Mar 7, 2026

ਪ੍ਰੀਮੀਅਰ ਸਮਿਥ ਖਿਲਾਫ ਵੀ ਪਟੀਸ਼ਨ ਦੇ ਸਵੀਕਾਰ ਹੋਣ ਦਾ ਦਾਅਵਾ-

ਐਡਮਿੰਟਨ ( ਦੀਪਤੀ)–ਭਾਵੇਂਕਿ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਯੂਸੀਪੀ ਦੀ ਮਜਬੂਤ ਆਗੂ ਵਜੋਂ ਸੂਬੇ ਦੀ ਅਗਵਾਈ ਕਰ ਰਹੇ ਹਨ ਪਰ ਇਸ ਦੌਰਾਨ ਅਲਬਰਟਾ ਵਿਧਾਨ ਸਭਾ ਦੇ ਲਗਭਗ ਇੱਕ ਚੌਥਾਈ ਵਿਧਾਇਕਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਲਈ ਨਾਗਰਿਕਾਂ ਦੀ ਅਗਵਾਈ ਵਾਲੀ ਰੀਕਾਲ ਪਟੀਸ਼ਨ ਮੁਹਿੰਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਕਮੇਟੀ ਨੂੰ ਦੱਸਿਆ ਕਿ ਉਸਨੂੰ 87-ਸੀਟਾਂ ਵਾਲੀ ਵਿਧਾਨ ਸਭਾ ਵਿੱਚ 21 ਵਿਧਾਇਕਾਂ ਖਿਲਾਫ ਰੀਕਾਲ ਪਟੀਸ਼ਨਾਂ ਦੇ ਨਿਪਟਾਰੇ ਲਈ ਲਗਪਗ 7 ਮਿਲੀਅਨ ਡਾਲਰ ਦੀ ਲੋੜ ਹੈ। ਸੂਬੇ ਵਿਚ ਇੰਨੇ ਵੱਡੇ ਪੱਧਰ ਤੇ ਵਿਧਾਇਕਾਂ ਖਿਲਾਫ ਰੀਕਾਲ ਪਟੀਸ਼ਨ ਦਾ ਇਹ ਇਕ ਆਪਣਾ ਰਿਕਾਰਡ ਹੈ।  ਇਹਨਾਂ ਪਟੀਸ਼ਨਾਂ ਵਿਚ ਇੱਕ ਨੂੰ ਛੱਡ ਕੇ ਸਾਰੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੂਨਾਈਟਿਡ ਕੰਸਰਵੇਟਿਵ ਕਾਕਸ ਦੇ ਮੈਂਬਰ ਹਨ। ਇਸ ਸੂਚੀ ਵਿਚ  ਵਾਪਸੀ ਦਾ ਸਾਹਮਣਾ ਕਰਨ ਵਾਲੀ ਇਕ ਪਟੀਸ਼ਨ ਵਿਚ  ਵਿਰੋਧੀ ਧਿਰ ਐਨ ਡੀ ਪੀ ਦੀ ਪ੍ਰਤੀਨਿਧ ਅਮਾਂਡਾ  ਚੈਪਮੈਨ ਦਾ ਨਾਮ ਸ਼ਾਮਿਲ ਹੈ।
ਬਰੂਕਸ-ਮੈਡੀਸਨ ਹੈਟ ਤੋਂ ਇੱਕ ਪਟੀਸ਼ਨਰ ਦਾ ਕਹਿਣਾ ਹੈ ਕਿ ਇਲੈਕਸ਼ਨਜ਼ ਅਲਬਰਟਾ ਨੇ ਉਨ੍ਹਾਂ ਨੂੰ ਇੱਕ ਪੱਤਰ ਰਾਹੀਂ ਪ੍ਰੀਮੀਅਰ ਸਮਿੱਥ ਵਿਰੁੱਧ ਉਸਦੀ ਰੀਕਾਲ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਪ੍ਰੀਮੀਅਰ ਸਮਿਥ ਅਤੇ ਉਨ੍ਹਾਂ ਦੀ ਕਾਕਸ ਦਾ ਕਹਿਣਾ ਹੈ  ਕਿ ਰੀਕਾਲ ਪਟੀਸ਼ਨ ਪ੍ਰਕਿਰਿਆ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਲੋਕਾਂ ਦੁਆਰਾ ਹਥਿਆਰ ਬਣਾਇਆ ਜਾ ਰਿਹਾ ਹੈ । ਐਨਡੀਪੀ ਨੇਤਾ ਨਾਹੀਦ ਨੇਨਸ਼ੀ ਨੇ ਸਰਕਾਰ ਦੇ ਜਵਾਬ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਹੀ ਹਲਕੇ ਦੇ ਲੋਕਾਂ ਦੀ ਬੇਇਜਤੀ ਕਰ ਰਹੇ ਹਨ, ਇਹ ਸਵੀਕਾਰ ਕਰਨ ਦੀ ਬਜਾਏ ਕਿ ਕੁਝ ਅਲਬਰਟਾ ਵਾਸੀ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ।

ਰੀਕਾਲ (ਵਾਪਸੀ ਪ੍ਰਕਿਰਿਆ)  ਦੇ ਤਹਿਤ, ਪਟੀਸ਼ਨਕਰਤਾਵਾਂ ਕੋਲ 2023 ਦੀਆਂ ਚੋਣਾਂ ਵਿੱਚ ਹਲਕੇ ਵਿੱਚ ਪਾਈਆਂ ਗਈਆਂ ਕੁੱਲ ਵੋਟਾਂ ਦੇ 60 ਪ੍ਰਤੀਸ਼ਤ ਦੇ ਬਰਾਬਰ ਦਸਤਖਤ ਇਕੱਠੇ ਕਰਨ ਲਈ ਤਿੰਨ ਮਹੀਨੇ ਹਨ। ਅਗਰ ਉਹ ਦਸਤਖਤ ਇਕੱਠੇ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਸਬੰਧਿਤ ਪ੍ਰਤੀਨਿਧ ਦੇ ਹਲਕੇ ਵਿਚ ਉਪ ਚੋਣ ਕਰਵਾਈ ਜਾ ਸਕਦੀ ਹੈ।