Mar 7, 2026

ਤਰਨ ਤਾਰਨ, 30 ਨਵੰਬਰ ( ਨਈਅਰ)-: ਤਰਨ ਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਨੂੰ ਤਰਨ ਤਾਰਨ ਅਦਾਲਤ ਦੇ ਦੇਰ ਰਾਤ ਆਏ ਹੁਕਮਾਂ ਮਗਰੋਂ ਸਵੇਰੇ 4.00 ਵਜੇ ਪੰਜਾਬ ਪੁਲਿਸ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ। ਇਸ ਮੌਕੇ ਕੰਚਨਪ੍ਰੀਤ ਦੇ ਵਕੀਲ ਅਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਮਾਣਯੋਗ ਜੱਜ ਨੇ ਦਲੀਲਾਂ ਸੁਣਨ ਉਪਰੰਤ ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਗੈਰ ਕਨੂੰਨੀ ਕਰਾਰ ਦਿੰਦਿਆਂ ਉਸਨੂੰ ਰਿਹਾਅ ਕਰਨ ਦੇ ਨਾਲ ਉਸਦੇ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਵੀ ਰੱਦ ਕਰ ਦਿੱਤਾ।
ਤਰਨ ਤਾਰਨ ਅਦਾਲਤ ਵਿਚ ਰਾਤ 2.00 ਵਜੇ ਤੱਕ ਸੁਣਵਾਈ ਹੋਈ ਜਿਸ ਮਗਰੋਂ ਅਦਾਲਤ ਨੇ ਫੈਸਲਾ ਸੁਣਾਇਆ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਦੇਰ ਸ਼ਾਮ ਕੰਚਨਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਪੁਲਿਸ ਹਿਰਾਸਤ ਵਿਚੋਂ ਮੈਜਿਸਟਰੇਟ ਹਿਰਾਸਤ ਵਿਚ ਤਬਦੀਲ ਕੀਤਾ ਗਿਆ ਸੀ।

ਇਸਤੋਂ ਪਹਿਲਾਂ ਅਕਾਲੀ ਦਲ ਦੇ ਵਰਕਰਾਂ ਵਲੋਂ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਕੰਚਨਪ੍ਰੀਤ ਦੀ ਗ੍ਰਿਫਤਾਰੀ ਦੇ ਵਿਰੋਧ ਵਿਚ ਧਰਨਾ ਦਿੱਤਾ ਗਿਆ। ਕੰਚਨਪ੍ਰੀਤ ਨੇ ਆਪਣੀ ਰਿਹਾਈ ਉਪਰੰਤ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਇਸ ਔਖੀ ਘੜੀ ਉਹਨਾਂ ਦੇ ਨਾਲ ਖੜੇ ਹੋਣ ਲਈ ਧੰਨਵਾਦ ਕੀਤਾ। ਇਸੇ ਦੌਰਾਨ ਸ ਵਲਟੋਹਾ ਨੇ ਕੰਚਨਪ੍ਰੀਤ ਕੌਰ ਨੂੰ ਜਿਲਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਦਲ ਵਲੋ ਉਮੀਦਵਾਰ ਬਣਾਉਣ ਦਾ ਐਲਾਨ ਵੀ ਕੀਤਾ।