Mar 7, 2026

ਵੈਨਕੂਵਰ- ਬੀਤੇ ਦਿਨੀਂ ਬੰਗਾ ਨਗਰ ਜਿਲ੍ਹਾ ਨਵਾਂ ਸ਼ਹਿਰ ਦੇ ਕੈਨੇਡਾ ਬੀ ਸੀ ਵਿਚ ਵੱਸਦੇ ਨਿਵਾਸੀਆਂ ਨੇ ਸਾਲ 2025 ਦਾ ਜੋੜ ਮੇਲਾ ਗੁਰਦੁਆਰਾ ਬਰੁੱਕਸਾਈਡ ਸਰੀ ਵਿਚ ਸ਼ਰਧਾ ਪੂਰਵਕ ਮਨਾਇਆ ਅਤੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਬੰਗਾ ਨਿਵਾਸੀਆਂ ਵਲੋਂ ਇਹ ਜੋੜ ਮੇਲਾ ਪਿਛਲੇ 27 ਸਾਲਾਂ ਤੋਂ ਲਗਾਤਾਰ ਕਰਵਾਇਆ ਜਾਂਦਾ ਹੈ ਅਤੇ ਬੰਗਾ ਨਿਵਾਸੀ ਇਸ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕਰਦੇ ਹਨ। ਬੰਗਾ ਨਿਵਾਸੀਆਂ ਦਾ ਐਸੋਸੀਏਸ਼ਨ ਸਾਲ 1998 ਵਿਚ  ਹੋਂਦ ਵਿਚ ਆਈ ਅਤੇ ਜਨਮ ਭੂਮੀ ਦੀ ਪਹਿਚਾਣ ਕਰਵਾਉਣ ਖ਼ਾਤਰ ਅਤੇ ਆਪਣੇ ਸਭਿਆਚਾਰ ਨੂੰ ਕੈਨੇਡਾ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਯਤਨ ਕਰਦੇ ਰਹਿਣ ਦੇ ਨਾਲ ਆਪਣੇ ਬੱਚਿਆਂ ਨੂੰ ਇਸ ਤੋ ਜਾਣੂ ਕਰਵਾਉਂਦੇ ਹਨ। ਪੁਰਾਣੇ ਪਿੰਡ ਬੰਗਾ ਨਿਵਾਸੀ ਆਪਣੀ ਜਾਣ ਪਹਿਚਾਣ ਅਤੇ ਭਾਈਚਾਰਕ ਸਾਂਝ ਨੂੰ ਹਰ ਸਾਲ ਅੱਗੇ ਵਧਾਉਂਦੇ ਹਨ ਅਤੇ ਦੁੱਖ-ਸੁੱਖ ਸਾਂਝੇ ਕਰਦੇ ਹਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਦੇ ਹਨ।
ਸਾਰੇ ਨਗਰ ਨਿਵਾਸੀ ਬਾਬਾ ਗੋਲਾ ਜੀ ਜੋ ਕਿ ਇਸ ਨਗਰ ਦੇ ਬਾਨੀ ਸਨ ਉਨ੍ਹਾਂ ਦੀ ਯਾਦ ਵਿਚ ਇਹ ਦਿਨ ਨੂੰ ਸ਼ਰਧਾ ਨਾਲ ਮਨਾਉਂਦੇ ਹਨ ਜਿਨ੍ਹਾਂ ਨੇ ਬੰਗਾ ਹੀ ਨਹੀਂ ਸਗੋਂ ਸਾਰੇ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸਕੂਲ ਅਤੇ ਕਾਲਜ ਹੋਂਦ ਵਿਚ ਆਏ। ਇਹ ਐਸੋਸੀਏਸ਼ਨ ਪੂਰੀ ਚੜ੍ਹਦੀ ਕਲਾ ਵਿਚ ਹੈ ਅਤੇ ਭਵਿੱਖ ਵਿਚ ਹੋਰ ਉਪਰਾਲੇ ਕਰਨ ਲਈ ਵਚਨਬੱਧ ਹੈ। ਐਸੋਸੀਏਸ਼ਨ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।