Mar 7, 2026

ਕਪੂਰਥਲਾ- ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਹਿੱਸੇ ਵਜੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਲਾਪਤਾ ਹੋਣ ਹੋਣ ਦੀ ਖਬਰ ਤੋਂ ਬਾਦ ਪਾਕਿਸਤਾਨ ਤੋਂ ਤਾਜ਼ਾ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸਲਾਮ ਕਬੂਲ ਕਰਦਿਆਂ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੈ ਅਤੇ ਉਸ ਦਾ ਨਿਕਾਹ ਹੋ ਗਿਆ ਹੈ। ਸ਼ੇਖੂਪੁਰਾ ਦੀ ਇੱਕ ਮਸਜਿਦ ਨੇ ਕਥਿਤ ਤੌਰ ’ਤੇ ਉਸ ਦੀ ਸਹਿਮਤੀ ਦਾ ਹਵਾਲਾ ਦਿੰਦੇ ਹੋਏ ਨਿਕਾਹ ਸਰਟੀਫਿਕੇਟ ਜਾਰੀ ਕੀਤਾ ਹੈ। ਹਾਲਾਂਕਿ ਮੁੱਢਲੀ ਰਿਪੋਰਟਾਂ ਦੌਰਾਨ ‘ਟ੍ਰਿਬਿਊਨ ਸਮੂਹ’ ਅਜੇ ਦਸਤਾਵੇਜ਼ ਦੀ ਪ੍ਰਮਾਣਿਕਤਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ ਹੈ। ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।

ਕਥਿਤ ਤੌਰ ‘ਤੇ ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ।

ਪਾਕਿਸਤਾਨ ਜਾਣ ਤੋਂ ਪਹਿਲਾਂ ਸਬਰਜੀਤ ਕੌਰ ਅਮਾਨੀਪੁਰ ਵਿੱਚ ਆਪਣੇ ਪਤੀ ਕਰਨੈਲ ਸਿੰਘ ਦੇ ਘਰ ਰਹਿ ਰਹੀ ਸੀ, ਜੋ ਲਗਪਗ ਤਿੰਨ ਦਹਾਕਿਆਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ।

ਇਸ ਦੌਰਾਨ ਕਪੂਰਥਲਾ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਰਬਜੀਤ ਖਿਲਾਫ਼ ਤਿੰਨ ਅਪਰਾਧਿਕ ਮਾਮਲੇ ਦਰਜ ਹਨ — ਦੋ ਕਪੂਰਥਲਾ ਸਿਟੀ ਅਤੇ ਇੱਕ ਬਠਿੰਡਾ ਦੇ ਕੋਟ ਫੱਤਾ ਵਿੱਚ — ਜੋ ਮੁੱਖ ਤੌਰ ‘ਤੇ ਧੋਖਾਧੜੀ ਨਾਲ ਸਬੰਧਤ ਹਨ। ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਪਿਛੋਕੜ ਅਤੇ ਇਨ੍ਹਾਂ ਮਾਮਲਿਆਂ ਦੇ ਵੇਰਵਿਆਂ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।