Mar 7, 2026

ਓਟਵਾ-ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨ ਦੇ ਦੌਰੇ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਸੱਦਾ ਸਵੀਕਾਰ ਕਰ ਲਿਆ ਹੈ ਜਦਕਿ ਕੈਨੇਡੀਅਨ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਵਿਚਕਾਰ 2017 ਪਿੱਛੋਂ ਸਿਓਲ ਵਿਚ ਪਹਿਲੀ ਰਸਮੀ ਮੀਟਿੰਗ ਹੋਈ ਹੈ। ਮੀਟਿੰਗ ਜਿਹੜੀ 40 ਮਿੰਟ ਤਕ ਚੱਲੀ ਵਿਚ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ, ਜਿਵੇਂ ਚੀਨ ਅਤੇ ਕੈਨੇਡਾ ਵਿਚਕਾਰ ਸਜ਼ਾ ਦੇਣ ਵਾਲੇ ਵਪਾਰ ਯੁੱਧ ਜਿਸ ਨਾਲ ਕੈਨੇਡੀਅਨ ਕਿਸਾਨਾਂ ਤੇ ਮਛੇਰਿਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਵਿਚ ਰਿਆਇਤਾਂ ਦੀ ਗੱਲ ਸ਼ਾਮਿਲ ਹਨ। ਦੋਵੇਂ ਨੇਤਾਵਾਂ ਨੇ ਦੱਖਣੀ ਕੋਰੀਆ ਵਿਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਮੌਕੇ ਮੀਟਿੰਗ ਕੀਤੀ ਕਿਉਂਕਿ ਕਾਰਨੀ ਡੋਨਾਲਡ ਟਰੰਪ ਦੇ ਟੈਰਿਫ ਕਾਰਨ ਕੈਨੇਡਾ ਨੂੰ ਹੋ ਰਹੇ ਆਰਥਿਕ ਨੁਕਸਾਨ ਨੂੰ ਪੂਰਾ ਕਰਨ ਲਈ ਬਰਾਮਦ ਲਈ ਨਵੇਂ ਬਾਜ਼ਾਰਾਂ ਦੀ ਭਾਲ ਕਰ ਰਹੇ ਹਨ। ਇਹ ਮੀਟਿੰਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਵਿਚਕਾਰ ਦੱਖਣੀ ਕੋਰੀਆ ਵਿਚ ਹੋਈ ਮੀਟਿੰਗ ਤੋਂ ਛੋਟੀ ਸੀ ਜਿਹੜੀ 90 ਮਿੰਟ ਤਕ ਚੱਲੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ  ਇਕ ਮੋੜ ‘ਤੇ ਪਹੁੰਚ ਗਏ ਹਨ ਜਿਹੜੇ ਕੈਨੇਡੀਅਨ ਪਰਿਵਾਰਾਂ, ਕਾਰੋਬਾਰਾਂ ਅਤੇ ਕਾਮਿਆਂ ਨੂੰ ਲਾਭਅੰਸ਼ ਦੇਣਗੇ। ਉਨ੍ਹਾਂ ਕਿਹਾ ਕਿ ਚੀਨ ਨਾਲ ਸਬੰਧਾਂ ਵਿਚ ਸੁਧਾਰ ਮੌਜੂਦਾ ਮੁੱਦਿਆਂ ਦਾ ਹੱਲ ਪੇਸ਼ ਕਰਦਾ ਹੈ ਜਿਸ ਵਿਚ ਵਪਾਰ ਜੰਗ ਵੀ ਸ਼ਾਮਿਲ ਹੈ। ਕੈਨੇਡਾ ਨੇ ਪਿਛਲੇ ਸਾਲ ਸਾਬਕਾ ਬਾਇਡੇਨ ਪ੍ਰਸ਼ਾਸਨ ਨਾਲ ਮਿਲੇ ਕੇ ਚੀਨ ਦੀਆਂ ਇਲੈਕਟ੍ਰਿਕ ਮੋਟਰ ਗੱਡੀਆਂ ‘ਤੇ 100 ਫ਼ੀਸਦੀ ਟੈਰਿਫ ਲਗਾਇਆ ਸੀ ਅਤੇ ਚੀਨ ਤੋਂ ਆ ਰਹੇ ਸਟੀਲ ਅਤੇ ਐਲਮੀਨੀਅਮ ‘ਤੇ 25 ਫ਼ੀਸਦੀ ਟੈਕਸ ਲਗਾਇਆ। ਇਸ ਦੇ ਜਵਾਬ ਵਿਚ ਚੀਨ ਨੇ ਕੈਨੇਡੀਅਨ ਕੈਨੋਲਾ ਤੇਲ, ਕੈਨੋਲਾ ਭੋਜਨ ਅਤੇ ਮਟਰਾਂ ‘ਤੇ 100 ਫ਼ੀਸਦੀ ਅਤੇ ਕੈਨੇਡੀਅਨ ਸੀਫੂਡ ਅਤੇ ਸੂਰ ਉਤਪਾਦਾਂ ‘ਤੇ 25 ਫ਼ੀਸਦੀ ਟੈਰਿਫ ਲਗਾਇਆ ਸੀ।