ਸਰੀ – ਉਘੇ ਕਬੱਡੀ ਪ੍ਰੋਮੋਟਰ ਤੇ ਗੁਰੂ ਰਵਿਦਾਸ ਕਬੱਡੀ ਕਲੱਬ ਘੁੰਮਣਾਂ ਦੇ ਚੇਅਰਮੈਨ ਸ ਬਲਵੀਰ ਸਿੰਘ ਬੈਂਸ ਨੇ ਇਕ ਬਿਆਨ ਰਾਹੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਵਰਗੀ ਦਲਿਤ ਆਗੂ ਸ ਬੂਟਾ ਸਿੰਘ ਖਿਲਾਫ ਵਰਤੀ ਗਏ ਜਾਤੀਸੂਚਕ ਸ਼ਬਦ ਅਤੇ ਅਪਮਾਨਜਨਕ ਟਿਪਣੀਆਂ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਜੋ ਦਲਿਤਾਂ ਅਤੇ ਪਛੜੇ ਵਰਗਾਂ ਨੂੰ ਦੂਸਰੀਆਂ ਪਾਰਟੀਆਂ ਨਾਲੋਂ ਵਧੇਰੇ ਸਨਮਾਨ ਦੇਣ ਦਾ ਦਾਅਵਾ ਕਰਦੀ ਹੈ, ਉਸਦੇ ਆਗੂ ਜਾਤੀ ਹੰਕਾਰ ਅਤੇ ਦਲਿਤਾਂ ਪ੍ਰਤੀ ਨਫਰਤੀ ਸੋਚ ਰੱਖਦੇ ਹਨ। ਉਹਨਾਂ ਕਿਹਾ ਕਿ ਸ ਬੂਟਾ ਸਿੰਘ ਬਿਨਾਂ ਸ਼ੱਕ ਇਕ ਦਲਿਤ ਆਗੂ ਸਨ ਪਰ ਉਹ ਕੇਂਦਰ ਵਿਚ ਉਚ ਅਤੇ ਅਹਿਮ ਅਹੁਦਿਆਂ ਤੇ ਪਹੁੰਚਣ ਲਈ ਕੇਵਲ ਰਿਜਰਵ ਕੈਟਾਗਰੀ ਕਰਕੇ ਨਹੀ ਬਲਕਿ ਆਪਣੀ ਸੂਝ ਸਿਆਣਪ ਅਤੇ ਉਚ ਵਿਦਿਆ ਕਾਰਣ ਪੁੱਜੇ ਜਿਥੇ ਉਹਨਾਂ ਨੇ ਕਈ ਮਾਣਯੋਗ ਕਾਰਜ ਕੀਤੇ ਤੇ ਆਪਣੇ ਲੋਕਾਂ ਦੀ ਸਹੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸ ਬੂਟਾ ਸਿੰਘ ਖਿਲਾਫ ਜਾਤੀ ਟਿਪਣੀਆਂ ਕਰਦਿਆਂ ਆਪਣੀ ਛੋਟੀ ਸੋਚ ਦਾ ਪ੍ਰਗਟਾਵਾ ਕੀਤਾ ਤੇ ਇਹ ਵੀ ਜ਼ਾਹਰ ਹੋਇਆ ਹੈ ਕਿ ਉਹ ਪੰਜਾਬ ਕਾਂਗਰਸ ਦੀ ਅਗਵਾਈ ਕਰਨ ਦੇ ਯੋਗ ਨਹੀ। ਉਹਨਾਂ ਪੰਜਾਬ ਦੇ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਰਾਜਾ ਵੜਿੰਗ ਨੂੰ ਤਲਬ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਾਂਗਰਸ ਹਾਈਕਮਾਨ ਤੋਂ ਵੀ ਮੰਗ ਕੀਤੀ ਹੈ ਕਿ ਅਜਿਹੇ ਜਾਤੀ ਹੰਕਾਰ ਵਾਲੇ ਆਗੂ ਨੂੰ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ।
