ਪਾਰਟੀ ਦੀ ਚੜ੍ਹਦੀ ਕਲਾ ਲਈ ਕੀਤੀਆਂ ਵਿਚਾਰਾਂ—-
ਸਰੀ 7 ਅਕਤੂਬਰ ( ਪਵਨ ਗਰੋਵਰ )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅੰਦਰ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਰੀ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵੈਸਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਚੀਮਾ ਆਪਣੇ ਨਿੱਜੀ ਦੌਰੇ ‘ਤੇ ਕੈਨੇਡਾ ਆਏ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਜ਼ਿਲਾ ਮੋਗਾ ਦੇ ਉਘੇ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਫ਼ਰਜ਼ੰਦ ਜਸਪ੍ਰੀਤ ਸਿੰਘ ਮਾਹਲਾ ਦੇ ਯਤਨਾਂ ਸਦਕਾ ਸ਼ੋਸ਼ਲ ਮੀਡੀਆ ਉਪਰ ਸਰਗਰਮ ਰਹਿਣ ਵਾਲੇ ਅਕਾਲੀ ਆਗੂ ਡਾ. ਸੁਰਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਰੱਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਾਰਟੀ ਲਈ ਸਰਗਰਮ ਰਹਿਣ ਵਾਲੇ ਅਨੇਕਾਂ ਪ੍ਰਵਾਸੀ ਪੰਜਾਬੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਸਮੇਂ ਡਾ. ਔਲਖ ਨੇ ਸੰਬੋਧਨ ਕਰਦਿਆਂ ਡਾ. ਚੀਮਾ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰਵਾਸੀ ਭਾਰਤੀਆਂ ਵੱਲੋਂ ਹਰੇਕ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਗਿਆ। ਸੀਨੀਅਰ ਯੂਥ ਅਕਾਲੀ ਆਗੂ ਅਤੇ ਉੱਘੇ ਪੱਤਰਕਾਰ ਪਵਨ ਗਰੋਵਰ ਅਜੀਤਵਾਲ ਨੇ ਪਿਛਲੇ ਸਮੇਂ ਦੌਰਾਨ ਕੈਨੇਡਾ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਕੀਤੀਆਂ ਸਰਗਰਮੀਆਂ ਤੋਂ ਡਾ. ਚੀਮਾ ਨੂੰ ਜਾਣੂ ਕਰਵਾਉਂਦਿਆਂ ਭਰੋਸਾ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਨੇਡਾ ਤੋਂ ਪਾਰਟੀ ਵਰਕਰ ਅਕਾਲੀ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਪੰਜਾਬ ਪਹੁੰਚਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਵੱਸਦੇ ਬਹੁਤਾਤ ਪੰਜਾਬੀ ਆਪਣੀ ਜਨਮ ਭੂਮੀ ਪੰਜਾਬ ਅੰਦਰ ਖੇਤਰੀ ਪਾਰਟੀ ਦੀ ਸਰਕਾਰ ਦੇਖਣ ਦੇ ਇਛੁੱਕ ਹਨ ਤਾਂ ਜੋ ਦਿੱਲੀ ਤੋਂ ਆਏ ਲੁਟੇਰਿਆਂ ਰਾਹੀਂ ਪੰਜਾਬ ਅਤੇ ਪੰਜਾਬੀਆਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਹੜ੍ਹ ਪੀੜਤਾਂ ਲਈ ਪਾਰਟੀ ਦਫ਼ਤਰ ਨੂੰ ਕੈਨੇਡਾ ਤੋਂ ਭੇਜੇ ਗਏ ਪੰਜ ਹਜ਼ਾਰ ਡਾਲਰ ਦੀ ਸੂਚੀ ਵੀ ਡਾ. ਚੀਮਾ ਨੂੰ ਸੌਂਪੀ ਗਈ।
ਇਸ ਮੌਕੇ ਡਾ. ਚੀਮਾ ਨੇ ਪਾਰਟੀ ਵਰਕਰਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਹਨਾਂ ਦੀ ਪਾਰਟੀ ਪ੍ਰਤੀ ਸਮਰਪਣ ਭਾਵਨਾ ਅਤੇ ਪੰਜਾਬ ਪ੍ਰਤੀ ਵਿਖਾਈ ਜਾਂਦੀ ਚਿੰਤਾ ਤੇ ਚੰਗੇਰੇ ਭਵਿੱਖ ਲਈ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਅਕਾਲੀ ਦਲ ਵਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਪ੍ਰਵਾਸੀ ਵੀਰਾਂ ਵਲੋਂ ਪਾਏ ਜਾ ਰਹੇ ਯੋਗਦਾਨ ਦਾ ਵੀ ਧੰਨਵਾਦ ਕੀਤਾ। ਉਹਨਾਂ ਹੋਰ ਕਿਹਾ ਕਿ ਪੰਜਾਬ ਵਿਚ ਤੀਸਰੇ ਬਦਲ ਦੇ ਨਾਮ ਹੇਠ ਲੋਕਾਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਹੈ ਤੇ ਹੁਣ ਲੋਕ ਜਲਦ ਤੋਂ ਜਲਦ ਇਸ ਪਾਰਟੀ ਦੇ ਕੁਸਾਸ਼ਨ ਨੂੰ ਗਲੋ ਲਾਹੁਣ ਲਈ ਉਤਾਵਲੇ ਹਨ ਤੇ ਲੋਕ ਇਹ ਸਮਝ ਚੁੱਕੇ ਹਨ ਕਿ ਪੰਜਾਬ ਦੀ ਭਲਾਈ ਤੇ ਚੰਗੇਰੇ ਭਵਿੱਖ ਲਈ ਖੇਤਰੀ ਪਾਰਟੀ ਅਕਾਲੀ ਦਲ ਦਾ ਮਜਬੂਤ ਹੋਣਾ ਅਤਿ ਜ਼ਰੂਰੀ ਹੈ। ਇਸ ਦੌਰਾਨ ਡਾ ਚੀਮਾ ਨੇ ਪਿਛਲੇ ਸਮੇਂ ਵਿਚ ਸਥਾਨਕ ਅਕਾਲੀ ਆਗੂ ਰਾਣਾ ਕੁਲਥਮ ਦੇ ਜਵਾਨ ਬੇਟੇ ਦੇ ਸਦੀਵੀ ਵਿਛੋੜੇ ਤੇ ਅਕਾਲੀ ਦਲ ਦੀ ਤਰਫੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਜਥੇਦਾਰ ਗੁਰਚਰਨ ਸਿੰਘ ਖੱਖ, ਰਛਪਾਲ ਸਿੰਘ ਭੁੱਲਰ, ਗੁਰਜੋਤ ਸੰਧੂ, ਸਤਵੀਰ ਸਿੰਘ ਸੱਤਾ ਜੰਗ, ਬਲਕਰਨ ਸਿੰਗ ਜੰਗ, ਸੰਤ ਸਿੰਘ ਢੀਂਡਸਾ, ਕੁਲਦੀਪ ਸਿੰਘ ਦੌਲਤਪੁਰਾ, ਸੁਖਵਿੰਦਰ ਸਿੰਘ ਸ਼ਾਹਕੋਟ, ਰੁਪਿੰਦਰ ਭੁੱਲਰ, ਰਾਜਵਿੰਦਰ ਜੰਡੂ ਆਦਿ ਆਗੂ ਹਾਜ਼ਰ ਸਨ।
ਡਾ ਚੀਮਾ ਵਲੋਂ ਕਈ ਭਾਈਚਾਰਕ ਸਾਂਝ ਵਾਲੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ-
ਇਸਤੋਂ ਪਹਿਲਾਂ ਡਾ ਦਲਜੀਤ ਸਿੰਘ ਚੀਮਾ ਉਘੇ ਰੀਐਲਟਰ ਅਤੇ ਏਸ਼ੀਅਨ ਸਟਾਰ ਦੇ ਪਬਲਿਸ਼ਰ ਸ ਰਵਿੰਦਰ ਸਿੰਘ ਰਵੀ ਚੀਮਾ ਦੇ ਗ੍ਰਹਿ ਵਿਖੇ ਵੀ ਪੁੱਜੇ ਜਿਥੇ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਆਪਣੇ ਇਸ ਸੰਖੇਪ ਦੌਰੇ ਦੌਰਾਨ ਉਹ ਕਈ ਉਘੀਆਂ ਕਾਰੋਬਾਰੀ, ਰਾਜਨੀਤਕ ਅਤੇ ਸਮਾਜਿਕ ਹਸਤੀਆਂ ਨੂੰ ਮਿਲੇ ਤੇ ਭਾਈਚਾਰੇ ਨਾਲ ਸਬੰਧਿਤ ਕਈ ਮੁੱਦਿਆਂ ਉਪਰ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਇਹਨਾਂ ਪ੍ਰਮੁੱਖ ਸ਼ਖਸੀਅਤਾਂ ਵਿਚ ਸਾਬਕਾ ਮੰਤਰੀ ਹੈਰੀ ਬੈਂਸ, ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਸਿੰਘ ਗਿੱਲ, ਐਡਵੋਕੇਟ ਲਵਲੀਨ ਸਿੰਘ ਗਿੱਲ, ਪੌਲ ਵੜੈਚ, ਸੁਰਜੀਤ ਸਿੰਘ ਮਾਧੋਪੁਰੀ, ਬਸੰਤ ਮੋਟਰਜ਼ ਦੇ ਸ ਬਲਦੇਵ ਸਿੰਘ ਬਾਠ, ਉਘੇ ਕਾਰੋਬਾਰੀ ਪ੍ਰਭਦੇਵ ਸਿੰਘ ਸਾਬੀ ਖਹਿਰਾ, ਗੁਰਮੀਤ ਸਿੰਘ, ਜਗਦੇਵ ਸਿੰਘ ਖਹਿਰਾ, ਸਥਾਨਕ ਅਕਾਲੀ ਆਗੂ ਸੁਰਿੰਦਰ ਸਿੰਘ ਔਲਖ, ਕੁਲਦੀਪ ਸਿੰਘ ਦੌਲਤਪੁਰਾ, ਜਸਜੀਤ ਸਿੰਘ ਮਾਹਲਾ, ਸਤਵੀਰ ਸਿੰਘ ਸੱਤਾ ਜੰਗ, ਪਵਨ ਗਰੋਵਰ, ਰਵੀ ਚੀਮਾ, ਲਖਬੀਰ ਸਿੰਘ ਸੰਘਾ ਵਿੰਨੀਪੈਗ, ਜਸਕਰਨ ਸਿੰਘ ਵਿੰਨੀਪੈਗ, ਵਜਿੰਦਰ ਸਿੰਘ ਬਾਜਵਾ ਤੇ ਹੋਰ ਸ਼ਾਮਿਲ ਸਨ।
ਉਘੇ ਰੀਐਲਟਰ ਅਤੇ ਏਸ਼ੀਅਨ ਸਟਾਰ ਦੇ ਐਡੀਟਰ ਰਵਿੰਦਰ ਸਿੰਘ ਰਵੀ ਚੀਮਾ ਦੇ ਗ੍ਰਹਿ ਵਿਖੇ ਡਾ ਦਲਜੀਤ ਸਿੰਘ ਚੀਮਾ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸਾਥੀ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ।
ਏ ਵੰਨ ਟਰੱਸ ਦੇ ਪ੍ਰੈਜੀਡੈਂਟ ਸ ਪ੍ਰਭਦੇਵ ਸਿੰਘ ਖਹਿਰਾ, ਜਗਦੇਵ ਸਿੰਘ ਖਹਿਰਾ, ਗੁਰਮੀਤ ਸਿੰਘ , ਗੁਰਚਰਨ ਸਿੰਘ ਖੱਖ ਨਾਲ ਇਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ।





