ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ-
ਸਰੀ ( ਦੇ ਪ੍ਰ ਬਿ)- ਸਰੀ ਵਿਚ ਜੁਲਾਈ ਮਹੀਨੇ ਖੁੱਲੇ ਸਵਿਫਟ ਰੇਡੀਓ ( 1200 ਏ ਐਮ) ਦੇ ਦਫਤਰ ਦੇ ਪ੍ਰਵੇਸ਼ ਦੁਆਰ ਉਪਰ ਰਾਤ ਨੂੰ ਗੋਲੀਆਂ ਮਾਰਨ ਦੀ ਖਬਰ ਹੈ। ਪੁਲਿਸ ਨੂੰ ਗੋਲੀਬਾਰੀ ਦੀ ਇਸ ਘਟਨਾ ਦੀ ਸਵੇਰੇ ਜਾਣਕਾਰੀ ਦਿੱਤੀ ਗਈ ਜਿਸ ਪਿਛੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰੀ ਪੁਲਿਸ ਦੇ ਇਕ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਸਵਿਫਟ ਰੇਡੀਓ ਦੇ 13000 ਬਲਾਕ ਤੇ 76 ਐਵਨਿਊ ਤੇ ਸਥਿਤ ਦਫਤਰ ਵਿਖੇ 30 ਸਤੰਬਰ ਨੂੰ ਸਵੇਰੇ 11 ਵਜੇ ਬੁਲਾਇਆ ਗਿਆ। ਉਹਨਾਂ ਨੂੰ ਦੱਸਿਆ ਕਿ ਦਫਤਰ ਦੇ ਪ੍ਰਵੇਸ਼ ਦੁਆਰ ਤੇ ਕਿਸੇ ਅਣਪਛਾਤੇ ਵਲੋਂ ਰਾਤ ਨੂੰ ਗੋਲੀਆਂ ਚਲਾਈਆਂ ਹਨ। ਇਸ ਸਬੰਧੀ ਸਾਬਕਾ ਮੰਤਰੀ ਜਿੰਨੀ ਸਿਮਸ ਜੋ ਕਿ ਇਸ ਸਮੇਂ ਸਫਿਵਟ ਰੇਡੀਓ ਤੇ ਸਵੇਰ ਦੇ ਟਾਕ ਸ਼ੋਅ ਦੇ ਹੋਸਟ ਵੀ ਹਨ ਨੇ ਇਸ ਗੋਲੀਬਾਰੀ ਦੀ ਘਟਨਾ ਸਬੰਧੀ ਸੋਸ਼ਲ ਮੀਡੀਆ ਉਪਰ ਇਕ ਪੋਸਟ ਵੀ ਸਾਂਝੀ ਕੀਤੀ ਹੈ।
ਸਰੀ ਪੁਲਿਸ ਦੇ ਸਾਰਜੈਂਟ ਲਿੰਡਸੇ ਹਾਟਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਪੁਲਿਸ ਨੇ ਮੰਗਲਵਾਰ ਦੀ ਸਵੇਰੇ ਰੇਡੀਓ ਸਟੇਸ਼ਨ ‘ਤੇ ਪੁੱਜਕੇ ਮੌਕੇ ਦਾ ਜਾਇਜਾ ਲਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀਹੈ ਕਿ ਗੋਲੀਆਂ ਚੱਲਣ ਨਾਲ ਦਫਤਰ ਦੇ ਬਾਹਰੀ ਦਰਵਾਜ਼ੇ ਨੂੰ ਨੁਕਸਾਨ ਪਹੁੰਚਿਆ ਹੈ। ਕਿਸੇ ਦੇ ਜਖਮੀ ਹੋਣ ਦੀ ਕੋਈ ਸੂਚਨਾ ਨਹੀ ਹੈ।

