ਐਬਸਫੋਰਡ-ਐਬਸਫੋਰਡ ਵਿੱਚ 68 ਸਾਲਾ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵਕ ਦਰਸ਼ਨ ਸਿੰਘ ਸਾਹਸੀ ਦੀ, ਉਨ੍ਹਾਂ ਦੇ ਘਰ ਨੇੜੇ ਅਣਪਛਾਤੇ ਹਮਲਾਵਰਾਂ ਦੁਆਰਾ ਗੋਲੀ ਮਾਰ ਕੇ ਹੱਤਿਆ ਕਾਰਣ, ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਪਰਿਵਾਰ ਅਜੇ ਵੀ ਸਦਮੇ ਵਿੱਚ ਹੈ।
ਬਹੁ-ਰਾਸ਼ਟਰੀ ਕੱਪੜਾ ਰੀਸਾਈਕਲਿੰਗ ਕੰਪਨੀ ਕੈਨਮ ਗਰੁੱਪ ਦੇ ਮਾਲਕ, ਸਾਹਸੀ, ਜੋ ਕਿ ਪੰਜਾਬ ਦੇ ਜ਼ਿਲ੍ਹੇ ਦੇ ਰਾਜਗੜ੍ਹ ਪਿੰਡ ਦਾ ਰਹਿਣ ਵਾਲੇ ਸੀ, ਤਿੰਨ ਦਹਾਕੇ ਪਹਿਲਾਂ 1991 ਵਿੱਚ ਕੈਨੇਡਾ ਪਰਵਾਸ ਕਰ ਆਏ ਸਨ।
ਸੋਮਵਾਰ ਦੀ ਸਵੇਰ ਨੂੰ, ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਨੇੜੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਉਹ ਕੰਮ ‘ਤੇ ਜਾਣ ਵਾਲੇ ਸੀ ਅਤੇ ਆਪਣੇ ਪਿਕ-ਅੱਪ ਟਰੱਕ ਵਿੱਚ ਸਵਾਰ ਹੋ ਰਹੇ ਸੀ। ਇੱਕ ਬਿਆਨ ਵਿੱਚ, ਐਬਸਫੋਰਡ ਪੁਲਿਸ ਨੇ ਕਿਹਾ ਕਿ “ਰਿਜਵਿਊ ਡਰਾਈਵ ‘ਤੇ ਹੋਈ ਹੱਤਿਆ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।”
ਸੋਸ਼ਲ ਮੀਡੀਆ ‘ਤੇ ਇੱਕ ਅਣ-ਪ੍ਰਮਾਣਿਤ ਪੋਸਟ ਵਿੱਚ, ਲਾਰੈਂਸ ਬਿਸ਼ਨੋਈ ਸਮੂਹ ਦੇ ਗੈਂਗਸਟਰ ਗੋਲਡੀ ਢਿੱਲੋਂ ਨੇ ਕਥਿਤ ਤੌਰ ‘ਤੇ ਸਾਹਸੀ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ, ਕਿਉਂਕਿ ਉਸਨੇ “ਉਨ੍ਹਾਂ ਦੀਆਂ ਜਬਰੀ ਵਸੂਲੀ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਸੀ।”
ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਦਰਸ਼ਨ ਸਿੰਘ ਸਾਹਸੀ ਦੇ ਛੋਟੇ ਪੁੱਤਰ ਅਰਪਨ ਸਾਹਸੀ ਨੇ ਕਿਹਾ ਕਿ ਉਹ ਆਪਣੇ ਪਿਤਾ ਦੇ ਅਜਿਹੇ ਕਿਸੇ ਵੀ ਧਮਕੀ/ਜਬਰੀ ਵਸੂਲੀ ਦੇ ਕਾਲ ਆਉਣ ਦੇ ਦਾਅਵਿਆਂ ਨੂੰ ਸਖ਼ਤੀ ਨਾਲ ਨਕਾਰਦੇ ਹਨ। ਉਸ ਨੇ ਕਿਹਾ ਕਿ ਪਰਿਵਾਰ ਉਸ ਦੇ ਪਿਤਾ ਦੇ “ਨਾਮ ਨੂੰ ਬਦਨਾਮ ਨਹੀਂ ਹੋਣ ਦੇਵੇਗਾ।”
‘ਅਸੀਂ ਅਜੇ ਵੀ ਜਵਾਬ ਲੱਭ ਰਹੇ ਹਾਂ। ਅਸੀਂ ਅਜਿਹੀਆਂ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਾਂ, ਜੋ ਫੈਲਾਈਆਂ ਜਾ ਰਹੀਆਂ ਹਨ। ਮੇਰੇ ਪਿਤਾ ਜਾਂ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕਦੇ ਵੀ ਕਿਸੇ ਗੈਂਗਸਟਰ ਆਦਿ ਤੋਂ ਕੋਈ ਧਮਕੀ, ਜਬਰੀ ਵਸੂਲੀ ਜਾਂ ਫਿਰੌਤੀ ਦੀ ਕਾਲ ਨਹੀਂ ਮਿਲੀ। ਮੇਰੇ ਪਿਤਾ ਨੂੰ ਮਾਰਨ ਨਾਲ ਕਿਸੇ ਨੂੰ ਵੀ, ਬਿਲਕੁਲ ਫਾਇਦਾ ਨਹੀਂ ਹੁੰਦਾ। ਉਹ ਇੱਕ ਅਜਿਹਾ ਆਦਮੀ ਸੀ, ਜਿਸ ਨੇ ਹਮੇਸ਼ਾ ਸਮਾਜ ਨੂੰ ਆਪਣਾ ਬਣਦਾ ਹਿੱਸਾ ਵਾਪਸ ਦਿੱਤਾ। ਜੋ ਲੋਕ ਉਸ ਨੂੰ ਜਾਣਦੇ ਹਨ ਉਹ ਸੱਚਮੁੱਚ ਜਾਣਦੇ ਹਨ ਕਿ ਉਹ ਕੌਣ ਸੀ, “ਅਰਪਨ ਨੇ ਕਿਹਾ, ਜੋ ਆਪਣੇ ਪਿਤਾ ਦੀ ਕੰਪਨੀ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰਦਾ ਹੈ।
ਅਰਪਨ ਨੇ ਕਿਹਾ ਕਿ ਸੋਮਵਾਰ ਸਵੇਰੇ, ਉਸਦੇ ਪਿਤਾ ਰੁਟੀਨ ਵਾਂਗ ਕੰਮ ‘ਤੇ ਜਾ ਰਹੇ ਸਨ ਅਤੇ “ਬਿਲਕੁਲ ਕੁਝ ਵੀ ਅਸਾਧਾਰਨ ਨਹੀਂ ਸੀ”। “ਜੇਕਰ ਉਸਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਸਾਡੇ ਨਾਲ ਸਾਂਝਾ ਕਰਦੇ। ਉਸ ਦਿਨ ਉਸਦੇ ਵਿਵਹਾਰ ਵਿੱਚ ਜਾਂ ਆਲੇ-ਦੁਆਲੇ ਕੁਝ ਵੀ ਅਸਾਧਾਰਨ ਨਹੀਂ ਸੀ। ਉਹ ਸਿਰਫ਼ ਆਪਣੀ ਗੱਡੀ ਵਿੱਚ ਕੰਮ ‘ਤੇ ਜਾ ਰਹੇ ਸੀ, ਜਦੋਂ ਅਣਪਛਾਤੀ ਹਮਲਾਵਰ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ। ਜੇਕਰ ਉਹਨਾਂ ਨੂੰ ਅਜਿਹੀ ਕੋਈ ਧਮਕੀ ਮਿਲਦੀ, ਤਾਂ ਉਹ ਇਸ ਬਾਰੇ ਚੁੱਪ ਰਹਿਣ ਜਾਂ ਇਸਨੂੰ ਅਣਦੇਖਾ ਕਰਨ ਵਾਲੇ ਨਹੀਂ ਸਨ। ਉਹ ਆਪਣੀ ਸਾਰੀ ਤਾਕਤ ਇਸ ਦੀ ਜਾਂਚ ਪੜਤਾਲ ਪਿੱਛੇ ਲਗਾ ਦਿੰਦੇ,” ਅਰਪਨ ਨੇ ਕਿਹਾ।
“ਮੇਰੇ ਪਿਤਾ ਦੇ ਆਪਣੇ ਕੰਮ ਪ੍ਰਤੀ ਸਮਰਪਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦਾ ਆਖਰੀ ਪਲ ਵੀ ਉਦੋਂ ਆਇਆ ਜਦੋਂ ਉਹ ਕੰਮ ‘ਤੇ ਜਾ ਰਹੇ ਸੀ। ਉਹਨਾਸ਼ ਦੇ ਕੰਮ ਅਤੇ ਕਾਰੋਬਾਰ ਤੋਂ ਇਲਾਵਾ ਕੁਝ ਵੀ ਉਹਨਾਂ ਨੂੰ ਖੁਸ਼ ਨਹੀਂ ਕਰਦਾ ਸੀ। ਉਹਨਾਂ ਦੇ ਇੱਕ ਹਜ਼ਾਰ ਤੋਂ ਵੱਧ ਕਰਮਚਾਰੀ ਸਨ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੱਸੇਗਾ ਕਿ ਉਹ ਕਿਹੋ ਜਿਹੇ ਵਿਅਕਤੀ ਸੀ,” ਪੁੱਤਰ ਨੇ ਕਿਹਾ।
“ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਸੀਂ ਚੱਲ ਰਹੀ ਜਾਂਚ ਦੌਰਾਨ ਕੋਈ ਬਿਆਨ ਨਹੀਂ ਦੇਣਾ ਚਾਹਾਂਗੇ, ਪਰ ਹਾਂ, ਅਸੀਂ ਉਨ੍ਹਾਂ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰਦੇ ਹਾਂ ਕਿ ਉਹਨਾਂ ਨੂੰ ਕਿਸੇ ਗੈਂਗਸਟਰ ਆਦਿ ਤੋਂ ਧਮਕੀ/ਫਿਰੌਤੀ ਦੇ ਕਾਲ ਮਿਲੇ ਹਨ,” ਅਰਪਨ ਨੇ ਕਿਹਾ।
ਮਰਹੂਮ ਦਰਸ਼ਨ ਸਿੰਘ ਸਾਹਸੀ ਦੇ ਪਿੱਛੇ ਪਤਨੀ ਮਨਜੀਤ ਕੌਰ ਅਤੇ ਦੋ ਪੁੱਤਰ- ਨਵੀ ਸਾਹਸੀ ਅਤੇ ਅਰਪਨ ਸਾਹਸੀ ਹਨ। ਦੋਵੇਂ ਪੁੱਤਰ ਆਪਣੇ ਪਿਤਾ ਦੀ ਕੱਪੜਾ ਰੀਸਾਈਕਲਿੰਗ ਫਰਮ ਵਿੱਚ ਕੰਮ ਕਰਦੇ ਹਨ।
