ਸਰੀ ( ਦੇ ਪ੍ਰ ਬਿ)- ਜਿਲਾ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਅਤੇ ਲਲਤੋਂ ਖੁਰਦ ਦੇ ਕੈਨੇਡਾ ਵਿਚ ਵਸਦੇ ਨਿਵਾਸੀਆਂ ਵਲੋਂ ਸਾਲਾਨਾ ਇਕੱਠ ਗੁਰਦੁਆਰਾ ਯੌਰਕ ਸੈਂਟਰ ਸਰੀ ਵਿਖੇ ਕੀਤਾ ਗਿਆ। ਇਸ ਸਬੰਧ ਵਿਚ ਸ੍ਰੀ ਆਖੰਡ ਪਾਠ ਦੇ ਆਰੰਭ 3 ਅਕਤੂਬਰ ਨੂੰ ਕੀਤੇ ਗਏ ਜਿਹਨਾਂ ਦੇ ਭੋਗ 5 ਅਕਤੂਬਰ ਦਿਨ ਐਤਵਾਰ ਨੂੰ ਪਾਏ ਗਏ। ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਸੰਗਤਾਂ ਨੂੁੰ ਗੁਰੂ ਨਾਲ ਜੋੜਿਆ। ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਤਿੰਨ ਦਿਨ ਲਗਾਤਾਰ ਦੋਵਾਂ ਪਿੰਡਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਤੇ ਧੀਆਂ- ਭੈਣਾਂ ਨੇ ਲੰਗਰਾਂ ਵਿਚ ਸੇਵਾ ਕੀਤੀ। ਪ੍ਰਬੰਧਕਾਂ ਵਲੋਂ ਇਸ ਸਾਲਾਨਾ ਇਕੱਠ ਵਿਚ ਐਡਮਿੰਟਨ, ਕੈਲਗਰੀ ਅਤੇ ਅਮਰੀਕਾ ਵਿਚ ਵਸਦੇ ਲਲਤੋਂ ਨਿਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਸਮਾਗਮ ਦੀ ਸਫਲਤਾ ਲਈ ਪ੍ਰੋਗਰਾਮ ਦੇ ਪ੍ਰਬੰਧਕਾਂ ਦਵਿੰਦਰ ਸਿੰਘ ਗਰੇਵਾਲ, ਨਵਦੀਪ ਸਿੰਘ ਗਰੇਵਾਲ, ਸਿਕੰਦਰ ਸਿੰਘ, ਨਰਿੰਦਰ ਸਿੰਘ ਗਰੇਵਾਲ ਤੇ ਹੋਰਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ।


