ਐਬਸਫੋਰਡ (ਡਾ. ਗੁਰਵਿੰਦਰ ਸਿੰਘ)- ਇਥੋਂ ਦੇ ਸਾਬਕਾ ਮੇਅਰ ਅਤੇ ਦਸਮੇਸ਼ ਪੰਜਾਬੀ ਸਕੂਲ ਦੇ ਸਾਬਕਾ ਪ੍ਰਿੰਸੀਪਲ ਜੌਰਜ ਪੈਰੀ ਦਾ ਦੇਹਾਂਤ ਹੋਣ ਦੀ ਦੁਖਦਾਈ ਖਬਰ ਹੈ। ਇਹ ਜਾਣਕਾਰੀ ਜੌਰਜ ਪੈਰੀ ਦੇ ਬੇਟੇ ਵੇਡ ਵਲੋਂ ਸੋਸ਼ਲ ਮੀਡੀਆ ਰਾਹੀ ਸਾਂਝੀ ਕੀਤੀ ਗਈ। ਪ੍ਰਿੰਸੀਪਲ, ਮੇਅਰ ਅਤੇ ਲਗਪਗ 18 ਸਾਲ ਕੌਂਸਲਰ ਰਹਿਣ ਤੋਂ ਇਲਾਵਾ ਹੋਰਨਾਂ ਵੱਖ-ਵੱਖ ਸਤਿਕਾਰਤ ਅਹੁਦਿਆਂ ਤੇ ਰਹੇ ਜੌਰਜ ਪੈਰੀ ਨੂੰ ਬੀਤੇ ਸਮੇਂ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਨੇ ‘ਆਨਰੇਰੀ ਡਾਕਟਰੇਟ ਦੀ ਡਿਗਰੀ’ ਨਾਲ ਸਨਮਾਨਿਤ ਕੀਤਾ ਸੀ। ਜਾਣਕਾਰੀ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ।
ਬੇਹਦ ਮਿਲਣ ਸਾਰ ਅਤੇ ਸਾਊ ਸੁਭਾਅ ਦੇ ਮਾਲਕ ਜੌਰਜ ਪੈਰੀ 2008 ਤੋਂ 2011 ਤੱਕ ਐਬਸਫੋਰਡ ਸਿਟੀ ਕੌਂਸਲ ਦੇ ਮੇਅਰ ਰਹੇ। ਇਸ ਦੌਰਾਨ ਮੋਇਟ ਸੀਨੀਅਰ ਸੈਕੰਡਰੀ ਸਕੂਲ ਤੇ ਮੈਪਿਲ ਰਿਜ ਸੈਕੰਡਰੀ ਸਕੂਲ ਸਮੇਤ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਸੇਵਾਵਾਂ ਨਿਭਾਈਆਂ। ਜਦੋਂ 2015 ਵਿੱਚ ਉਹਨਾਂ ਦੀ ਐਬਸਫੋਰਡ ਦੇ ਦਸਮੇਸ਼ ਪੰਜਾਬੀ ਸਕੂਲ ਵਿੱਚ ਪ੍ਰਿੰਸੀਪਲ ਵਜੋਂ ਨਯੁਕਤੀ ਹੋਈ, ਤਾਂ ਸਿੱਖ ਭਾਈਚਾਰੇ ਅੰਦਰ ਬੇਹਦ ਖੁਸ਼ੀ ਦਾ ਮਾਹੌਲ ਬਣਿਆ। ਜੌਰਜ ਪੈਰੀ ਸਾਬਕਾ ਕੌਂਸਲਰ ਅਤੇ ਡਿਪਟੀ ਮੇਅਰ ਮਹਿੰਦਰ ਸਿੰਘ ਮੋਅ ਗਿੱਲ ਦੇ ਨਜ਼ਦੀਕੀ ਮਿੱਤਰ ਸਨ। ਸ਼ਹਿਰ ਦੇ ਮੇਅਰ ਹੁੰਦੇ ਸਮੇਂ ਉਹ ਸਿੱਖ ਭਾਈਚਾਰੇ ਅਤੇ ਸਥਾਨਕ ਗੁਰਦੁਆਰਿਆਂ ਦੇ ਕਾਰਜਾਂ ਵਿੱਚ ਮਦਦ ਕਰਦੇ ਸਨ। ਜੌਰਜ ਪੈਰੀ ਨੂੰ ਐਬਸਫੋਰਡ ਵਸਦੇ ਸਮੂਹ ਭਾਈਚਾਰਿਆਂ ਨਾਲ ਡੂੰਘੀਆਂ ਸਾਂਝਾ ਲਈ ਸਦਾ ਹੀ ਚੇਤੇ ਕੀਤਾ ਜਾਂਦਾ ਰਹੇਗਾ।
