Mar 7, 2026

ਵੈਨਕੂਵਰ ਵਿਚ ਸ਼ਾਨਦਾਰ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ- ਖਾਲਸਾ ਦੀਵਾਨ ਸੁਸਾਇਟੀ ਵਲੋਂ ਗਿਆਨੀ ਜੀ ਨੇ ਸਿਰੋਪੇ ਨਾਲ ਸਨਮਾਨਿਤ ਕੀਤਾ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੀ 6 ਅਕਤੂਬਰ ਨੂੰ ਪੰਜਾਬੀ ਮੂਲ ਦੇ ਪੁਲਿਸ ਅਫਸਰ ਸਟੀਵ ਰਾਏ ਨੇ  ਵੈਨਕੂਵਰ ਦੇ 32ਵੇਂ ਪੁਲਿਸ ਮੁਖੀ ਵਜੋਂ ਆਪਣਾ ਅਹੁਦਾ ਸੰਭਾਲਿਆ। ਵੈਨਕੂਵਰ ਦੀ 1650 ਬਰਾਡ ਸਟਰੀਟ ਵਿਖੇ ਬਹੁਤ ਹੀ ਸ਼ਾਨਦਾਰ ਸਮਾਗਮ ਦੌਰਾਨ ਮੈਟਰੋ ਵੈਨਕੂਵਰ ਦੇ ਸਾਰੇ ਟਾਊਨਾਂ ਦੇ ਪੁਲਿਸ ਮੁਖੀ, ਸਰੀ, ਡੈਲਟਾ ਅਤੇ ਵਿਕਟੋਰੀਆ, ਟੋਰਾਂਟੋ ਤੋਂ ਉਚ ਪੁਲਿਸ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਸਭ ਤੋਂ ਪਹਿਲਾਂ ਪੁਲਿਸ ਮਾਰਚ ਪਾਸਟ ਦੀ ਰਸਮ ਪੁਲਿਸ ਬੈਂਡ ਨਾਲ ਸ਼ੁਰੂ ਹੋਈ। ਲੈਫਟੀਨੈਂਟ ਗਵਰਨਰ ਨੇ ਕਮਾਨ ਦਾ ਨਿਰੀਖਣ ਕੀਤਾ। ਇਸ ਉਪਰੰਤ ਸਟੀਵ ਰਾਏ ਨੇ ਵੈਨਕੂਵਰ ਦੇ 32ਵੇਂ ਪੁਲਿਸ ਮੁਖੀ ਵਜੋ ਅਹੁਦੇ ਦੀ ਸਹੁੰ ਚੁੱਕੀ। 1886 ਵਿਚ ਹੋਂਦ ਵਿਚ ਆਈ ਵੈਨਕੂਵਰ ਸਿਟੀ ਕੌਂਸਲ ਦੇ ਹੁਣ ਤੱਕ 31 ਪੁਲਿਸ ਮੁਖੀ ਅਤੇ 41 ਮੇਅਰ ਬਣੇ ਹਨ। ਵੈਨਕੂਵਰ ਦੇ 32 ਵੇ ਪੁਲਿਸ ਮੁਖੀ ਦੇ ਅਹੁਦਾ ਸੰਭਾਲਣ  ਸਮੇਂ ਫਸਟ ਨੇਸ਼ਨ ਦੇ ਨੁਮਾਇੰਦਿਆਂ ਨੇ ਰਵਾਇਤੀ ਗੀਤ ਗਾਇਆ ਤੇ ਸ਼ੁਭ ਇਛਾਵਾਂ ਦਿੱਤੀਆਂ। ਨਵੇਂ ਪੁਲਿਸ ਮੁਖੀ ਸਟੀਵ ਰਾਏ ਅਤੇ ਸੇਵਾ ਮੁਕਤ ਹੋ ਰਹੇ ਮੁਖੀ ਐਡਮ ਪਾਲਮਰ ਨੂੰ ਸਤਿਕਾਰ ਦਿੱਤਾ ਗਿਆ। ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਦੋਵਾਂ ਮੁਖੀਆਂ ਦਾ ਧੰਨਵਾਦ ਕੀਤਾ। ਮੇਅਰ ਨੇ ਦੱਸਿਆ ਕਿ ਪਿਛਲੇ 23 ਸਾਲਾਂ ਵਿਚ ਅਪਰਾਧ ਦਰ ਕਾਫੀ ਘਟਿਆ ਜਿਸ ਲਈ ਵੈਨਕੂਵਰ ਪੁਲਿਸ ਨੇ ਵੱਡੀ ਭੂਮਿਕਾ ਨਿਭਾਈ ਹੈ। ਰਿਟਾਇਰ ਹੋ ਰਹੇ ਪੁਲਿਸ ਮੁਖੀ ਐਡਮ ਪਾਲਮਰ ਨੇ ਆਪਣੀਆਂ ਉਪਲਬਧੀਆਂ ਗਿਣਾਈਆਂ ਤੇ ਆਪਣੇ ਸਟਾਫ ਦਾ ਧੰਨਵਾਦ ਕੀਤਾ। ਪੁਲਿਸ ਬੋਰਡ ਦੇ ਚੇਅਰਮੈਨ ਰਾਜਾ ਮਿਲਾਨੀ ਨੇ ਵੀ ਧੰਨਵਾਦ ਕੀਤਾ। ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੋਂ  ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਨੇ ਨਵੇਂ ਪੁਲਿਸ ਮੁਖੀ ਸਟੀਵ ਰਾਏ ਅਤੇ ਰਿਟਾਇਰ ਹੋ ਰਹੇ ਪੁਲਿਸ ਮੁਖੀ ਐਡਮ ਪਾਲਮਰ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਗਿਆਨੀ ਜੀ ਅੰਗਰੇਜੀ ਵਿਚ ਬੋਲਦਿਆਂ ਵੈਨਕੂਵਰ ਦੇ ਤਟ ਉਪਰ 23 ਜੁਲਾਈ 1914 ਨੂੰ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਨਾਲ ਵਾਪਰੀ ਨਸਲਵਾਦੀ ਘਟਨਾ ਦੀ ਯਾਦ ਕਰਾਈ ਤੇ ਕਿਹਾ ਅੱਜ ਅਸੀ ਫਖਰ ਨਾਲ ਕਹਿ ਸਕਦੇ ਹਾਂ ਕਿ ਵੈਨਕੂਵਰ ਪੁਲਿਸ ਦਾ ਮੁਖੀ ਇਕ ਪੰਜਾਬੀ ਬਣਿਆ ਹੈ। ਪੁਲਿਸ ਮੁਖੀ ਸਟੀਵ ਰਾਏ ਨੇ ਆਪਣੀ ਸਪੀਚ ਵਿਚ ਦੱਸਿਆ ਕਿ ਉਹ ਆਪਣੇ ਮਾਪਿਆਂ ਨਾਲ 5 ਸਾਲ ਦੀ ਉਮਰ ਵਿਚ ਕੈਨੇਡਾ ਆਏ ਸਨ। ਇਥੇ ਉਹਨਾਂ ਯੂਬੀਸੀ ਵਿਚ ਉਚ ਵਿਦਿਆ ਪ੍ਰਾਪਤ ਕੀਤੀ। ਪਿਛਲੇ 35 ਸਾਲ ਤੋਂ ਉਹ ਵੈਨਕੂਵਰ ਪੁਲਿਸ ਵਿਚ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਆਪਣੇ ਅਤੇ ਆਪਣੇ ਪਰਿਵਾਰ ਵਲੋਂ ਕਮਿਊਨਿਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਵਾਅਦਾ ਕੀਤਾ ਕਿ ਉਹ ਆਪਣੀ ਨਵੀਂ  ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਹਨਾਂ ਨੇ ਸਟਾਫ ਅਤੇ ਆਏ ਮਹਿਮਾਨਾਂ ਨਾਲ ਯਾਦਗਾਰੀ ਤਸਵੀਰਾਂ ਵੀ ਕਰਵਾਈਆਂ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨੁਮਾਇੰਦਿਆਂ ਵਿਚ ਸ਼ਾਮਿਲ ਕਸ਼ਮੀਰ ਸਿੰਘ ਧਾਲੀਵਾਲ, ਮਲਕੀਤ ਸਿੰਘ ਧਾਮੀ, ਜੋਗਿੰਦਰ ਸਿੰਘ ਸੁੰਨੜ, ਜਗਦੀਪ ਸਿੰਘ ਸੰਘੇੜਾ, ਜਰਨੈਲ ਸਿੰਘ ਭੰਡਾਲ, ਸੁਖਪਾਲ ਸਿੰਘ ਝੂਟੀ ਤੇ ਹੋਰਾਂ ਨੇ ਪੁਲਿਸ ਮੁਖੀ ਸਟੀਵ ਰਾਏ ਨੂੰ ਨਵਾਂ ਅਹੁਦਾ ਸੰਭਾਲਣ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਲਈ ਵਧਾਈਆਂ ਦਿੱਤੀਆਂ।