ਓਟਵਾ-ਬੈਂਕ ਆਫ ਕੈਨੇਡਾ ਨੇ ਮੁੱਖ ਵਿਆਜ ਦਰ ਘਟਾ ਕੇ 2.25 ਫ਼ੀਸਦੀ ਕਰ ਦਿੱਤੀ ਹੈ ਪਰ ਚੌਕਸ ਕੀਤਾ ਕਿ ਅਮਰੀਕੀ ਵਪਾਰ ਜੰਗ ਨਾਲ ਢਾਂਚਾਗਤ ਆਰਥਿਕ ਨੁਕਸਾਨ ਨੂੰ ਮੁਦਰਾ ਨੀਤੀ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਸੈਂਟਰਲ ਬੈਂਕ ਨੇ ਕਿਹਾ ਕਿ ਉਸ ਨੇ 25 ਬੇਸਿਸ ਪੁਆਇੰਟ (0.25 ਫ਼ੀਸਦੀ) ਕਟੌਤੀ ਕੀਤੀ ਹੈ ਕਿਉਂਕਿ ਕੈਨੇਡੀਅਨ ਆਰਥਿਕਤਾ ਕਮਜ਼ੋਰ ਚਲ ਰਹੀ ਹੈ ਅਤੇ ਮਹਿੰਗਾਈ ਬੈਂਕ ਦੇ 2 ਫ਼ੀਸਦੀ ਦੇ ਟੀਚੇ ਦੇ ਨੇੜੇ ਰਹਿਣ ਦੀ ਆਸ ਹੈ। ਓਟਵਾ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਅਸੀਂ ਕਈ ਮਹੀਨਿਆਂ ਤੋਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਾਂ ਕਿ ਟੈਰਿਫ ਨਾਲ ਹੋਏ ਨੁਕਸਾਨ ਨੂੰ ਮੁਦਰਾ ਨੀਤੀ ਠੀਕ ਨਹੀਂ ਕਰ ਸਕਦੀ। ਅਮਰੀਕੀ ਵਪਾਰ ਜੰਗ ਦੇ ਨਤੀਜੇ ਵਜੋਂ ਆਰਥਿਕਤਾ ਉੱਚ ਲਾਗਤਾਂ ਅਤੇ ਘੱਟ ਆਮਦਨ ਨਾਲ ਜੂਝ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਂਟਰਲ ਬੈਂਕ ਦੀ ਮੁਦਰਾ ਨੀਤੀ ਇਨ੍ਹਾਂ ਹਾਲਤਾਂ ਦੇ ਅਨੁਕੂਲ ਬਣਨ ਵਿਚ ਮਦਦ ਕਰ ਸਕਦੀ ਹੈ ਪਰ ਇਹ ਟੈਰਿਫ ਤੋਂ ਪਹਿਲਾਂ ਵਾਲੇ ਰਸਤੇ ‘ਤੇ ਬਹਾਲ ਨਹੀਂ ਕੀਤੀ ਜਾ ਸਕਦੀ। ਮੈਕਲਮ ਨੇ ਇਹ ਵੀ ਕਿਹਾ ਕਿ ਜੇਕਰ ਮਹਿੰਗਾਈ ਬੈਂਕ ਦੀਆਂ ਮੌਜੂਦਾ ਆਸਾਂ ਮੁਤਾਬਿਕ ਦੋ ਫ਼ੀਸਦੀ ਦੇ ਟੀਚੇ ਦੇ ਦੁਆਲੇ ਰਹਿੰਦੀ ਹੈ ਤਾਂ ਸੈਂਟਰਲ ਬੈਂਕ ਵਿਆਜ ਦਰਾਂ ਆਪਣੇ ਮੌਜੂਦਾ ਪੱਧਰ ‘ਤੇ ਰੱਖੇਗੀ। ਜੇਕਰ ਸਥਿਤੀ ਵਿਚ ਤਬਦੀਲੀ ਹੁੰਦੀ ਹੈ ਤਾਂ ਅਸੀਂ ਜਵਾਬ ਦੇਣ ਲਈ ਤਿਆਰ ਹਾਂ।
