Mar 7, 2026

ਛੇਹਰਟਾ (ਰਾਜ ਰੰਧਾਵਾ) -ਬਾਬਾ ਬੁੱਢਾ ਸਾਹਿਬ ਜੀ ਦੀ 10ਵੀਂ ਅੰਸ਼ ਬੰਸ਼ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਮੁੱਖੀ ਸੰਪਰਦਾ ‘ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ’, ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਅੰਮ੍ਰਿਤਸਰ ਦੇ ਪੰਜ ਸਰੋਵਰਾਂ (ਸ੍ਰੀ ਸੰਤੋਖਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਸ੍ਰੀ ਬਿਬੇਕਸਰ ਸਾਹਿਬ, ਸ੍ਰੀ ਕੌਲਸਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਪਵਿੱਤਰ ਅੰਮ੍ਰਿਤ ਜਲ ਦੀ ਗਾਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਸਾਲਾਨਾ ਤਖ਼ਤ ਇਸ਼ਨਾਨ  ਵਿਚ ਮਰਿਆਦਾ ਨਾਲ 20 ਅਕਤੂਬਰ 2025 ਈ: ਨੂੰ ਪ੍ਰਵਾਨ ਹੋਈ ।                    ਗੁ: ਨਗੀਨਾ ਘਾਟ ਸਾਹਿਬ ਨਾਂਦੇੜ ਤੋਂ ਹੈੱਡ ਗ੍ਰੰਥੀ ਭਾਈ ਪਰਮਜੀਤ ਸਿੰਘ ਵਲੋਂ ਅਰਦਾਸ ਕਰਕੇ ਪ੍ਰੋ: ਬਾਬਾ ਰੰਧਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਦਾ ਰੁਮਾਲਾ ਅਤੇ ਗਾਗਰੀ ਜਥੇ ਨੂੰ ਸਿਰੋਪਾਓ ਪਾਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਇਸ਼ਨਾਨ ਲਈ ਰਵਾਨਾ ਕੀਤਾ ਗਿਆ । ਗਾਗਰ ਨਾਲ ਬੇਅੰਤ ਸੰਗਤਾਂ ਨੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਣਾ ਕੀਤਾ । ਪ੍ਰੋ: ਬਾਬਾ ਰੰਧਾਵਾ ਵਲੋਂ ਤਖ਼ਤ ਇਸ਼ਨਾਨ ਲਈ ਲਿਜਾਈ ਗਈ ਗਾਗਰ ਨੂੰ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਸ਼ਮੀਰ ਸਿੰਘ ਅਤੇ ਤਖਤ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਦੇ ਕਰ ਕਮਲਾਂ ਰਾਹੀਂ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਨੂੰ ਭੇਟ ਕੀਤਾ ਗਿਆ, ਜਿਨ੍ਹਾਂ ਵਲੋਂ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਦੇ ਜਲ ਅਤੇ ਤਖ਼ਤ ਸਾਹਿਬ ਦੇ ਗਾਗਰੀ ਜਥੇ ਵਲੋਂ ਗੋਦਾਵਰੀ ਵਿਚੋਂ ਭਰਕੇ ਲਿਜਾਈ ਗਈ ਗਾਗਰ ਦੇ ਜਲ ਵਿਚ ਮਿਲਾਕੇ ਵਿਚ ਦੁਧ-ਦਹੀ ਪਾਕੇ ਇਸ਼ਨਾਨ ਕਰਵਾਇਆ ਗਿਆ । ਪ੍ਰੋ: ਬਾਬਾ ਰੰਧਾਵਾ ਨੂੰ ਜਥੇਦਾਰ ਜੀ ਵਲੋਂ ਫੁਲਾਂ ਦਾ ਹਾਰ ਪਾਕੇ ਸਨਮਾਨਿਤ ਕੀਤਾ ਗਿਆ । ਗਾਗਰ ਦੀ ਸੇਵਾ ਵਿਚ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਤੋਂ ਇਲਾਵਾ ਭਾਈ ਸੰਤਾ ਸਿੰਘ, ਬਾਬਾ ਰਘਬੀਰ ਸਿੰਘ ਰੰਧਾਵਾ, ਭਾਈ ਅਜਮੇਰ ਸਿੰਘ ਭੈਲ, ਭਾਈ ਇੰਦਰਜੀਤ ਸਿੰਘ ਰੰਧਾਵਾ, ਭਾਈ ਗੁਰਸ਼ੇਰ ਸਿੰਘ, ਭਾਈ ਗੁਰਜਿੰਦਰ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਨਛੱਤਰ ਸਿੰਘ (ਨੁਮਾਇੰਦੇ ਕਾਰ ਸੇਵਾ ਬਾਬਾ ਨਿਧਾਨ ਸਿੰਘ), ਭਾਈ ਗੁਰਨਾਮ ਸਿੰਘ, ਭਾਈ ਸਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਬਾਬਾ ਗੁਰਪ੍ਰੀਤ ਸਿੰਘ ਜਗਾਧਰੀ, ਸ੍ਰੀ ਗੋਪੀ ਹਰੀ ਨਿਰਮਲੇ ਪਾਉਂਟਾ ਸਾਹਿਬ, ਬੀਬੀ ਕੁਲਵੰਤ ਕੌਰ, ਬੀਬੀ ਜੁਗਿੰਦਰ ਕੌਰ ਰੰਧਾਵਾ, ਬੀਬੀ ਹਰਜੀਤ ਕੌਰ, ਬੀਬੀ ਸਤਵਿੰਦਰ ਕੌਰ ਰੰਧਾਵਾ ਅਤੇ ਹੋਰ ਬੇਅੰਤ ਸੰਗਤਾਂ ਸ਼ਾਮਲ ਸਨ ।      ਯਾਦ ਰਹੇ ਕਿ ਪ੍ਰੋ: ਬਾਬਾ ਰੰਧਾਵਾ ਤਖ਼ਤ ਸਾਹਿਬ ਦੇ ਸਾਲਾਨਾ ਇਸ਼ਨਾਨ ਲਈ ਲਗਾਤਾਰ 15 ਸਾਲਾਂ ਤੋਂ ਤਖਤ ਸਾਹਿਬ ਦੇ ਇਸ਼ਨਾਨ ਦੀ ਸੇਵਾ ਲਈ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਜਲ ਦੀ ਗਾਗਰ ਭੇਟ ਕਰਦੇ ਆ ਰਹੇ ਹਨ । ਪ੍ਰੋ: ਬਾਬਾ ਰੰਧਾਵਾ, ਗਾਗਰੀ ਜਥੇ ਅਤੇ ਸੰਗਤਾਂ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਅਤੇ ਕਾਰ ਸੇਵਾ ਲੰਗਰ ਬਾਬਾ ਨਿਧਾਨ ਸਿੰਘ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਵਲੋਂ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾਓ ਪਾਕੇ ਕੇ ਸਨਮਾਨਿਤ ਕੀਤਾ ਗਿਆ ।