ਕੈਲਗਰੀ (ਦਲਵੀਰ ਜੱਲੋਵਾਲੀਆ) — ਕੈਲਗਰੀ ਦੀ ਸੰਗਤ ਨੇ ਇੱਕ ਵਾਰ ਫਿਰ ਮਨੁੱਖਤਾ ਦੀ ਸੇਵਾ ਦਾ ਉੱਤਮ ਉਦਾਹਰਣ ਪੇਸ਼ ਕੀਤਾ ਹੈ। ਸਿੱਖ ਮੋਟਰਸਾਈਕਲ ਰਾਈਡਰਜ਼ ਕਲੱਬ ਕੈਲਗਰੀ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਇਕੱਠੀ ਕੀਤੀ ਗਈ $78,000 (ਡਾਲਰ) ਦੀ ਰਾਹਤ ਰਕਮ ਅਧਿਕਾਰਕ ਤੌਰ ’ਤੇ ਸਿੱਖ ਅਵੇਰਨੈਸ ਫਾਊਂਡੇਸ਼ਨ (SAF Organization) ਦੇ ਹਵਾਲੇ ਕਰ ਦਿੱਤੀ ਗਈ।
ਇਹ ਵਿਸ਼ੇਸ਼ ਸਮਾਗਮ ਗੁਰਦੁਆਰਾ ਸਾਹਿਬ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਆਯੋਜਿਤ ਕੀਤਾ ਗਿਆ, ਜਿੱਥੇ SAF ਦੇ ਪ੍ਰਤਿਨਿਧੀ ਸ ਸ਼ਮਨਦੀਪ ਸਿੰਘ, ਜੋ ਸਰੀ ਤੋਂ ਖਾਸ ਤੌਰ ‘ਤੇ ਕੈਲਗਰੀ ਪਹੁੰਚੇ ਸਨ, ਨੂੰ ਚੈੱਕ ਸੌਂਪਿਆ ਗਿਆ। ਸਮਾਗਮ ਦੌਰਾਨ ਗੁਰਦੁਆਰਾ ਕਮੇਟੀ, ਕਲੱਬ ਦੇ ਪ੍ਰਧਾਨ, ਸੇਵਾਦਾਰਾਂ ਅਤੇ ਕੈਲਗਰੀ ਦੀ ਵੱਡੀ ਸੰਗਤ ਨੇ ਹਾਜ਼ਰੀ ਲਗਾਈ।
ਸਿੱਖ ਮੋਟਰਸਾਈਕਲ ਰਾਈਡਰਜ਼ ਕਲੱਬ ਦੀ ਸੇਵਾ ਟੀਮ ਨੇ ਪਿਛਲੇ ਦਿਨਾਂ ਦੌਰਾਨ ਚਲਾਈ ਗਈ ਫੰਡਰੇਜ਼ਿੰਗ ਮੁਹਿੰਮ ਰਾਹੀਂ ਇਹ ਵੱਡੀ ਰਕਮ ਇਕੱਠੀ ਕੀਤੀ। ਕਲੱਬ ਨੇ ਕਿਹਾ ਕਿ ਇਹ ਯੋਗਦਾਨ ਕੇਵਲ ਇੱਕ ਦਾਨ ਨਹੀਂ, ਸਗੋਂ ਕੈਲਗਰੀ ਦੀ ਸੰਗਤ ਵੱਲੋਂ ਪੰਜਾਬ ਨਾਲ ਜਜ਼ਬਾਤੀ ਜੁੜਾਅ, ਸਹਾਨਭੂਤੀ, ਤੇ ਮਾਣਵਤਾ ਦੇ ਫਰਜ਼ ਦੀ ਅਸਲ ਮਿਸਾਲ ਹੈ।
ਕਮੇਟੀ ਵੱਲੋਂ ਸਾਰੀ ਸੰਗਤ ਅਤੇ ਦਾਨੀ ਪਰਿਵਾਰਾਂ ਦਾ ਖ਼ਾਸ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬਿਨਾਂ ਕਿਸੇ ਹਿਚਕ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣਾ ਕੀਮਤੀ ਸਹਿਯੋਗ ਦਿੱਤਾ। ਸਮਾਗਮ ਦੌਰਾਨ ਸੰਗਤ ਵਿੱਚ ਭਾਵੁਕ ਦ੍ਰਿਸ਼ ਵੀ ਵੇਖਣ ਨੂੰ ਮਿਲੇ ਅਤੇ “ਸਰਬੱਤ ਦਾ ਭਲਾ” ਦੀ ਪ੍ਰਕਾਸ਼ਮਾਨ ਭਾਵਨਾ ਸਾਫ਼ ਝਲਕੀ।
ਇਹ ਰਾਹਤ ਰਕਮ ਹੜ੍ਹ ਨਾਲ ਪ੍ਰਭਾਵਿਤ ਹੋਏ ਪੰਜਾਬ ਦੇ ਸੈਂਕੜਿਆਂ ਪਰਿਵਾਰਾਂ ਲਈ ਆਸ ਦੀ ਕਿਰਨ ਸਾਬਤ ਹੋਵੇਗੀ।
