Apr 23, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਗੁਰੂ ਨਾਨਕ ਦੇਵ  ਜੀ ਦਾ ਸਾਰੰਗ ਰਾਗ ਵਿਚ ਇਕ ਸ਼ਬਦ ਹੈ- ਅਕਲੀ ਸਾਹਿਬ ਸੈਵੀਐ ਅਕਲੀ ਪਾਈਐ ਮਾਨ।। ਅਕਲੀ ਪੜਕੇ ਬੂਝੀਐ ਅਕਲੀ ਕੀਚੇੈ ਦਾਨ।। ਭਾਵ ਅਰਜ ਸਿੱਧੇ ਹਨ ਕਿ ਦਾਨ ਵੀ ਅਕਲ ਨਾਲ ਕਰਨਾ ਚਾਹੀਦਾ ਹੈ। ਇਸਦੀ ਉਦਾਹਰਣ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨਿਸ਼ਕਾਮ ਸੇਵਾਦਾਰ ਡਾ ਬਲਜੀਤ ਸਿੰਘ ਢਿੱਲੋਂ ਤੇ ਬੀਬੀ ਜਗੀਰ ਕੌਰ ਢਿੱਲੋਂ ਹਨ ਜਿਹਨਾਂ ਨੇ ਆਪਣੀ ਸਾਰੀ ਜਾਇਦਾਦ  ਜਿਸਦੀ ਰਾਸ਼ੀ 5 ਮਿਲੀਅਨ ਡਾਲਰ ਦੇ ਲਗਪਗ ਹੈ, ਬੀ ਸੀ ਕੈਂਸਰ ਫਾਊਂਡੇਸ਼ਨ  ਅਤੇ ਬੀ ਸੀ ਚਿਲਡਰਨ ਹੌਸਪੀਟਲ  ਦੇ ਨਾਮ ਕਰ ਦਿੱਤੀ ਹੈ। ਆਪਣੀ ਵਿਲ ਵਚਿ ਉਹਨਾਂ ਨੇ ਅੱਧੀ ਰਾਸ਼ੀ ਕੈਂਸਰ ਫਾਉਂਡੇਸ਼ਨ ਅਤੇ ਅੱਧੀ ਰਾਸ਼ੀ ਬੱਚਿਆਂ ਦੇ ਹਸਪਤਾਲ ਨੂੰ ਦੇਣ ਦਾ ਫੈਸਲਾ ਕੀਤਾ ਹੈ। ਅੰਗਰੇਜ਼ੀ ਮੀਡੀਆ ਵਿਚ ਇਹ ਖਬਰ ਪ੍ਰਮੁੱਖਤਾ ਨਾਲ ਛਪੀ ਹੈ। ਪਿਛਲੇ ਹਫਤੇ ਕਸ਼ਮੀਰ ਸਿੰਘ ਧਾਲੀਵਾਲ ਵਲੋਂ ਸਟੇਜ ਤੋਂ ਸੰਗਤਾਂ ਨੂੰ ਦੱਸਿਆ ਤੇ ਸੰਗਤਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ। ਡਾ ਬਲਜੀਤ ਸਿੰਘ ਢਿੱਲੋਂ 75 ਸਾਲ ਦੇ ਹਨ। ਉਹ 1950 ਵਿਚ ਜਗੀਰ ਕੌਰ ਢਿੱਲੋ ਨਾਲ ਸ਼ਾਦੀ ਕਰਕੇ ਇਥੇ ਆਏ ਸਨ। ਇੰਡੀਆ ਵਿਚ ਕਾਨਪੁਰ ਵਿਚ ਇਹਨਾਂ ਨੇ ਸਾਇੰਸ ਦੀ ਵਿਦਿਆ ਹਾਸਲ ਕੀਤੀ। ਇਹਨਾਂ ਦੇ ਪਿਤਾ ਸ ਬਖਸ਼ੀਸ਼ ਸਿੰਘ ਢਿੱਲੋਂ ਮੰਡੀ ਅਪਰਾ ਜਲੰਧਰ ਨਾਲ ਸਬੰਧਿਤ ਸਨ। ਬਲਜੀਤ ਸਿੰਘ ਢਿੱਲੋਂ ਨੇ ਭਾਰਤ ਵਿਚ ਐਜੂਕੇਸ਼ਨ ਵਿਭਾਗ ਵਿਚ 5 ਸਾਲ ਨੌਕਰੀ ਕੀਤੀ। ਫਿਰ 5 ਸਾਲ ਯੂਪੀਐਸ ਸੀ ਵਿਚ ਨੌਕਰੀ ਕੀਤੀ। ਕੈਨੇਡਾ ਆਕੇ ਹੈਵੀ ਡਿਊਟੀ ਮਕੈਨਿਕ ਦਾ ਕੋਰਸ ਕੀਤਾ। ਅਮਰੀਕਨ ਬਿਲਡਿੰਗ ਮੈਨਟੀਨੈਂਸ  ਵਿਚ ਸੁਪਰਵਾਈਜ਼ਰ  ਰਹੇ ਫਿਰ 9 ਸਾਲ ਡਿਸਟ੍ਰਿਕ ਮੈਨੇਜਰ ਦੀ ਨੌਕਰੀ ਕੀਤੀ। 12 ਸਾਲ ਸਰੀ ਸਕੂਲ ਡਿਸਟ੍ਰਿਕ ਵਿਚ ਨੌਕਰੀ ਕੀਤੀ। ਉਹਨਾਂ ਨੇ ਬਹੁਤ ਮਿਹਨਤ ਨਾਲ ਪੈਸਾ ਕਮਾਇਆ। ਹੁਣ 24 ਸਾਲ ਦੀ ਸਾਰੀ ਕਮਾਈ ਲੋਕ ਭਲਾਈ ਕਾਰਜਾਂ ਲਈ ਦਾਨ ਕਰ ਦਿੱਤੀ ਹੈ।