਂ ਤੋਂ ਹਰਗਿਜ਼ ਨਹੀਂ ਭਿਜਦਾ ਤੇ ਨਾ ਹੀ ਇਹ ਕਮਾਈ ਇਹੋ ਜਿਹੇ ਵੰਡ ਵਰਤਾਵੇ ਨਾਲ ਦਸਾਂ ਨੌਹਾਂ ਦੀ ਹਲਾਲ ਦੀ ਕਮਾਈ ਕਹਾ ਸਕਦੀ ਹੈ।ਅਖੀਰ ਵਿਚ ਮਲਕ ਭਾਗੋ ਨੂੰ ਗੁਰੂ ਨਾਨਕ ਜੀ ਦੀ ਏਸ ਸਿਖਿਆ ਨਾਲ ਗਿਆਨ ਹੋ ਗਿਆ ਤੇ ਭਾਈ ਲਾਲੋ ਜੀ ਦੇ ਘਰ ਦੀ ਉਹ ਖੂਹੀ ਜਿਥੋਂ ਗੁਰੂ ਸਾਹਿਬ ੁਇਸ਼ਨਾਨ ਕਰਦੇ ਸਨ ਤੇ ਉਹ ਸਥਾਨ ਭਗਤੀ ਦਾ ਘਰ ਬਣ ਗਿਆ ਅਤੇ ਉਹ ਜਗ੍ਹਾ ਏਮਨਾਬਾਦ ਵਿਚ ਸਿੱਖ ਧਰਮਸਾਲ ਬਣ ਗਈ ਸੀ ਤੇ ਨਾਨਕ ਨਾਮ ਲੇਵਾ ਇਕੱਠੇ ਹੋਣ ਲੱਗ ਪਏ ਸਨ।
ਸ੍ਰੀ ਗੁਰੂ ਨਾਨਕ ਦੋ ਵਾਰੀ ਹੋਰ ਭਾਈ ਲਾਲੋ ਜੀ ਦੇ ਘਰ ਆਏ। ਇਸ ਤਰਾਂ 1517 ਵਿਚ ਜਦੋਂ ਭਾਈ ਲਾਲੋ ਜੀ ਦੀ ਸਪੁਤਰੀ ਬੀਬੀ ਰੱਜੋ ਦਾ ਵਿਆਹ ਸੀ ਤੇ ਤੀਜੀ ਵਾਰੀ 1521 ਵਿਚ ਜਦੋਂ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਸੀ। ਇਸੇ ਸੰਬੰਧ ਵਿਚ ਇਹ ਜੁ ਸ਼ਬਦ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਉਚਾਰਿਆ ਸੀ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ”। ਇਸ ਤਰ੍ਹਾਂ ਭਾਈ ਲਾਲੋ ਜੀ ਨੂੰ ਬੜੇ ਪਿਆਰ ਨਾਲ ਸੱਤ ਵਾਰੀ ‘ਵੇ ਲਾਲੋ’ ਸ਼ਬਦ ਨਾਲ ਪੁਕਾਰ ਮਾਣ ਸਤਿਾਕਾਰ ਦਿੱਤਾ ਸੀ। ਅੱਜ ਵੀ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੀ ਸੱਚੀ ਸੁੱਚੀ ਇਮਾਨਦਾਰੀ ਵਾਲੀ ਦਸਾਂ ਨੌਹਾਂ ਦੀ ਕਿਰਤ ਤੇ ਵੰਡ ਛਕਣ ਵਾਲੇ ਸਿੱਖੀ ਅਸੂਲ਼ ਨੂੰ ਵਡਿਆਉਂਦਾ ਹੈ।ਅਕਾਲਪੁਰਖ ਵਲੋਂ ਬਖਸ਼ੀ ਹੋਈ ਉਮਰ ਭੋਗ ਕੇ 1531 ਵਿਚ ਭਾਈ ਲਾਲੋ ਜੀ ਅਕਾਲਪੁਰਖ ਜੀ ਦੇ ਚਰਨਾਂ ਵਿਚ ਜਾ ਬਿਰਾਜੇ।
ਅੱਜ ਦੇ ਦਿਨ ਦੀ ਇਕ ਹੋਰ ਵਿਰਾਸਤੀ ਮਹੱਤਵ ਪੂਰਨ ਘਟਨਾ ਜੋ ਕਿ 1914 ਵਿਚ ਵਾਪਰੀ ਸੀ ਕਿ ਬਾਬਾ ਗੁਰਦਿੱਤ ਸਿੰਘ ਜੀ ਨੇ ਕਾਮਾਗਾਟਾਮਾਰੂ ਨਾਮੀ ਜਹਾਜ਼ ਜੋ ਜਪਾਨ ਤੋਂ ਖਰੀਦ ਕਿ ਇਸ ਦਾ ਨਾਉਂ ‘ਗੁਰੂ ਨਾਨਕ ਜਹਾਜ਼’ ਰੱਖਿਆ ਸੀ ਤੇ ਮੁਸਾਫਿਰਾਂ ਨੂੰ ਲੈ ਕੇ ਕੈਨੇਡਾ ਪਹੁੰਚੇ ਸਨ ਜਿਸ ਦੇ ਮੁਸਾਫਿਰਾਂ ਨੂੰ ਵੂੈਨਕੁਵਰ ਵਿਚ ਉਤਰਨ ਨਹੀਂ ਸੀ ਦਿੱਤਾ ਤੇ ਵਾਪਸ ਇੰਡੀਆ ਭੇਜ ਦਿੱਤਾ ਸੀ।ਉਸ ਸਮੇਂ ਦੋਹਾਂ ਮੁਲਕਾਂ ਇੰਡੀਆ ਤੇ ਕੈਨੇਡਾ ਵਿਚ ਬਰਤਾਨਵੀ ਸਰਕਾਰ ਦੀ ਹੁਕਮਰਾਨੀ ਚੱਲਦੀ ਸੀ ਜਦੌਂ ਇਹ ਗੁਰੂ ਨਾਨਕ ਜਹਾਜ਼ ਕਲਕੱਤਾ ਦੇ ਬਜ ਬਜ ਘਾਟ ਤੇ ਪੁੱਜਾ ਤਾਂ ਇੰਡੀਆ ਵਿਚਲੀ ਬਰਤਾਨਵੀ ਸਰਕਾਰ ਗੋਲੀਆਂ ਚਲਾ ਕੇ ਗੁਰੂ ਨਾਨਕ ਜਹਾਜ਼ ਦੇ 19 ਮੁਸਾਫਿਰਾਂ ਨੂੰ ਸ਼ਹੀਦ ਕਰ ਦਿੱਤਾ।ਇਹਨਾਂ ਮੁਸਾਫਿਰਾਂ ਦੀ ਦੁਖਭਰੀ ਦਾਸਤਾਨ ਨੂੰ ਸਟੇਜ ਤੋਂ ਹਾਜ਼ਰੀਨ ਸੰਗਤ ਨਾਲ ਸਾਂਝਿਆਂ ਕੀਤਾ ਗਿਆ ਅਤੇ ਇਹਨਾਂ ਸ਼ਹੀਦਾਂ ਦੀ ਵਿਰਾਸਤ ਨੂੰ ਯਾਦ ਰੱਖਦੇ ਹੋਏ ਅੱਜ ਦੇ ਸਮਾਗਮ ਦੀ ਸਮਾਪਤੀ ਤੇ ਸਮੁੱਚੀ ਸੰਗਤ ਵਲੋਂ ਅਰਦਾਸ ਵੀ ਕੀਤੀ ਗਈ।