Mar 7, 2026

 ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਕ੍ਰਿਸਮਸ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਰੀ ਫਲੀਟਵੁੱਡ ਤੋਂ ਐਮ ਐਲ ਏ ਜਗਰੂਪ ਸਿੰਘ ਬਰਾੜ ਨੇ ਫਲੀਟਵੁੱਡ ਵਿਲਾ ਦਾ ਦੌਰਾ ਕੀਤਾ ਅਤੇ ਉੱਥੇ ਰਹਿੰਦੇ ਸੀਨਿਅਰ ਸਿਟੀਜ਼ਨ ਨਾਲ ਸਮਾਂ ਬਿਤਾਇਆ।
ਮੁਲਾਕਾਤ ਦੌਰਾਨ ਬਜ਼ੁਰਗਾਂ ਨੇ ਆਪਣੀਆਂ ਜੀਵਨ ਕਹਾਣੀਆਂ, ਤਜਰਬੇ ਅਤੇ ਪਿਆਰ ਭਰੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੇ ਮਾਹੌਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਉਨ੍ਹਾਂ ਦੇ ਹਾਸੇ ਅਤੇ ਗਰਮਜੋਸ਼ੀ ਨੇ ਸਭ ਦੇ ਦਿਲ ਨੂੰ ਛੂਹ ਲਿਆ।
ਐਮ ਐਲ ਏ ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਤਿਉਹਾਰਾਂ ਦੇ ਮੌਕੇ ’ਤੇ ਬਜ਼ੁਰਗਾਂ ਨਾਲ ਮਿਲਣਾ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਦਿੰਦਾ ਹੈ। ਉਨ੍ਹਾਂ ਨੇ ਨਿਵਾਸੀਆਂ ਅਤੇ ਸਟਾਫ਼ ਦੁਆਰਾ ਮਿਲੇ ਸਨਮਾਨ ਤੇ ਗਰਮਜੋਸ਼ੀ ਦਾ ਧੰਨਵਾਦ ਵੀ ਕੀਤਾ।
ਫਲੀਟਵੁੱਡ ਵਿਲਾ ਦੇ ਸਟਾਫ਼ ਵੱਲੋਂ ਵੀ ਹਰ ਵਾਰ ਦੀ ਤਰ੍ਹਾਂ ਖ਼ਾਸ ਸਵਾਗਤ ਕੀਤਾ ਗਿਆ। ਅੰਤ ਵਿੱਚ ਸਭ ਲਈ ਸ਼ਾਂਤੀ, ਸੁਖ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਗਈ।