Mar 7, 2026

ਵੈਨਕੂਵਰ ( ਦੇ ਪ੍ਰ ਬਿ)-ਵਿਕਟੋਰੀਆ ਦੇ ਇਕ ਜੱਜ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੋਲਵੁੱਡ ਸਥਿਤ ਘਰ ਤੇ ਗੋਲੀਬਾਰੀ ਕਰਨ ਅਤੇ ਇਕ ਵਾਹਨ ਨੂੰ ਸਾੜਨ ਦੇ ਦੋਸ਼ ਹੇਠ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਨੂੰ ਛੇ ਸਾਲ ਦੀ ਸਜ਼ਾ ਸੁਣਾਈ ਹੈ। ਆਰ ਸੀ ਐਮ ਪੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮਾਣਯੋਗ ਜੱਜ ਨੇ ਭਾਰਤ ਨਾਲ ਸਬੰਧਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਜਿਸਦੀ ਪਹਿਚਾਣ ਵਿੰਨੀਪੈਗ ਦੇ 26 ਸਾਲਾ ਅਬਜੀਤ ਕਿੰਗਰਾ ਵਜੋਂ ਹੋਈ ਹੈ ਨੂੰ 26 ਸਤੰਬਰ ਨੂੰ ਸੁਣਾਏ ਗਏ ਫੈਸਲੇ ਵਿਚ ਲਿਖਿਆ ਹੈ ਕਿ ਕਿੰਗਰਾ ਭਾਰਤ ਵਿੱਚ ਲਾਰੈਂਸ ਬਿਸ਼ਨੋਈ ਅਪਰਾਧ ਸਮੂਹ ਦੇ ਨਿਰਦੇਸ਼ਾਂ ‘ਤੇ ਕੈਨੇਡਾ ਵਿੱਚ ਨਿਸ਼ਾਨਾ ਬਣਾ ਕੇ ਅਪਰਾਧਿਕ ਕਾਰਵਾਈਆਂ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਇਹ ਸਜ਼ਾ ਫੈਡਰਲ ਸਰਕਾਰ ਵੱਲੋਂ ਬਿਸ਼ਨੋਈ ਗੈਂਗ ਨੂੰ ਅਤਵਾਦੀ ਗੰਗਠਨ ਵਜੋਂ ਸੂਚੀਬੱਧ ਕਰਨ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਆਈ ਹੈ।

ਆਰਸੀਐਮਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੂਜੇ ਸ਼ੱਕੀ, ਵਿਕਰਮ ਸ਼ਰਮਾ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕੈਨੇਡਾ ਛੱਡਕੇ ਇੰਡੀਆ ਭੱਜ ਗਿਆ ਹੈ।

ਆਰ ਸੀ ਐਮ ਪੀ ਅਧਿਕਾਰੀ ਸਟੀਫਨ ਦਾ ਕਹਿਣਾ ਹੈ ਕਿ  ਅਬਜੀਤ ਕਿੰਗਰਾ ਨੂੰ ਸਜ਼ਾ ਸਾਡੇ ਅਧਿਕਾਰੀਆਂ ਦੁਆਰਾ ਮਹੀਨਿਆਂ ਬੱਧੀ ਕੀਤੀ ਜਾਂਚ  ਦਾ ਨਤੀਜਾ ਹੈ। ਹਾਲਾਂਕਿ ਅਸੀਂ ਇਸ ਮਾਮਲੇ ਵਿੱਚ ਕਾਰਵਾਈ ਹੋਈ ਦੇਖ ਕੇ ਖੁਸ਼ ਹਾਂ ਪਰ ਅਜੇ ਸਾਡਾ ਕੰਮ ਪੂਰਾ ਨਹੀਂ ਹੋਇਆ ਹੈ। ਅਸੀਂ ਵਿਕਰਮ ਸ਼ਰਮਾ ਦਾ ਪਤਾ ਲਗਾਉਣ ਅਤੇ ਉਸਨੂੰ ਅਦਾਲਤ ਵਿਚ ਪੇਸ਼ ਕਰਨ ਲਈ ਵਚਨਬੱਧ ਹਾਂ।

ਕਿੰਗਰਾ ਅਕਤੂਬਰ 2024 ਵਿਚ ਆਪਣੀ ਗ੍ਰਿਫਤਾਰੀ ਤੋਂ ਬਾਦ ਹੁਣ ਲਗਪਗ ਸਾਢੇ ਚਾਰ ਸਾਲ ਜੇਲ ਵਿਚ ਰਹੇਗਾ।