ਚੰਡੀਗੜ (ਦੇ ਪ੍ਰ ਬਿ)–ਪੰਜਾਬ ਦੇ ਸੀਨੀਅਰ ਸਿਆਸਤਦਾਨ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਨਿਲ ਜੋਸ਼ੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਗੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਵੱਡੀ ਗਿਣਤੀ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਇਕ ਸਮਾਗਮ ਦੌਰਾਨ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ।
ਜ਼ਿਕਰਯੋਗ ਹੈ ਕਿ ਸ੍ਰੀ ਅਨਿਲ ਜੋਸ਼ੀ ਨੇ ਤਰਨ ਤਾਰਨ ਤੋਂ ਆਪਣੀ ਸਿਆਸਤ ਦੀ ਸ਼ੁਰੂਆਤ ਕਰਦਿਆਂ ਲੰਬਾ ਸਮਾਂ ਭਾਜਪਾ ਲਈ ਕੰਮ ਕੀਤਾ। ਉਹ ਅੰਮ੍ਰਿਤਸਰ ਉਤਰੀ ਤੋਂ 2007 ਅਤੇ 2012 ਵਿਚ ਦੋ ਵਾਰ ਭਾਜਪਾ ਦੇ ਵਿਧਾਇਕ ਚੁਣੇ ਗਏ। ਉਹ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ। ਉਹਨਾਂ ਕੈਬਨਿਟ ਮੰਤਰੀ ਹੁੰਦਿਆਂ ਅੰਮ੍ਰਿਤਸਰ ਉਤਰੀ ਹਲਕੇ ਦੇ ਅਨੇਕਾਂ ਵਿਕਾਸ ਕਾਰਜ ਕਰਵਾਏ ਤੇ ਆਪਣੇ ਲੋਕਾਂ ਵਿਚ ਵਿਚਰਨ ਅਤੇ ਹਲਕੇ ਦੇ ਕੰਮਾਂ ਨੂੰ ਪਹਿਲ ਦਿੰਦਿਆਂ ਲੋਕ ਆਗੂ ਵਜੋਂ ਵੱਖਰੀ ਦਿਖ ਬਣਾਈ। ਸਾਲ 2020 ਦੇ ਕਿਸਾਨ ਅੰਦੋਲਨ ਦੌਰਾਨ ਉਹ ਭਾਜਪਾ ਦੀਆਂ ਨੀਤੀਆਂ ਖਿਲਾਫ ਕਿਸਾਨਾਂ ਦੀ ਹਮਾਇਤ ਵਿਚ ਭਾਜਪਾ ਨੂੰ ਅਲਵਿਦਾ ਕਹਿ ਗਏ। ਫਿਰ ਅਗਸਤ 2021 ਵਿਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਹਨਾਂ ਨੂੰ ਅਕਾਲੀ ਦਲ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋ ਉਮੀਦਵਾਰ ਬਣਾਇਆ ਸੀ। ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬ ਮੰਨੇ ਜਾਂਦੇ ਸਨ। ਅਕਾਲੀ ਲੀਡਰਸ਼ਿਪ ਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਸਮੇਂ ਉਹਨਾਂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਤੇ ਸਾਥੀਆਂ ਨਾਲ ਸਲਾਹ ਮਸ਼ਵਰੇ ਉਪਰੰਤ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਬੀਤੇ ਦਿਨ ਉਹ ਨਵੀਂ ਦਿੱਲੀ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲੇ ਸਨ ਜਿਹਨਾਂ ਨੇ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ।



