ਆਈ ਬੈਂਕ ਦੇ ਕੋਆਰਡੀਨੇਟਰ ਅਸ਼ੋਕ ਮਹਿਰਾ ਦਾ ਵਿਸ਼ੇਸ਼ ਸਨਮਾਨ-
ਸਰੀ (ਸਰਿਤਾ ਸ਼ਰਮਾ )-ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਉੱਘੇ ਕਾਰੋਬਾਰੀ ਸ੍ਰੀ ਸੁੱਖੀ ਬਾਠ ਵਲੋਂ ਪੰਜਾਬ ਭਵਨ ਸਰੀ ਕੈਨੇਡਾ ਵਿਖੇ ਪੁਨਰਜੋਤ ਆਈ ਬੈਂਕ (Eye Bank) ਲੁਧਿਆਣਾ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਦਾ ਸੁਆਗਤ ਕੀਤਾ ਅਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸਦਾ ਮੁੱਖ ਵਿਸ਼ਾ ਹਨ੍ਹੇਰੇ ਤੋਂ ਚਾਨਣ ਵੱਲ ਸੀ। ਇਸ ਵਿੱਚ ਲੋਕਾਂ ਨੂੰ ਅੱਖਾਂ ਦਾਨ ਬਾਰੇ ਜਾਗਰੂਕ ਕੀਤਾ ਗਿਆ। ਅਸ਼ੋਕ ਮਹਿਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਨਰਜੋਤ ਆਈ ਬੈਂਕ ਹੁਣ ਤੱਕ ਲੱਖਾ ਲੋਕਾਂ ਨੂੰ ਅੱਖਾਂ ਦਾਨ ਕਰਵਾ ਚੁੱਕੀ ਹੈ। ਇਸਦੇ ਨਾਲ ਹੀ ਪੰਜਾਬ ਭਵਨ ਸਰੀ ਵੱਲੋਂ ਵੀ ਇਹ ਪ੍ਰਣ ਕੀਤਾ ਗਿਆ ਕਿ ਅਸੀ ਦੁਨੀਆ ਵਿਚੋਂ ਹਨ੍ਹੇਰਾ ਦੂਰ ਕਰਨ ਦਾ ਯਤਨ ਕਰਾਂਗੇ ਅਤੇ ਉਹਨਾਂ ਦੇ ਬੁਝੇ ਹੋਏ ਦੀਵੇ ਵਿੱਚ ਚਾਨਣ ਭਰਨ ਦੀ ਕੋਸ਼ਿਸ਼ ਕਰਾਂਗੇ।
ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਭਵਨ ਦੇ ਇਸ ਯਤਨ ਦੀ ਸ਼ਲਾਘਾ ਕੀਤੀ ।
ਸ੍ਰੀ ਸੁੱਖੀ ਬਾਠ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੋਂ 15 ਸਾਲ ਪਹਿਲਾਂ ਪੁਨਰਜੋਤ ਆਈ ਬੈਂਕ ( NGO) ਲੁਧਿਆਣਾ ਵਿੱਖੇ ਸਥਾਪਿਤ ਕੀਤੀ ਗਈ ਸੀ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਅੰਗ ਦਾਨ ਕਰਨ ਬਾਰੇ ਜਾਗਰੂਕ ਕਰਨਾ ਸੀ ਅਤੇ ਜਿਸ ਵਿੱਚ ਅੱਖਾਂ ਦਾ ਦਾਨ ਕਰਨਾ ਮੁੱਖ ਸੀ। ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਕਿ ਹੁਣ ਤੱਕ ਲਗਭਗ ਇਕ ਲੱਖ ਲੋਕ ਫਾਰਮ ਭਰ ਕੇ ਆਪਣੀਆਂ ਅੱਖਾਂ ਦਾਨ ਕਰਨ ਲਈ ਤਿਆਰ ਹਨ। ਸ੍ਰੀ ਸੁੱਖੀ ਬਾਠ ਨੇ ਵੀ ਇਹ ਵੀ ਕਿਹਾ ਕਿ ਲੋੜਬੰਦ ਲੋਕਾਂ ਇਕ ਰੁਪਿਆ ਨਹੀਂ ਲਿਆ ਜਾਂਦਾ ਸਾਰਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਆਪਣੇ ਭਾਈਚਾਰੇ ਨੂੰ ਵੀ ਜਾਗਰੂਕ ਕਰਨ ਲਈ ਕਿਹਾ। ਤਾਂ ਜੋ ਉਹਨਾਂ ਦੇ ਇਸ ਸੰਸਾਰ ਤੋਂ ਰੁਖ਼ਸਤ ਹੋਣ ਤੋਂ ਬਾਅਦ ਲੋੜਬੰਦ ਲੋਕ ਉਹਨਾਂ ਦੀਆਂ ਅੱਖਾਂ ਨਾਲ ਇਸ ਸੰਸਾਰ ਨੂੰ ਦੇਖ ਸਕਣ।

