ਰੇਡੀਓ ਸਵਿਫਟ ਤੋਂ ਬਾਦ ਸਰੀ ਵਿਚ ਉਸਤਾਦ ਜੀ 76 ਦੀਆਂ ਦੋ ਲੋਕੇਸ਼ਨਾਂ ਨੂੰ ਨਿਸ਼ਾਨਾ ਬਣਾਇਆ-
ਸਰੀ ਪੁਲਿਸ ਵਲੋਂ 5 ਮੁਲਜਮਾਂ ਦੀ ਪਛਾਣ- ਤਿੰਨ ਗ੍ਰਿਫਤਾਰ- ਪੁਲਿਸ ਵਲੋਂ ਕਈ ਥਾਈਂ ਛਾਪੇਮਾਰੀ-
-ਮੁਲਜ਼ਮਾਂ ਵਿਚ ਮਨਦੀਪ ਗਿੱਧਾ, ਨਿਰਮਾਣਦੀਪ ਚੀਮਾ, ਅਰੁਣਦੀਪ ਸਿੰਘ ,ਹਰਮਨਜੋਤ ਬਰਾੜ, ਹਰਦਿਲਪ੍ਰੀਤ ਸਿੰਘ, ਅਭਿਜੀਤ ਕਿੰਗਰਾ ਤੇ ਵਿਕਰਮ ਸ਼ਰਮਾ ਸ਼ਾਮਿਲ-
ਸਰੀ ( ਦੇ ਪ੍ਰ ਬਿ)-ਪਿਛਲੇ ਕੁਝ ਦਿਨਾਂ ਤੋਂ ਸਾਊਥ ਏਸ਼ੀਅਨ ਭਾਈਚਾਰੇ ਦੀ ਵਸੋਂ ਵਾਲੇ ਇਲਾਕਿਆਂ ਵਿਚ ਗੋਲੀਬਾਰੀ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਵਿਚ ਮੁੜ ਵਾਧਾ ਹੋਣ ਨਾਲ ਲੋਕਾਂ ਵਿਚ ਡਰ ਅਤੇ ਭੈਅ ਦਾ ਮਾਹੌਲ ਹੈ। ਫੈਡਰਲ ਸਰਕਾਰ ਵਲੋਂ ਭਾਰਤੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨੇ ਜਾਣ ਦੇ ਬਾਦ ਇਹਨਾਂ ਘਟਨਾਵਾਂ ਵਿਚ ਇਕਦਮ ਤੇਜੀ ਆਈ ਹੈ। ਭਾਵੇਕਿ ਪੁਲਿਸ ਵਲੋਂ ਗੈਂਗਸਟਰ ਕਾਰਵਾਈਆਂ ਖਿਲਾਫ ਸਖਤੀ ਕਰਨ ਅਤੇ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਲਗਾਤਾਰ ਛਾਪੇਮਾਰੀ ਜਾਰੀ ਹੈ ਪਰ ਇਸਦੇ ਬਾਵਜੂਦ ਸਾਊਥ ਏਸ਼ੀਅਨ ਕਾਰੋਬਾਰ ਅਤੇ ਕਾਰੋਬਾਰੀ ਨਿਸ਼ਾਨਾ ਬਣ ਰਹੇ ਹਨ। ਪਿਛਲੇ ਥੋੜੇ ਦਿਨਾਂ ਵਿਚ ਸਰੀ ਵਿਚ ਸਥਿਤ ਰੇਡੀਓ ਸਵਿਫਟ ਦੇ ਨਾਲ ਤਿੰਨ-ਚਾਰ ਹੋਰ ਕਾਰੋਬਾਰਾਂ ਅਤੇ ਉਸਤਾਦ ਜੀ 76 ਰੈਸਟੋਰੈਂਟ ਦੀਆਂ ਦੋ ਲੋਕੇਸ਼ਨਾਂ ਉਪਰ ਗੋਲੀਬਾਰੀ ਕੀਤੇ ਜਾਣ ਅਤੇ ਗੈਂਗਸਟਰਾਂ ਵਲੋਂ ਇਸ ਗੋਲੀਬਾਰੀ ਦੀ ਜਿੰਮੇਵਾਰੀ ਲੈਂਦਿਆਂ ਕਈ ਭੰਬਲਭੂਸੇ ਵੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਭਾਵੇਂਕਿ ਬਿਸ਼ਨੋਈ ਗਰੁੱਪ ਦੇ ਇਕ ਗੈਂਸਗਟਰ ਵਲੋਂ ਜਾਰੀ ਇਕ ਸੂਚਨਾ ਵਿਚ ਜਬਰੀ ਫਿਰੌਤੀ ਲਈ ਮਾੜੇ ਕੰਮ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਮਿਹਨਤਕਸ਼ ਲੋਕਾਂ ਦੇ ਪੱਖੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਤਾਜਾ ਘਟਨਾ ਵਿਚ ਉਸਤਾਦ ਜੀ 76 ਰੈਸਟੋਰੈਂਟ ਦੀਆਂ ਦੋ ਲੋਕੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗੈਂਗਸਟਰਾਂ ਵਲੋਂ ਗੋਲੀਬਾਰੀ ਦੀ ਦਹਿਸ਼ਤ ਦਾ ਇਹ ਆਲਮ ਰਿਹਾ ਕਿ ਇਕ ਦਿਨ ਵੈਲੀ ਖੇਤਰ ਵਿਚ ਪੁਲਿਸ ਥਾਣੇ ਉਪਰ ਵੀ ਗੋਲੀਬਾਰੀ ਦੀ ਖਬਰ ਆਈ ਭਾਵੇਂਕਿ ਪੁਲਿਸ ਨੇ ਬਾਦ ਵਿਚ ਗੋਲਬਾਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ। ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਇਹ ਗੋਲੀਬਾਰੀ ਕਰਨ ਵਾਲਾ ਕੋਈ ਪੰਜਾਬੀ ਜਾਂ ਭਾਰਤੀ ਮੂਲ ਦਾ ਨਹੀ ਸੀ।
ਇਸੇ ਦੌਰਾਨ ਪੁਲਿਸ ਨੇ ਐਲਾਨ ਕੀਤਾ ਕਿ ਸਰੀ ਵਿੱਚ ਜਬਰੀ ਵਸੂਲੀ ਦੀ ਜਾਂਚ ਨਾਲ ਸਬੰਧਤ ਦੋ ਵੱਖ-ਵੱਖ ਅਪਰਾਧਾਂ ਦੇ ਸਬੰਧ ਵਿੱਚ ਪੰਜ ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ। ਸਰੀ ਪੁਲਿਸ ਦੁਆਰਾ ਪਹਿਲੇ ਐਲਾਨ ਵਿੱਚ ਕਿਹਾ ਗਿਆ ਸੀ ਕਿ ਮਾਰਚ ਵਿੱਚ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਕਿ ਇਕ ਹੋਰ ਮਾਮਲੇ ਵਿਚ ਇਕ ਨਾਮਜ਼ਦ ਦੋਸ਼ੀ ਪਹਿਲਾਂ ਹੀ ਹਿਰਾਸਤ ਵਿਚ ਹੈ ਤੇ ਇਕ ਫਰਾਰ ਹੈ।
ਪੁਲਿਸ ਨੇ ਤਿੰਨ ਵਿਅਕਤੀਆਂ ਦੀ ਪਛਾਣ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ । ਇਹਨਾਂ ਵਿਚ ਸ਼ਾਮਿਲ ਹਨ- 23 ਸਾਲਾ ਮਨਦੀਪ ਗਿੱਧਾ, 20 ਸਾਲਾ ਨਿਰਮਾਣਦੀਪ ਚੀਮਾ ਤੇ 26 ਸਾਲਾ ਅਰੁਣਦੀਪ ਸਿੰਘ । ਇਹਨਾਂ ਉਪਰ ਅਪਰਾਧਿਕ ਜ਼ਾਬਤੇ ਦੀ ਧਾਰਾ 244.2 ਦੇ ਤਹਿਤ ਹਥਿਆਰ ਚਲਾਉਣ ਦੇ ਦੋਸ਼ ਲਗਾਏ ਗਏ ਹਨ। ਇਹਨਾਂ ਤਿੰਨਾਂ ਨੂੰ ਪੁਲਿਸ ਰਿਮਾਂਡ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸੇ ਤਰਾਂ ਨਿਊਟਨ ਵਿਚ ਗੋਲੀਬਾਰੀ ਤੇ ਅਗਜਨੀ ਦੀ ਘਟਨਾ ਲਈ ਦੋ ਹੋਰ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ ,ਇਹਨਾਂ ਵਿਚ 25 ਸਾਲਾ ਹਰਮਨਜੋਤ ਬਰਾੜ ਅਤੇ 23 ਸਾਲਾ ਹਰਦਿਲਪ੍ਰੀਤ ਸਿੰਘ ਸ਼ਾਮਿਲ ਹੈ। ਦੋ ਹੋਰ ਘਟਨਾਵਾਂ ਵਿਚ ਦੋ ਦੋਸ਼ੀਆਂ ਅਬਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ ਦੀ ਪਛਾਣ ਕੀਤੀ ਗਈ ਹੈ।
ਪੁਲਿਸ ਨੇ ਕਿਹਾ ਕਿ ਕਿੰਗਰਾ ਇੱਕ ਹੋਰ ਮਾਮਲੇ ਵਿੱਚ ਹਿਰਾਸਤ ਵਿੱਚ ਹੈ ਜਦਕਿ ਦੂਸਰੇ ਦੋਸ਼ੀ ਵਿਕਰਮ ਸ਼ਰਮਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਉਸਦੀ ਪਛਾਣ 5 ਫੁੱਟ 9 ਇੰਚ ਕਦਾ, ਭਾਰ 181 ਪੌਂਡ, ਕਾਲੇ ਵਾਲ ਤੇ ਭੂਰੀਆਂ ਅੱਖਾਂ ਵਜੋਂ ਦੱਸੀ ਗਈ ਹੈ। ਜੇਕਰ ਕਿਸੇ ਨੂੰ ਵੀ ਵਿਕਰਮ ਸ਼ਰਮਾ ਦੇ ਠਿਕਾਣੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਜਾਂ ਜੇਕਰ ਤੁਸੀਂ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੇ ਹੋ ਤਾਂ 1-800-222-8477 ‘ਤੇ ਕ੍ਰਾਈਮ ਸਟੌਪਰਸ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।
** 5 ਅਕਤੂਬਰ ਨੂੰ ਨਿਊਟਨ ਵਿੱਚ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਦੀ ਪਛਾਣ-
ਐਤਵਾਰ, 5 ਅਕਤੂਬਰ ਨੂੰ ਸਰੀ ਨਿਊਟਨ ਵਿਚ ਇਕ ਗੱਡੀ ਨੂੰ ਅੱਗ ਲਗਾਉਣ ਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋ ਹੋਰ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ। ਇਹਨਾਂ ਵਿਚ 25 ਸਾਲਾ ਹਰਮਨਜੋਤ ਬਰਾੜ ਅਤੇ 23 ਸਾਲਾ ਹਰਦਿਲਪ੍ਰੀਤ ਸਿੰਘ ਸ਼ਾਮਿਲ ਹੈ।
** ਵ੍ਹੇਲੀ ਕਮਿਊਨਿਟੀ ਪੁਲਿਸ ਸਟੇਸ਼ਨ ਤੇ ਗੋਲੀਬਾਰੀ ਕਰਨ ਵਾਲਾ ਫੜਿਆ
ਗੇਟਵੇਅ ਸਕਾਈਟ੍ਰੇਨ ਸਟੇਸ਼ਨ ਦੇ ਨੇੜੇ ਅਤੇ ਸਰੀ ਪੁਲਿਸ ਦਫਤਰ ਦੇ ਬਾਹਰ ਸੋਮਵਾਰ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੇ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਦਿਆਂ ਉਸਨੂੰ ਚਾਰਜ ਕੀਤਾ ਹੈ। ਇਸਦੀ ਪਛਾਣ ਇਕ ਗੋਰਾ ਵਿਅਕਤੀ ਜੋਸ ਡਿਗਨੋ ਰੋਡਰਿਗਜ਼ ਸੇਂਟੇਨੋ ਵਜੋ ਹੋਈ ਹੈ। ਇਹ ਘਟਨਾ ਦੁਪਹਿਰ ਲਗਭਗ 3:13 ਵਜੇ, ਯੂਨੀਵਰਸਿਟੀ ਡਰਾਈਵ ਅਤੇ 108 ਐਵੇਨਿਊ ‘ਤੇ ਵਾਪਰੀ । ਇਸਤੋਂ ਬਾਦ ਉਸਨੇ ਕਮਿਊਨਿਟੀ ਪੁਲਿਸ ਦਫਤਰ ਦੇ ਸਾਹਮਣੇ ਹੋਰ ਗੋਲੀਆਂ ਚਲਾਈਆਂ। ਲੋਅਰ ਮੇਨਲੈਂਡ ਇੰਟੀਗ੍ਰੇਟਿਡ ਐਮਰਜੈਂਸੀ ਰਿਸਪਾਂਸ ਟੀਮ ਅਤੇ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ, ਇਸ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
***ਉਸਤਾਦ ਜੀ ਇੰਡੀਅਨ ਰੈਸਟੋਰੈਂਟ ‘ਤੇ ਗੋਲੀਆਂ ਚੱਲੀਆਂ-
ਖਬਰ ਹੈ ਕਿ ਇੰਡੀਅਨ ਰੈਸਟੋਰੈਂਟ ਉਸਤਾਦ ਜੀ 76 ਦੀਆਂ ਦੋ ਲੋਕੇਸ਼ਨਾਂ ਨੂੰ ਗੋਲੀਬਾਰੀ ਦੀ ਨਿਸ਼ਾਨਾ ਬਣਾਇਆ ਗਿਆ ਹੈ। ਪਹਿਲਾਂ ਸ਼ਨੀਵਾਰ, 27 ਸਤੰਬਰ ਨੂੰ, 21768 ਲੌਹੀਡ ਹਾਈਵੇਅ ‘ਤੇ ਸਥਿਤ ਮੈਪਲ ਰਿਜ ਵਿੱਚ ਉਸਤਾਦ ਜੀ 76 ਨੂੰ ਸਵੇਰੇ ਵੇਲੇ ਨਿਸ਼ਾਨਾ ਬਣਾਇਆ ਗਿਆ। ਇਸ ਉਪਰੰਤ ਹੁਣ 6 ਅਕਤੂਬਰ ਨੂੰ ਸਾਊਥ ਸਰੀ ਸਥਿਤ ਦੂਸਰੀ ਲੋਕੇਸ਼ਨ ਤੇ ਗੋਲੀਆਂ ਦਾਗੀਆਂ ਗਈਆਂ ਹਨ।
ਉਸ ਸਮੇਂ ਕਾਰੋਬਾਰ ਬੰਦ ਸੀ, ਕੋਈ ਸਟਾਫ ਅੰਦਰ ਨਹੀਂ ਸੀ, ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ, ਜਾਂ ਕੋਈ ਵੀ ਜੋ 2100 ਕਿੰਗ ਜਾਰਜ ਬੁਲੇਵਾਰਡ ਦੇ ਇਲਾਕੇ ਵਿੱਚ ਸਵੇਰੇ 2 ਵਜੇ ਤੋਂ 2:30 ਵਜੇ ਦੇ ਵਿਚਕਾਰ ਰਿਹਾ ਹੋਵੇ ਅਤੇ ਗੋਲੀਬਾਰੀ ਜਾਂ ਸ਼ੱਕੀ ਗਤੀਵਿਧੀ ਦੇਖੀ ਹੋਵੇ, ਜਾਂ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੋਵੇ, ਨੂੰ ਐਸਪੀਐਸ ਗੈਰ-ਐਮਰਜੈਂਸੀ ਲਾਈਨ 604-599-0502 ‘ਤੇ ਸੰਪਰਕ ਕਰਨ ਅਤੇ ਫਾਈਲ ਨੰਬਰ 25-85681 (ਐਸਪੀ) ਦਾ ਹਵਾਲਾ ਦੇਣ ਜਾਂ ਕ੍ਰਾਈਮ ਸਟੌਪਰਜ਼ ਨਾਲ 1-800-222-8477 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
