ਫਗਵਾੜਾ- ਉਘੇ ਐਨ ਆਰ ਆਈ ਤੇ ਤੇਜਾ ਫੂਡ ਕੈਨੇਡਾ ਦੇ ਪ੍ਰੈਜੀਡੈਂਟ ਸ ਤਰਸੇਮ ਸਿੰਘ ਬੈਂਸ ਤੇ ਸ੍ਰੀਮਤੀ ਰਾਜਵਿੰਦਰ ਕੌਰ ਰਾਜੇ ਵਲੋਂ ਆਪਣੇ ਸਵਰਗੀ ਪਿਤਾ ਸ ਤਾਰਾ ਸਿੰਘ ਬੈਂਸ ਦੀ ਯਾਦ ਵਿਚ ਪਿੰਡ ਕੁਲਥਮ ਵਿਖੇ ਚਲਾਏ ਜਾ ਰਹੇ ਗੁਰੂ ਨਾਨਕ ਆਦਰਸ਼ ਸਕੂਲ ਦਾ ਸ਼ਾਨਦਰ ਸਾਲਾਨਾ ਸਮਾਗਮ ਕਰਵਾਇਆ ਗਿਆ। ਗਰੀਬ ਅਤੇ ਲੋੜਵੰਦ ਬੱਚਿਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰਨ ਵਾਲੇ ਇਸ ਸਕੂਲ ਦੇ ਸਮਾਗਮ ਦੌਰਾਨ ਰਾਊਂਡ ਗਲਾਸ ਫਾਊਂਡੇਸ਼ਨ ਦੇ ਬਾਨੀ ਗੁਰਪ੍ਰੀਤ ਸੰਨੀ ਸਿੰਘ ਦੇ ਪਿਤਾ ਸਾਬਕਾ ਉਲੰਪੀਅਨ ਸ ਸਰਪਾਲ ਸਿੰਘ, ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਸ ਅਮਰੀਕ ਸਿੰਘ ਪਵਾਰ,ਅਰਵਿੰਦਰ ਸਿੰਘ ਬੀ ਐਸ ਐਫ,ਬੀਰੀ ਸਿੰਘ, ਟੋਨੀ ਸਿੰਘ, ਇੰਗਲੈਂਡ ਤੋਂ ਕੇਵਲ ਸਿੰਘ ਹੇਅਰ ਜੱਜ, ਪ੍ਰਮਿੰਦਰ ਕੌਰ ਸੰਧੂ, ਟੋਰਾਂਟੋ ਤੋਂ ਦਵਿੰਦਰ ਸਿੰਘ ਬਨਵੈਤ ਤੇ ਹੋਰ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ । ਸਕੂਲ ਦੀ ਪ੍ਰਿੰਸੀਪਲ ਸੁਰਜੀਤ ਕੌਰ ਅਤੇ ਸਟਾਫ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਬੱਚਿਆਂ ਵਲੋਂ ਗਿੱਧੇ, ਭੰਗੜੇ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਬੁਲਾਰਿਆਂ ਨੇ ਬੈਂਸ ਪਰਿਵਾਰ ਵਲੋਂ ਗਰੀਬ ਤੇ ਲੋੜਵੰਦ ਬੱਚਿਆਂ ਲਈ ਚਲਾਏ ਜਾ ਰਹੇ ਇਸ ਸਕੂਲ ਅਤੇ ਹੋਰ ਸਮਾਜ ਸੇਵੀ ਕਾਰਜਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਹੋਰਨਾਂ ਲਈ ਇਕ ਪ੍ਰੇਰਨਾ ਸਰੋਤ ਦੱਸਿਆ। ਪ੍ਰੋਗਰਾਮ ਦੌਰਾਨ ਹੋਣਹਾਰ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਸ ਤਰਸੇਮ ਸਿੰਘ ਬੈਂਸ ਨੇ ਆਏ ਮਹਿਮਾਨਾਂ ਤੇ ਸਕੂਲ ਸਟਾਫ ਦਾ ਪ੍ਰੋਗਰਾਮ ਦੀ ਸਫਲਤਾ ਲਈ ਧੰਨਵਾਦ ਕੀਤਾ।




